ਅਸ਼ੋਕ ਵਰਮਾ
ਬਠਿੰਡਾ,19 ਅਪਰੈਲ 2020 - ਚੰਡੀਗੜ੍ਹ ਪੁਲਿਸ ਦੇ ਇੱਕ ਥਾਣੇਦਾਰ ਵੱਲੋਂ ਆਪਣੀ ਡਿਊਟੀ ਤੇ ਜਾ ਰਹੇ ਸੀਨੀਅਰ ਪੱਤਰਕਾਰ ਦਵਿੰਦਰ ਪਾਲ ਨੂੰ ਜਬਰੀ ਅਗਵਾ ਕਰਨ ਅਤੇ ਥਾਣੇ ’ਚ ਅਪਣਾਏ ਅਪਰਾਧੀਆਂ ਵਰਗੇ ਵਤੀਰੇ ਦੀ ਤਿੱਖੇ ਸ਼ਬਦਾਂ ’ਚ ਨਿਖੇਧੀ ਕਰਦਿਆਂ ਵੱਖ ਵੱਖ ਜਨਤਕ ਧਿਰਾਂ ਨੇ ਇਸ ਨੂੰ ਪ੍ਰੈਸ ਦੀ ਅਜਾਦੀ ਤੇ ਹਮਲਾ ਅਤੇ ਜਮਹੂਰੀ ਹੱਕਾਂ ਤੇ ਡਾਕਾ ਦੱਸਿਆ ਹੈ । ਇਨ੍ਹਾਂ ਜਨਤਕ ਧਿਰਾਂ ਨੇ ਸਪਸ਼ਟ ਕੀਤਾ ਹੈ ਕਿ ਲੋਕ ਪੱਖੀ ਪੱਤਰਕਾਰ ਅਕਸਰ ਪੁਲਿਸ ਦੀਆਂ ਅੱਖਾਂ ’ਚ ਰੜਕਦੇ ਹਨ ਤੇ ਇਸ ਸੰਕਟ ਦੌਰਾਨ ਵੀ ਇਸ ਥਾਣੇਦਾਰ ਨੇ ਆਪਣੀ ਸੌੜੀ ਸੋਚ ਦਾ ਮੁਜ਼ਾਹਰਾ ਕੀਤਾ ਹੈ। ਜਨਤਕ ਆਗੂਆਂ ਨੇ ਥਾਣੇਦਾਰ ਨੂੰ ਫੌਰੀ ਤੌਰ 'ਤੇ ਬਰਖਾਸਤ ਕਰਨ ਦੀ ਮੰਗ ਕੀਤੀ ਹੈ।
ਭਾਰਤੀ ਕਿਸਾਨ ਯੂਨੀਅਨ ( ਉਗਰਾਹਾਂ) ਨੇ ਪੱਤਰਕਾਰ ਦਵਿੰਦਰਪਾਲ ਸਿੰਘ ਦੀ ਚੰਡੀਗੜ ਪੁਲਿਸ ਦੇ ਥਾਣੇਦਾਰ ਜਸਵੀਰ ਸਿੰਘ ਵੱਲੋਂ ਬਿਨਾਂ ਵਜ੍ਹਾ ਕੀਤੀ ਗਈ ਖਿੱਚਧੂਹ, ਗਾਲੀ ਗਲੋਚ ਵਾਲੀ ਬੇਇੱਜਤੀ ਦੀ ਸਖਤ ਨਿਖੇਧੀ ਕਰਦਿਆਂ ਇਸ ਲਈ ਜਿੰਮੇਵਾਰ ਥਾਣੇਦਾਰ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ । ਜੱਥੇਬੰਦੀ ਦੇ ਸੂਬਾ ਜਰਨਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਹੈ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਪੱਤਰਕਾਰ ਭਾਈਚਾਰੇ ਵੱਲੋਂ ਦਿੱਤੇ ਜਾਣ ਵਾਲੇ ਜਥੇਬੰਦਕ ਜੁਆਬ ਦੀ ਜਥੇਬੰਦੀ ਵੱਲੋਂ ਹਮਾਇਤ ਕੀਤੀ ਜਾਵੇਗੀ। ਉਹਨਾਂ ਦੋਸ਼ ਲਾਇਆ ਕਿ ਇੱਕ ਮੰਨੇ ਪ੍ਰਮੰਨੇ ਪੱਤਰਕਾਰ ਵਿਰੁੱਧ ਇਸ ਕਿਸਮ ਦੀ ਅਨੁਸ਼ਾਸਨਹੀਣ ਧੱਕੇਸਾਹੀ ਇਸ ਗੱਲ ਦਾ ਸਬੂਤ ਹੈ ਕਿ ਕੇਂਦਰੀ ਅਤੇ ਪੰਜਾਬ ਸਰਕਾਰ ਨੇ ਦੇਸ਼ ਦੇ ਕਿਰਤੀ ਲੋਕਾਂ ਉੱਤੇ ਰਾਜਸੱਤਾ ਦੀ ਤਾਨਾਸ਼ਾਹ ਦੱਬਸ਼ ਪਾਉਣ ਖਾਤਰ ਪੁਲਿਸ ਨੂੰ ਕਿਸ ਕਦਰ ਖੁੱਲ੍ਹ ਦਿੱਤੀ ਹੋਈ ਹੈ।
