ਅਸ਼ੋਕ ਵਰਮਾ
ਬਠਿੰਡਾ, 18 ਅਪ੍ਰੈਲ 2020 - ਸੀਪੀਆਈ ਐੱਮ ਐਲ ਲਿਬਰੇਸ਼ਨ ਜ਼ਿਲ੍ਹਾ ਸਕੱਤਰੇਤ ਕਾਮਰੇਡ ਹਰਵਿੰਦਰ ਸਿੰਘ ਸੇਮਾਂ, ਇਨਕਲਾਬੀ ਨੌਜਵਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਰਾਜਿੰਦਰ ਸਿੰਘ ਸੀਵੀਆ, ਮਜਦੂਰ ਮੁਕਤੀ ਮੋਰਚਾ ਦੇ ਜਿਲਾ ਪ੍ਰਧਾਨ ਕਾਮਰੇਡ ਪਿ੍ਰਤਪਾਲ ਰਾਮਪੁਰਾ ਅਤੇ ਸੀਪੀਆਈ ਐੱਮ ਐਲ ਲਿਬਰੇਸ਼ਨ ਮਾਲਵਾ ਜੋਨ ਕਮੇਟੀ ਮੈਂਬਰ ਤੇ ਪੰਜਾਬ ਕਿਸਾਨ ਯੂਨੀਅਨ ਜ਼ਿਲ੍ਹਾ ਪ੍ਰੈੱਸ ਸਕੱਤਰ ਕਾਮਰੇਡ ਗੁਰਤੇਜ ਮਹਿਰਾਜ ਨੇ ਆਖਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਕੋਲੋਂ ਕਿਸਾਨਾਂ ਦੀ ਕਣਕ ਖਰੀਦਣ ਦੇ ਸੁਚਾਰੂ ਪ੍ਰਬੰਧ ਲਈ ਬੋਨਸ , ਗਰੀਬਾਂ ਦੀਆਂ ਭਲਾਈ ਸਕੀਮਾਂ ਤੋ ਹੋਰ ਸਹੂਲਤਾਂ ਲਈ ਵਾਰ ਵਾਰ ਪੈਕੇਜ ਮੰਗਣ ਸਬੰਧੀ ਮੋਦੀ ਸਰਕਾਰ ਵੱਲੋਂ ਧਾਰਨ ਕੀਤੇ ਨਾਂਹ ਪੱਖੀ ਵਤੀਰੇ ਦੀ ਵਜਾਹਤ ਕਰਕੇ ਮਨਪ੍ਰੀਤ ਬਾਦਲ ਨੂੰ ਨੈਤਿਕ ਤੌਰ ‘ਤੇ ਖਜਾਨਾ ਮੰਤਰੀ ਬਣੇ ਰਹਿਣ ਦਾ ਕੋਈ ਹੱਕ ਨਹੀ ਹੈ। ਕਾਮਰੇਡ ਗੁਰਤੇਜ ਮਹਿਰਾਜ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਜੇ ਉਹ ਸੱਚੀ ਮੁੱਚੀ ਆਪਣੇ ਸਟੈਂਡ ਤੇ ਪੰਜਾਬ ਦੇ ਲੋਕ ਹਿਤਾਂ ਪ੍ਰਤੀ ਸੁਹਿਰਦ ਹਨ ਤਾਂ ਉਨਾਂ ਨੂੰ ਤੁਰੰਤ ਆਪਣੇ ਖਜਾਨਾ ਮੰਤਰੀ ਨੂੰ ਅਹੁਦੇ ਤੋਂ ਬਰਖਾਸਤ ਕਰਨਾ ਚਾਹੀਦਾ ਹੈ ਕਿਉਂਕਿ ਉਸਨੂੰ ਪੰਜਾਬ ਦੇ ਲੋਕਾਂ ਨਾਲੋਂ ਕੇਂਦਰ ਦੇ ਹਿੱਤ ਜਿਆਦਾ ਪਿਆਰੇ ਹਨ।
