← ਪਿਛੇ ਪਰਤੋ
ਚੰਡੀਗੜ੍ਹ 11 ਅਪ੍ਰੈਲ 2020: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਆ ਰਹੀ ਕਣਕ ਦੀ ਫਸਲ ਵਿਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਕੋਰੋਨਾਵਾਇਰਸ ਦੀ ਬੀਮਾਰੀ ਕਰਕੇ ਸੂਬੇ ਅੰਦਰ ਲੱਗੇ ਕਰਫਿਊ ਦੌਰਾਨ ਗਰੀਬਾਂ ਅਤੇ ਲੋੜਵੰਦਾਂ ਲਈ ਚਲਾਈ ਜਾ ਰਹੀ ਲੰਗਰ ਸੇਵਾ ਵਾਸਤੇ ਦਸਵੰਧ ਜਰੂਰ ਕੱਢਣ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਐਸਜੀਪੀਸੀ ਵੱਲੋਂ ਤਾਲਾਬੰਦੀ ਲੱਗਣ ਮਗਰੋਂ ਪੰਜਾਬ ਅੰਦਰ ਫਸੇ ਪਰਵਾਸੀ ਮਜ਼ਦੂਰਾਂ ਸਮੇਤ ਲੱਖਾਂ ਗਰੀਬਾਂ ਅਤੇ ਲੋੜਵੰਦਾਂ ਨੂੰ ਲੰਗਰ ਛਕਾਇਆ ਗਿਆ ਹੈ। ਉਹਨਾਂ ਕਿਹਾ ਕਿ ਇਹ ਸੇਵਾ ਲਗਾਤਾਰ ਜਾਰੀ ਹੈ ਅਤੇ ਕਰਫਿਊ ਵਿਚ 1 ਮਈ ਤਕ ਵਾਧਾ ਹੋਣ ਕਰਕੇ ਇਸ ਲੰਗਰ ਸੇਵਾ ਦਾ ਘੇਰਾ ਹੋਰ ਵਧਣ ਦੀ ਸੰਭਾਵਨਾ ਹੈ। ਇਹਨਾਂ ਨਵੇਂ ਪੈਦਾ ਹੋਏ ਹਾਲਾਤਾਂ ਅਤੇ ਸਾਡੇ ਗੁਰੂ ਸਾਹਿਬਾਨ ਵੱਲੋਂ ਦਿੱਤੀ ਗਰੀਬਾਂ ਅਤੇ ਲੋੜਵਂੰਦਾਂ ਦੀ ਮੱਦਦ ਕਰਨ ਦੀ ਸਿੱਖਿਆ ਨੂੰ ਧਿਆਨ ਵਿਚ ਰੱਖਦਿਆਂ ਮੈਂ ਸਾਰੇ ਕਿਸਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਐਸਜੀਪੀਸੀ ਦੇ ਲੰਗਰ ਵਿਚ ਕਣਕ ਦੀ ਸੇਵਾ ਦਾ ਯੋਗਦਾਨ ਪਾਉਣ ਤਾਂ ਕਿ ਇਸ ਵੱਲੋਂ ਮਨੁੱਖਤਾ ਦੀ ਸੇਵਾ ਨੂੰ ਜਾਰੀ ਰੱਖਿਆ ਜਾ ਸਕੇ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਹਜ਼ਾਰਾਂ ਵਲੰਟੀਅਰਾਂ ਦਾ ਵੀ ਧੰਨਵਾਦ ਕੀਤਾ, ਜਿਹੜੇ ਇਸ ਲੰਗਰ ਸੇਵਾ ਨੂੰ ਚਲਾਉਣ ਵਿਚ ਐਸਜੀਪੀਸੀ ਦੀ ਸਹਾਇਤਾ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਇੰਨਾ ਵੱਡਾ ਮਨੁੱਖੀ ਉਪਰਾਲਾ ਸੰਭਵ ਨਹੀਂ ਸੀ ਹੋਣਾ, ਜੇਕਰ ਇਹਨਾਂਂ ਵਲੰਟੀਅਰਾਂ ਵੱਲੋਂ ਪੀੜਤ ਲੋਕਾਂ ਦਾ ਢਿੱਡ ਭਰਨ ਲਈ ਖੁਦ ਨੂੰ ਜੋਖ਼ਮ ਵਿਚ ਪਾ ਕੇ ਅਜਿਹੀ ਨਿਰਸੁਆਰਥ ਸੇਵਾ ਨਾ ਨਿਭਾਈ ਜਾਂਦੀ। ਉਹਨਾਂ ਨੇ ਸੰਗਤ ਅਤੇ ਅਕਾਲੀ ਵਰਕਰਾਂ ਨੂੰ ਵੀ ਇਸ ਸੇਵਾ ਵਿਚ ਹਰ ਸੰਭਵ ਢੰਗ ਨਾਲ ਯੋਗਦਾਨ ਪਾਉਣ ਲਈ ਅਪੀਲ ਕੀਤੀ ਤਾਂ ਕਿ ਸੂਬੇ ਅੰਦਰ ਕੋਈ ਵੀ ਵਿਅਕਤੀ ਭੁੱਖਾ ਨਾ ਸੌਂਵੇ।
Total Responses : 267