ਜਮਹੂਰੀ ਅਧਿਕਾਰ ਸਭਾ ਦੇ ਪ੍ਰੈਸ ਸਕੱਤਰ ਡਾ.ਅਜੀਤਪਾਲ ਸਿੰਘ ਨੇ ਕਿਹਾ ਕਿ ਪੁਲਿਸ ਦੇ ਪੱਤਰਕਾਰ ਖਿਲਾਫ ਅਪਣਾਏ ਵਤੀਰੇ ਨੇ ਐਮਰਜੈਂਸੀ ਦੇ ਦਿਨਾਂ ਦੀ ਯਾਦ ਤਾਜਾ ਕਰਵਾ ਦਿੱਤੀ ਹੈ । ਉਨਾਂ ਆਖਿਆ ਕਿ ਕੇਂਦਰ ਸ਼ਾਸ਼ਤ ਪ੍ਰਦੇਸ਼ ਹੋਣ ਦੇ ਨਾਤੇ ਇਹ ਸਿੱਧੀ ਮੋਦੀ ਸਰਕਾਰ ਦੀ ਜਿੰਮੇਵਾਰੀ ਹੈ ਕਿਉਂਕਿ ਭਾਜਪਾ ਦੇ ਸਭ ਆਗੂ ਸਾਫ ਸੁਥਰਾ ਪ੍ਰਸ਼ਾਸ਼ਨ ਦੇ ਦਾਅਵੇ ਕਰਦੇ ਰਹੇ ਸਨ ਪਰ ਉਨਾਂ ਦੇ ਅਧੀਨ ਪੁਲਿਸ ਨੇ ਪੱਤਰਕਾਰ ਨੂੰ ਨਿਸ਼ਾਨਾ ਬਣਾਇਆ ਹੈ ਜਿਸ ਨੇ ਭਾਜਪਾਈ ਦਾਅਵਿਆਂ ਦੀ ਪੋਲ ਖੋਹਲ ਕੇ ਰੱਖ ਦਿੱਤੀ ਹੈ । ਉਨਾਂ ਆਖਿਆ ਕਿ ਇਸ ਸੰਕਟ ਦੌਰਾਨ ਵੀ ਪੁਲਿਸ ਘਟੀਆ ਹਰਕਤਾਂ ਤੇ ਉੱਤਰ ਆਈ ਹੈ ਜਿਸ ਦੀ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ।
ਪੰਜਾਬ ਖੇਤ ਮਜਦੂਰ ਯੂਨੀਅਨ ਦੇ ਜਰਨਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਆਖਿਆ ਕਿ ਇਸ ਕਾਰਵਾਈ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੁਲਿਸ ਨੇ ਸੰਵਿਧਾਨ ਤਹਿਤ ਮਿਲੇ ਹੱਕਾਂ ਨੂੰ ਕੁਚਲਣ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਨਾਂ ਦੋਸ਼ ਲਾਇਆ ਕਿ ਅਮਨ ਕਾਨੂੰਨ ਨੂੰ ਕਾਇਮ ਰੱਖਣ ਵਾਲੀ ਪੁਲਿਸ ਦੇ ਅਫਸਰ ਵੀ ਇਸ ਅਨੁਸ਼ਾਸ਼ਿਤ ਫੋਰਸ ਨੂੰ ਆਪਣੇ ਨਿੱਜੀ ਦਸਤਿਆਂ ਦੀ ਤਰਾਂ ਇਸਤੇਮਾਲ ਕਰਨ ਲੱਗ ਪਏ ਹਨ। ਇਸ ਦਾ ਸਿੱਟਾ ਲੋਕਾਂ ਨਾਲ ਦੁਸ਼ਮਣਾਂ ਵਰਗਾ ਵਿਹਾਰ ਕਰਨ ਦੇ ਰੂਪ ’ਚ ਨਿਕਲ ਰਿਹਾ ਹੈ ਜਿਸ ਦੀ ਉੱਘੜਵੀਂ ਮਿਸਾਲ ਪੱਤਰਕਾਰ ਦਵਿੰਦਰ ਪਾਲ ਨੂੰ ਚੁੱਕ ਲਿਜਾਣ ਤੋਂ ਮਿਲਦੀ ਹੈ।