ਅੱਜ ਇੱਥੇ ਜਾਰੀ ਕੀਤੇ ਬਿਆਨ ਵਿੱਚ ਕਾਮਰੇਡ ਗੁਰਤੇਜ ਮਹਿਰਾਜ ਨੇ ਕਿਹਾ ਹੈ ਕਿ ਮੁਲਕ ਦੇ ਮੌਜੂਦਾ ਆਰਥਕ ਸਿਆਸੀ ਪ੍ਰਬੰਧ ਅੰਦਰ ਕੇਂਦਰ ਸਰਕਾਰ ਨੇ ਜੀ.ਐਸ.ਟੀ. ਲਾਗੂ ਕਰਕੇ ਟੈਕਸਾਂ ਦੇ ਲੱਗਭਗ ਸਾਰੇ ਸਰੋਤਾਂ ਨੂੰ ਆਪਣੇ ਅਧੀਨ ਲਿਆ ਹੋਇਆ ਹੈ ਜਦੋਂਕਿ ਰਾਜਾਂ ਦੀ ਹਾਲਤ ਮਿਊਂਸਪਲ ਕਮੇਟੀਆਂ ਵਰਗੀ ਬਣੀ ਹੋਈ ਹੈ। ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਖ ਵੱਖ ਕਾਰਜਾਂ ਲਈ ਮੋਦੀ ਸਰਕਾਰ ਤੋਂ ਸਹਾਇਤਾ ਦੀ ਹੱਕੀ ਮੰਗ ਕਰਦੇ ਆ ਰਹੇ ਹਨ ਪਰਖਜਾਨਾ ਮੰਤਰੀ ਨੇ ਪਹਿਲਾਂ ਵੀ ਕਦੇ ਖੁੱਲਕੇ ਆਪਣੀ ਸਰਕਾਰ ਦੀ ਨੀਤੀ ਦੀ ਪੈਰਵਾਈ ਨਹੀ ਕੀਤੀ ਸਗੋਂ ਹੁਣ ਕੈਰੋਨਾ ਸੰਕਟ ਦੀ ਆੜ ਵਿੱਚ ਪੰਜਾਬ ਸਰਕਾਰ ਦੀ ਇਸ ਪਹੁੰਚ ਦੇ ਵਿਰੋਧ ਵਿੱਚ ਖੜੋਕੇ ਆਪਣੀ ਪੰਜਾਬ ਵਿਰੋਧੀ ਸੋਚ ਦਾ ਮੁਜਾਹਰਾ ਕਰ ਦਿੱਤਾ ਹੈ।
ਗੁਰਤੇਜ ਮਹਿਰਾਜ ਨੇ ਅੱਗੇ ਕਿਹਾ ਕਿ ਹੁਣ ਜਦੋਂ ਪੰਜਾਬ ਕੈਰੋਨਾ ਮਹਾਂਮਾਰੀ ਦੇ ਸੰਕਟ ਕਾਰਨ ਪਹਿਲਾਂ ਨਾਲੋਂ ਵੀ ਵਧੇਰੇ ਆਰਥਕ ਸੰਕਟ ਵਿੱਚ ਫਸਿਆ ਹੋਇਆ ਹੈ ਤਾਂ ਮਨਪ੍ਰੀਤ ਬਾਦਲ ਨੇ ਕੇਂਦਰ ਸਰਕਾਰ ਕੋਲੋਂ ਕੋਈ ਵੀ ਆਰਥਕ ਸਹਾਇਤਾ ਮੰਗਣ ਤੋਂ ਨਾਂ ਸਿਰਫ ਨਾਂਹ ਕਰ ਦਿੱਤੀ ਹੈ ਸਗੋਂ ਅਜਿਹਾ ਸੋਚਣਾ ਵੀ “ ਹਿੰਦੋਸਤਾਨ” ਨਾਲ ਗਦਾਰੀ ਕਰਨ ਦੇ ਤੁੱਲ ਕਰਾਰ ਦੇ ਦਿੱਤਾ ਹੈ। ਉਨਾਂ ਕਿਹਾ ਕਿ ਪੰਜਾਬ ਸ ਦੇ ਹਿੱਸੇ ਦਾ ਬਕਾਇਆ ਮੰਗਣ ਲਈ ਮੁੱਖ ਮੰਤਰੀ ਵੱਲੋਂ ਵਾਰ ਵਾਰ ਜੋਰ ਦੇਣ ਦੇ ਉਲਟ ਵਿੱਤ ਮੰਤਰੀ ਨੇ ਕਿਹਾ ਹੈ ਕਿ ਸਾਨੂੰ ‘ਵਿਚਾਰੀ ਦਿੱਲੀ ’ ਤੋਂ ਭਵਿੱਖ ਵਿੱਚ ਵੀ ਕਿਸੇ ਪੈਕੇਜ ਦੀ ਕੋਈ ਆਸ ਹੀ ਨਹੀ ਹੈ। ਉਨਾਂ ਕਿਹਾ ਕਿ ਜੀ ਐਸ ਟੀ ਦਾ ਬਕਾਇਆ ਲੈਣ ਨੂੰ ਵੀ ਸਰਸਰੀ ਲਹਿਜੇ ਵਿੱਚ ਕਿਹਾ ਹੈ ਕਿ ਜੇ ਉਹ ਸਾਡਾ ਬਕਾਇਆ ਦੇ ਦੇਣ ਤਾਂ ਪੰਜਾਬ ਆਪਣੇ ਸਾਰੇ ਮਸਲੇ ਅਰਾਮ ਨਾਲ ਆਪ ਹੀ ਹੱਲ ਕਰ ਲਵੇਗਾ, ਨਹੀ ਤਾਂ ਕੋਈ ਰੋਸਾ ਵੀ ਨਹੀ ਹੈ।
