ਅਸ਼ੋਕ ਵਰਮਾ
ਬਠਿੰਡਾ, 12 ਅਪਰੈਲ 2020 - ਬੀਤੇ ਤਿੰਨ ਹਫਤਿਆਂ ਤੋਂ ਪੂਰਾ ਦੇਸ਼ ਲੌਕਡਿਊਨ ਕਾਰਨ ਪੂਰੀ ਤਰਾਂ ਬੰਦ ਹੈ। ਰੋਜ਼ ਕਮਾ ਕੇ ਖਾਣ ਵਾਲਿਆਂ ਦੀਆਂ ਜੇਬਾਂ ਹੁਣ ਪੂਰੀ ਤਰਾਂ ਖਾਲੀ ਹੋ ਚੁੱਕੀਆਂ ਹਨ। ਲੌਕਡਿਊਨ ਨੇ ਸਾਡੇ ਪੂਰੇ ਜੀਵਨ ਨੂੰ ਹੀ ਰੋਕ ਦਿੱਤਾ ਹੈ। ਬੁਹਗਿਣਤੀ ਲੋਕ ਅਪਣੇ ਜੀਵਨ ਦੀਆਂ ਸਧਾਰਨ ਲੋੜਾਂ ਪੂਰੀਆਂ ਕਰਨ ਤੋਂ ਅਸਮਰੱਥ ਹਨ। ਦਿਨ-ਬ-ਦਿਨ ਉਨਾਂ ਨੂੰ ਅਪਣੇ ਪਰਿਵਾਰਾਂ ਦਾ ਢਿੱਡ ਭਰਨਾ ਮੁਸਕਿਲ ਹੁੰਦਾ ਜਾ ਰਿਹਾ ਹੈ।
ਲਿਬਰੇਸ਼ਨ ਆਗੂ ਗੁਰਤੇਜ ਮਹਿਰਾਜ ਨੇ ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਆਮ ਲੋਕਾਂ ਕੋਲ ਜੋ ਕੁਝ ਵੀ ਪਹਿਲਾਂ ਤੋਂ ਜਮਾਂ ਸੀ, ਖਰਚ ਹੋ ਚੁੱਕਾ ਹੈ ਅਤੇ ਰਸੋਈ ਵਿੱਚ ਪੀਪੇ ਡੱਬੇ ਖਾਲੀ ਨੇ, ਇੰਨਾਂ ਵਿੱਚ ਰਿਜਕ ਕਿਥੋਂ ਆਵੇਗਾ ਇਹ ਵੱਡਾ ਸਵਾਲ ਬਣਿਆ ਹੋਇਆ ਹੈ। ਉਨਾਂ ਆਖਿਆ ਕਿ ਵੱਡੀ ਗਿਣਤੀ ਲੋੜਵੰਦ ਤੇ ਗਰੀਬ ਪ੍ਰੀਵਾਰਾਂ ਦੇ ਬੱਚੇ ਭੁੱਖ ਨਾਲ ਵਿਲਕ ਰਹੇ ਹਨ, ਉਨਾਂ ਨੂੰ ਕਿਥੋਂ ਖਵਾਵਾਂਗੇ ,ਇਹ ਮਾਪੇ ਪੁੱਛ ਰਹੇ ਹਨ ਉਨਾਂ ਸਪਸ਼ਟ ਕੀਤਾ ਕਿ ਲੌਕਡਾਊਨ ਦੇ ਨਾਂ ‘ਤੇ ਮਿਲ ਰਹੀ ਇਹ ਭੁੱਖ ਸਾਨੂੰ ਮਨਜੂਰ ਨਹੀਂ ਕਿਉਂਕ ਸਾਡੀ ਹੀ ਮਿਹਨਤ ਨਾਲ ਦੇਸ ਦੇ ਅਨਾਜ ਦੇ ਭੰਡਾਰ ਨੱਕੋ ਨੱਕ ਭਰੇ ਹੋਏ ਹਨ, ਜਿੰਨਾਂ ਨੂੰ ਤੁਰੰਤ ਗਰੀਬਾਂ ਵਿੱਚ ਵੰਡਿਆ ਜਾਣਾ ਚਾਹੀਦਾ ਹੈ।