ਦਿਹਾਤੀ ਮਜਦੂਰ ਸਭਾ ਦੇ ਆਗੂ ਕਾਮਰੇਡ ਮਾਹੀਪਾਲ ਦਾ ਕਹਿਣਾ ਸੀ ਕਿ ਪੁਲਿਸ ਦੇ ਥਾਣੇਦਾਰ ਵੱਲੋਂ ਪੱਤਰਕਾਰ ਨਾਲ ਕੀਤੀ ਗਈ ਖਿੱਚ ਧੂਹ ਸਾਬਤ ਕਰਦੀ ਹੈ ਕਿ ਕਰੋਨਾ ਵਾਇਰਸ ਦੇ ਬਹਾਨੇ ਹੁਣ ਜੰਗਲ ਰਾਜ ਹੋ ਗਿਆ ਹੈ। ਉਨਾਂ ਕਿਹਾ ਕਿ ਜੇਕਰ ਸਰਕਾਰ ਨੇ ਸਬੰਧਤ ਪੁਲਿਸ ਅਫਸਰ ਖਿਲਾਫ ਕਾਰਵਾਈ ਨਾਂ ਕੀਤੀ ਤਾਂ ਉਹ ਪੱਤਰਕਾਰਾਂ ਵੱਲੋਂ ਵਿੱਢੇ ਜਾਣ ਵਾਲੇ ਸੰਘਰਸ਼ ’ਚ ਸਾਥ ਦੇਣਗੇ। ਉਨਾਂ ਪੁਲਿਸ ਕਾਰਵਾਈ ਦੀ ਨਿਖੇਧੀ ਕਰਦਿਆਂ ਸੰਘਰਸ਼ੀ ਲੋਕਾਂ ਨੂੰ ਸਰਕਾਰ ਦੇ ਜਾਬਰ ਹੱਲਿਆਂ ਨੂੰ ਠੱਲਣ ਲਈ ਇਕੱਠੇ ਹੋਕੇ ਲੜਾਈ ਲੜਨ ਦਾ ਸੱਦਾ ਦਿੱਤਾ।
ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਆਖਿਆ ਕਿ ਸੀਨੀਅਰ ਪੱਤਰਕਾਰ ਦਵਿੰਦਰਪਾਲ ਨਾਲ ਵਰਤਾਏ ਵਰਤਾਰੇ ਤੋਂ ਜਾਪਦਾ ਹੈ ਕਿ ਪੁਲਿਸ ਨੂੰ ਕਰਫਿਊ ਤੇ ਲੌਕਡਾਊਨ ਬਹਾਨੇ ਆਮ ਆਦਮੀ ਨਾਲ ਬਦਸਲੂਕੀ ਅਤੇ ਧੱਕੇਸ਼ਾਹੀ ਕਰਨ ਦੀ ਖੁੱਲੀ ਛੋਟ ਦਿੱਤੀ ਹੋਈ ਹੈ । ਸੀਨੀਅਰ ਪੱਤਰਕਾਰ ਨੂੰ ਡਿਊਟੀ ਜਾਣ ਮੌਕੇ ਜਬਰੀ ਚੁੱਕ ਕੇ ਥਾਣੇ ਲਿਜਾਣ ਦੀ ਨਿਖੇਧੀ ਕਰਦਿਆਂ ਕਿਸਾਨ ਆਗੂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਦੇ ਹਾਥੀ ਦੀ ਤਰਾਂ ਖਾਣ ਅਤੇ ਦਿਖਾਉਣ ਦੇ ਦੰਦ ਵੱਖੋ ਵੱਖਰੇ ਹਨ । ਉਨਾਂ ਕਿਹਾ ਕਿ ਇੱਕ ਮੰਨੇ ਪ੍ਰਮੰਨੇ ਪੱਤਰਕਾਰ ਵਿਰੁੱਧ ਇਹ ਅਨੁਸ਼ਾਸਨਹੀਣ ਧੱਕੇਸਾਹੀ ਇਸ ਗੱਲ ਦਾ ਸਬੂਤ ਹੈ ਕਿ ਕਰੋਨਾ ਬਹਾਨੇ ਆਮ ਲੋਕਾਂ ਨਾਲ ਪੁਲਿਸ ਦਾ ਸਲੂਕ ਕਿੰਨਾ ਨਿਰਦਈ ਹੈ।