ਚੇਤੇ ਰਹੇ ਕਿ ਮੁਲਕ ਦੇ ਟੈਕਸ ਪਰਬੰਧ ਅੰਦਰਲੇ ਰਾਜਾਂ ਦੇ ਹੱਕ ਨੂੰ ਕੇਂਦਰ ਸਰਕਾਰ ਵੱਲੋਂ ਆਪਣੇ ਮੁਕੰਮਲ ਕੰਟਰੋਲ ਹੇਠ ਲੈਣ ਲਈ ਵਸਤਾਂ ਦੀ ਸਰਵਿਸ ਤੇ ਟੈਕਸ ਜੀ.ਐਸ.ਟੀ. ਪ੍ਰਣਾਲੀ ਦੀ ਸਭ ਤੋਂ ਵੱਧ ਵਕਾਲਤ ਮਨਪ੍ਰੀਤ ਬਾਦਲ ਨੇ ਹੀ ਕੀਤੀ ਸੀ ਜਦੋਂ ਕਿ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਇਹ ਰਾਜਾਂ ਨੂੰ ਮੰਗਤੇ ਬਣਾਕੇ ਰੱਖ ਦੇਵੇਗੀ। ਪੰਜਾਬ ਦੇ ਲੋਕਾਂ ਨੂੰ ਮਨਪ੍ਰੀਤ ਬਾਦਲ ਹਮੇਸ਼ਾ ਤੋਂ ਹੀ ਜਜਬਾਤੀ ਲਫਾਜੀ ਆਸਰੇ ਲੋਕਾਂ ਸਿਰ ਭਾਰ ਮੜਨ ਦੀ ਸੋਚ ਨੂੰ ਯਾਦ ਕਰਵਾਉਂਦਿਆਂ ਆਗੂਆਂ ਨੇ ਕਿਹਾ ਹੈ ਕਿ ਬਾਦਲ ਸਰਕਾਰ ਤੋਂ ਲੈਕੇ ਹੁਣ ਤੱਕ ਵਿੱਤ ਮੰਤਰੀ ਹਮੇਸ਼ਾ ਹੀ ਹਰ ਆਰਥਕ ਸੰਕਟ ਮੌਕੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਰਿਆਇਤਾਂ ਤੇ ਸਹੂਲਤਾਂ ਦਾ ਵਿਰੋਧ ਕਰਦੇ ਲੋਕਾਂ ਨੂੰ ਇਕ ਡੰਗ ਦੀ ਰੋਟੀ ਖਾਣ ਦਾ ਮਸ਼ਵਰਾ ਦਿੰਦੇ ਆ ਰਹੇ ਹਨ ਜਦੋਂਕਿ ਸਰਕਾਰੀ ਖਜਾਨੇ ਵਿੱਚ ਟੈਕਸ ਇਕੱਠੇ ਹੋਣ ’ਚ ਅੜਿੱਕਾ ਬਣਦੀਆਂ ਚੋਰ ਮੋਰੀਆਂ ਨੂੰ ਬੰਦ ਕਰਨ ਲਈ ਕਦੇ ਵੀ ਕੋਈ ਕਾਰਵਾਈ ਨਈਂ ਕੀਤੀ ਹੈ। ਉਨਾਂ ਆਖਿਆ ਕਿ ਪੋਸਟਾਂ ਖਾਲੀਂ ਰੱਖਣ, ਡੀ.ਏ ਦੱਬਣ, ਤਨਖਾਹਾਂ ਜਾਮ ਕਰਨ, ਕੱਚੇ, ਦਿਹਾੜੀਦਾਰ ਤੇ ਠੇਕੇ ‘ਤੇ ਕੰਮ ਕਰਦੇ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਉੱਪਰ ਵਿੱਤ ਮੰਤਰੀ ਨੇ ਕਦੇ ਕੰਨ ਹੀ ਨਹੀ ਧਰਿਆ। ਆਗੂਆਂ ਨੇ ਮੁੱਖ ਮੰੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਖਜਾਨਾ ਮੰਤਰੀ ਨੂੰ ਬਰਖਾਸਤ ਕਰਨ ਦੀ ਮੰਗ ਕਰਦਿਆਂ ਸਿਆਸੀ ਪਾਰਟੀਆਂ , ਮੁਲਾਜਮ ਯੂਨੀਅਨਾਂ ,ਮਜਦੂਰ ਕਿਸਾਨ ਤੇ ਹੋਰ ਜਨਤਕ ਜਥੇਬੰਦੀਆਂ ਨੂੰ ਵੀ ਇਸ ਮੁੱਦੇ ਸੰਬੰਧੀ ਅਵਾਜ ਬੁਲੰਦ ਕਰਨ ਦੀ ਅਪੀਲ ਕੀਤੀ ਹੈ।