ਗੁਰਤੇਜ ਮਹਿਰਾਜ ਨੇ ਸਰਕਾਰ ਨੂੰ ਕਿਹਾ ਕਿ ਟੈਕਸਾਂ ਅਤੇ ਹੋਰ ਕਰਾਂ ਰਾਹੀਂ ਸਾਥੋਂ ਵਸੂਲਿਆਂ ਸਾਰਾ ਪੈਸਾ ਤੁਹਾਡੇ ਕੋਲ ਜਮਾਂ ਹੈ ਅਤੇ ਰਿਜਰਵ ਬੈਂਕ ਵਿਚੋਂ ਰਾਖਵਾਂ ਰੱਖਿਆ ਪੈਸਾ ਵੀ ਕੱਢਵਾ ਲਿਆ ਹੈ ਇਸ ਲਈ ਇਸ ਪੈਸੇ ਨੂੰ ਪਹਿਲ ਦੇ ਆਧਾਰ ‘ਤੇ ਮਜਦੂਰੀ ਅਤੇ ਜਨਤਾ ਦੇ ਸਰਕਾਰ ਵੱਲ ਖੜੇ ਹੋਰ ਬਕਾਏ ਅਦਾ ਕਰਨ ਲਈ ਖਰਚ ਕੀਤਾ ਜਾਏ।
ਉਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਖਿਆ ਕਿ ਤੁਸੀਂ ਸਾਨੂੰ ਕਿਹਾ ਸੀ ਕਿ ਥਾਲੀਆਂ ਪਲੇਟਾਂ ਅਤੇ ਬਰਤਨ ਖੜਕਾਓ, ਪਰ ਹੁਣ ਇਹ ਸਾਰੇ ਬਰਤਨ ਖਾਲੀ ਪਏ ਹਨ। ਇਸ ਲਈਮੋਦੀ ਜੀ, ਤੁਸੀਂ ਤਾਂ ਅਪਣੇ “ਮਨ ਕੀ ਬਾਤ“ ਕਰ ਲਈ, ਹੁਣ ਸਾਡੇ ਭੁੱਖੇ ਢਿੱਡਾਂ ਵਿਚੋਂ ਆਉਂਦੀਆਂ ਆਵਾਜਾਂ ਧਿਆਨ ਨਾਲ ਸੁਣੋ, ਸਾਨੂੰ ਖਾਣਾ ਦਿਓ, ਮਜਦੂਰੀ ਅਤੇ ਗੁਜਾਰਾ ਭੱਤਾ ਦਿਓ।
ਉਨਾਂ ਆਖਿਆ ਕਿ ਭੁੱਖਾ ਭਾਰਤ ਕੋਵਿਡ -19 ਨਾਲ ਲੜਾਈ ਨਹੀਂ ਲੜ ਸਕਦਾ।ਇਸ ਲਈ ਹਥਿਆਰਾਂ, ਪਾਰਲੀਮੈਂਟ ਤੇ ਆਲੇ-ਦੁਆਲੇ ਦੀ ਸਜਾਵਟ ਅਤੇ ਹੋਰ ਗੈਰ ਜਰੁਰੀ ਖਰਚਿਆਂ ਤੋਂ ਪੈਸਾ ਬਚਾਅ ਕੇ ਲੋਕਾਂ ਨੂੰ ਖਾਣ ਨੂੰ ਦਿਓ, ਤਾਂ ਜੋ ਉਹ ਭੁੱਖ ਨਾਲ ਵੀ ਲੜ ਸਕਣ ਅਤੇ ਕੋਰੋਨਾ ਨਾਲ ਵੀ। ਉਨਾਂ 13 ਅਪ੍ਰੈਲ ਨੂੰ ਨਾਹਰੇ ਲਾ ਕੇ, ਝੰਡੇ ਲਹਿਰਾ ਕੇ ਅਤੇ ਖਾਲੀ ਪੀਪੇ ਖੜਕਾ ਕੇ ਮੋਦੀ ਸਰਕਾਰ ਦੇ ਕੰਨਾਂ ਤੱਕ ਅਪਣੀ ਇਹ ਰੋਸ ਭਰੀ ਆਵਾਜ ਅਤੇ ਮੰਗਾਂ ਪਹੁੰਚਾਉਣ ਤੋਂ ਇਲਾਵਾ ਲੜਾਈ ਲੜਨ ਤੇ ਜਿੱਤਣ ਦਾ ਐਲਾਨ ਕਰਨ ਦਾ ਸੱਦਾ ਵੀ ਦਿੱਤਾ।