ਅਸ਼ੋਕ ਵਰਮਾ
ਮਾਨਸਾ, 20 ਅਪ੍ਰੈਲ 2020: ਸਿੱਖਿਆ ਸਕੱਤਰ ਪੰਜਾਬ ਕਿਸ਼ਨ ਕੁਮਾਰ ਨੇ ਅੱਜ ਮਾਨਸਾ ਜ਼ਿਲੇ ਦੀਆਂ ਉਨਾਂ ਹੋਣਹਾਰ ਵਿਦਿਆਰਥਣਾਂ ਦੀ ਹੌਸਲਾ ਅਫਜਾਈ ਕੀਤੀ ਜੋ ਪਿੰਡਾਂ ਦੇ ਵਿੱਚ ਆਪਣੇ ਹੱਥੀਂ ਮਾਸਕ ਤਿਆਰ ਕਰਕੇ ਵੰਡ ਰਹੀਆਂ ਹਨ। ਸਿੱਖਿਆ ਸਕੱਤਰ ਨੇ ਮਾਪਿਆਂ ਨੂੰ ਵੀ ਵਧਾਈ ਦਿੱਤੀ ਕਿ ਉਨਾਂ ਦੀਆਂ ਧੀਆਂ ਵੱਲੋਂ ਇਸ ਸੰਕਟ ਦੌਰਾਨ ਮਾਨਵਤਾ ਭਲਾਈ ਲਈ ਵੱਡਾ ਕਾਰਜ ਕੀਤਾ ਜਾ ਰਿਹਾ ਹੈ।
ਅੱਜ ਸਿੱਖਿਆ ਸਕੱਤਰ ਨੇ ਇੰਨਾਂ ਲੜਕੀਆਂ ਨੂੰ ਫੋਨ ਕੀਤੇ ਅਤੇ ਸਾਬਾਸ਼ ਵੀ ਦਿੱਤੀ। ਸਰਕਾਰੀ ਸੈਕੰਡਰੀ ਸਮਾਰਟ ਸਕੂਲ ਕੁਲਰੀਆਂ ਦੀ ਵਿਦਿਆਰਥਣ ਰੇਨੂ ਕੌਰ ਪੁਤਰੀ ਜੋਗਿੰਦਰ ਸਿੰਘ , ਸਰਕਾਰੀ ਸੈਕੰਡਰੀ ਗਰਲਜ਼ ਸਕੂਲ ਮਾਨਸਾ ਦੀ ਜੈਸਮੀਨ ਅਤੇ ਹੋਰ ਵਿਦਿਆਰਥਣਾਂ ਅਤੇ ਉਨਾਂ ਦੇ ਮਾਪਿਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਇਨਾਂ ਲੜਕੀਆਂ ਦੀ ਪੜਾਈ ਲਈ ਹਰ ਸਹਿਯੋਗ ਦੇਵੇਗਾ।
ਸਿੱਖਿਆ ਵਿਭਾਗ ਦੇ ਮੀਡੀਆ ਸਕੱਤਰ ਹਰਦੀਪ ਸਿੱਧੂ ਨਾਲ ਉਨਾ ਗੱਲਬਾਤ ਕੀਤੀ ਤੇ ਐਨ ਐਸ ਐਸ ਯੂਨਿਟਾਂ ਨਾਲ ਜੁੜੀਆਂ ਇਹਨਾਂ ਵਿਦਿਆਰਥਣਾਂ ਨੂੰ ਵਿਭਾਗ ਵੱਲੋ ਵਿਸ਼ੇਸ਼ ਸਨਮਾਨ ਪੱਤਰ ਦੇਣ ਦੀ ਗੱਲ ਵੀ ਆਖੀ। ਉਨਾਂ ਆਖਿਆ ਕਿ ਸਿੱਖਿਆ ਵਿਭਾਗ ਵਿਚ ਚਲ ਰਹੀਆਂ ਯੂਨਿਟਾਂ ਦੀ ਕਾਰਗੁਜ਼ਾਰੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾਵੇਗਾ ਤਾਂ ਕਿ ਹਰ ਵਿਦਿਆਰਥੀ ਇਨਾਂ ਬੱਚੀਆਂ ਵਾਂਗ ਕੌਮੀ ਸੇਵਾ ਯੋਜਨਾ ਦੇ ਅਸਲ ਮਾਟੋ ਨੂੰ ਸਮਝ ਸਕੇ। ਉਨਾਂ ਐਨ ਐਸ ਐਸ ਯੂਨਿਟਾਂ ਦੇ ਪ੍ਰੋਗਰਾਮ ਅਫਸਰਾਂ ਨੂੰ ਵੀ ਵਧਾਈ ਦਿੱਤੀ ਕਿ ਜਿੰਨਾਂ ਦੀ ਸਹੀ ਨਿਰਦੇਸ਼ਨਾਂ ਨਾਲ ਇਹ ਵਿਦਿਆਰਥਣਾਂ ਮਾਨਵਤਾ ਦੀ ਭਲਾਈ ਲਈ ਜੁਟੀਆਂ ਹੋਈਆਂ ਹਨ।
ਜ਼ਿਕਰਯੋਗ ਹੈ ਕਿ ਜ਼ਿਲੇ ਦੇ ਲਗਭਗ ਇਕ ਦਰਜ਼ਨ ਦੇ ਕਰੀਬ ਸਰਕਾਰੀ ਸਕੂਲਾਂ ਨਾਲ ਸਬੰਧਤ ਐਨ ਐਨ ਐਸ ਵਿਦਿਆਰਥਣਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਪਣੇ ਘਰਾਂ ਵਿੱਚ ਅਪਣੇ ਹੱਥੀਂ ਮਾਸਕ ਬਣਾਕੇ ਪਿੰਡਾਂ ਅਤੇ ਪ੍ਰਸ਼ਾਸਨ ਤੱਕ ਪਹੁੰਚਾ ਰਹੀਆਂ ਹਨ। ਇਹ ਵਿਦਿਆਰਥਣਾਂ ਜ਼ਿਲੇ ਦੇ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਫੱਤਾ ਮਾਲੋਕਾ, ਸਰਕਾਰੀ ਕੰਨਿਆ ਸੈਕੰਡਰੀ ਸਕੂਲ ਮਾਨਸਾ, ਭੀਖੀ, ਬੀਰ ਹੋਡਲਾ ਕਲਾਂ, ਮੂਸਾ,ਆਲਮਪੁਰ ਮੰਦਰਾਂ, ਸ਼ਹੀਦ ਜਗਸੀਰ ਸਿੰਘ ਸੈਕੰਡਰੀ ਸਮਾਰਟ ਸਕੂਲ ਬੋਹਾ, ਬਰੇਟਾ, ਕੁਲਰੀਆਂ ਦੀਆਂ ਐਨ ਐਸ ਐਸ ਵਲੰਟੀਅਰਾਂ ਹਨ ।
ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਮਾਨਸਾ ਸੁਰਜੀਤ ਸਿੰਘ, ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਰਘਵੀਰ ਸਿੰਘ ਮਾਨ , ਨਹਿਰੂ ਯੁਵਾ ਕੇਂਦਰ ਦੇ ਸੀਨੀਅਰ ਲੇਖਾਕਾਰ ਸੰਦੀਪ ਘੰਡ ,ਉਪ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਜਗਰੂਪ ਭਾਰਤੀ, ਉਪ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਗੁਰਲਾਭ ਸਿੰਘ, ਜਿਲਾ ਗਾਈਡੈਂਸ ਤੇ ਕੌਸਲਰ ਨਰਿੰਦਰ ਮੋਹਲ ਅਤੇ ਮੀਡੀਆ ਕੋਆਰਡੀਨੇਟਰ ਰਾਜੇਸ਼ ਬੁਢਲਾਡਾ ਦਾ ਕਹਿਣਾ ਸੀ ਕਿ ਉਨਾਂ ਨੂੰ ਮਾਣ ਹੈ ਕਿ ਐਨ ਐਸ ਐਸ ਵਲੰਟੀਅਰਾਂ ਵਜੋਂ ਕੰਮ ਕਰ ਰਹੀਆਂ ਲੜਕੀਆਂ ਦੀ ਕਾਰਗੁਜ਼ਾਰੀ ਤੇ ਉਨਾਂ ਨੂੰ ਮਾਣ ਹੈ।