ਅਸ਼ੋਕ ਵਰਮਾ
ਮਾਨਸਾ, 16 ਅਪ੍ਰੈਲ 2020 - ਸਰਕਾਰੀ ਸੈਕੰਡਰੀ ਸਕੂਲ ਕੋਟਸ਼ਮੀਰ ਦੇ ਪ੍ਰਿੰਸੀਪਲ ਸੁਰਜੀਤ ਸਿੰਘ ਸਿੱਧੂ ਨੇ ਮਾਨਸਾ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਵਜੋਂ ਅਹੁਦਾ ਸੰਭਾਲ ਲਿਆ ਹੈ। ਬੁੱਧਵਾਰ ਨੂੰ ਪੰਜਾਬ ਸਰਕਾਰ ਵੱਲੋਂ ਉਨਾਂ ਨੂੰ ਇਸ ਅਹੁਦੇ ਤੇ ਨਿਯੁਕਤ ਕੀਤਾ ਗਿਆ ਸੀ। ਇਸ ਮੌਕੇ ਸਿੱਧੂ ਨੇ ਕਿਹਾ ਕਿ ਉਹ ਜ਼ਿਲ੍ਹੇ 'ਚ ਪੜਾਈ ਦੇ ਮਿਆਰ ਨੂੰ ਹੋਰ ਉੱਚਾ ਚੁੱਕਣਾ ਉਨ੍ਹਾਂ ਦਾ ਤਰਜੀਹੀ ਏਜੰਡਾ ਹੈ ਜਿਸ ਲਈ ਉਹ ਹਰ ਤਰ੍ਹਾਂ ਦੇ ਉਪਰਾਲੇ ਕਰਨਗੇ। ਉਨਾਂ ਆਖਿਆ ਕਿ ਅਧਿਆਪਕਾਂ ਦੇ ਹੱਕੀ ਮਸਲੇ ਵੀ ਨਾਲੋ ਨਾਲ ਨਬੇੜਣਗੇ ਤਾਂ ਕਿ ਉਹ ਪੂਰੀ ਤਨਦੇਹੀ ਨਾਲ ਸਕੂਲਾਂ ਚ ਪੜਾਈ ਕਰਵਾ ਸਕਣ। ਉਨਾਂ ਕਿਹਾ ਕਿ ਵਰਤਮਾਨ ਸਮੇਂ ਦੌਰਾਨ ਕਰੋਨਾ ਬਿਮਾਰੀ ਦੇ ਮੱਦੇਨਜ਼ਰ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਜਾਗਰੂਕ ਕਰਨ ਦੀ ਪਹਿਲਾਂ ਤੋਂ ਹੀ ਚਲ ਰਹੀ ਮੁਹਿੰਮ ਨੂੰ ਉਤਸ਼ਾਹਤ ਕੀਤਾ ਜਾਏਗਾ ਅਤੇ ਬੱਚਿਆਂ ਦੀ ਆਨਲਾਈਨ ਪੜਾਈ ’ਚ ਤੇਜੀ ਲਿਆਂਦੀ ਜਾਏਗੀ।
ਉਨ੍ਹਾਂ ਮਾਨਸਾ ਦੇ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਹਿਲ ਨਾਲ ਮੀਟਿੰਗ ਕੀਤੀ ਅਤੇ ਭਰੋਸਾ ਦਿਵਾਇਆ ਕਿ ਕੋਰੋਨਾ ਦੀ ਇਸ ਔਖੀ ਘੜੀ ਦੇ ਸਮੇਂ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਵਿਭਾਗ ਵੱਲੋ ਹਰ ਤਰਾਂ ਦਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਜਗਰੂਪ ਭਾਰਤੀ, ਉਪ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਗੁਰਲਾਭ ਸਿੰਘ, ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ, ਜ਼ਿਲ੍ਹਾ ਗਾਈਡੈਂਸ ਤੇ ਕੌਸਲਰ ਨਰਿੰਦਰ ਸਿੰਘ ਮੋਹਲ ਨੇ ਉਨਾਂ ਦਾ ਸਵਾਗਤ ਕਰਦਿਆਂ ਆਸ ਪ੍ਰਗਟਾਈ ਕਿ ਉਨਾਂ ਦੇ ਆਉਣ ਨਾਲ ਜ਼ਿਲ੍ਹੇ ਚ ਸਿੱਖਿਆ ਸਰਗਰਮੀਆਂ ਹੋਰ ਪ੍ਰਭੁੱਲਤ ਹੋਣਗੀਆਂ, ਉਨਾਂ ਸਿੱਖਿਆ ਅਧਿਕਾਰੀ ਨੂੰ ਵੀ ਭਰੋਸਾ ਦਿਵਾਇਆ ਕਿ ਵਿਭਾਗ ਦੇ ਸਮੂਹ ਅਧਿਕਾਰੀ ਅਤੇ ਕਰਮਚਾਰੀ ਹਰ ਸਹਿਯੋਗ ਦੇਣਗੇ। ਅੱਜ ਇਸ ਮੌਕੇ ਸੁਪਰਡੈਂਟ ਪਵਨ ਕੁਮਾਰ, ਜੂਨੀਅਰ ਸਹਾਇਕ ਰਾਜਿੰਦਰਪਾਲ ਸਿੰਘ, ਸਮੱਗਰਾ ਕੋਆਰਡੀਨੇਟਰ ਹਰੀਸ਼ ਕੁਮਾਰ,ਪਰਮਜੀਤ ਕੌਰ ਪੀ ਟੀ ਈ ਜਵਾਹਰਕੇ , ਸਰਜੀਵਨ ਸਿੰਘ ਡੀ ਪੀ ਈ ਅਤੇ ਗੁਰਦੀਪ ਸਿੰਘ ਡੀ ਪੀ ਈ ਹਾਜ਼ਰ ਸਨ।
ਜਿਲ੍ਹਾ ਸਿੱਖਿਆ ਅਫਸਰ ਦਾ ਹੁਣ ਤੱਕ ਦਾ ਸਫਰ...
ਸੁਰਜੀਤ ਸਿੰਘ ਪਹਿਲਾਂ ਬਤੌਰ ਲੈਕਚਰਾਰ ਇਕਨੋਮਿਕਸ ਸਰਕਾਰੀ ਸੈਕੰਡਰੀ ਸਕੂਲ ਸਰਦੂਲਗੜ ਵਿਖੇ ਸੇਵਾਵਾਂ ਨਿਭਾ ਚੁੱਕੇ ਹਨ।ਸਰਕਾਰੀ ਸੈਕੰਡਰੀ ਸਕੂਲ ਕੋਟ ਸ਼ਮੀਰ ਵਿਖੇ ਪਿਛਲੇ ਲਗਭਗ 10 ਸਾਲਾਂ ਤੋ ਸੇਵਾਵਾਂ ਨਿਭਾ ਰਹੇ ਸਨ। ਉਨਾਂ ਨੇ ਇਸੇ ਸਕੂਲ ਚ ਬਤੌਰ ਲੈਕਚਰਾਰ ਜੁਆਇਨ ਕੀਤਾ ਅਤੇ ਇਸ ਸਕੂਲ ਦੀ ਬੇਹਤਰੀ ਲਈ ਲਗਭਗ 50 ਲੱਖ ਦੇ ਕਰੀਬ ਖਰਚ ਕੀਤੇ ਅਤੇ ਪੜਾਈ ਅਤੇ ਦਿਖ ਪੱਖੋ ਪੰਜਾਬ ਦੇ ਬੇਹਤਰ ਸਕੂਲਾਂ ਦੀ ਕਤਾਰ ਵਿੱਚ ਲਿਆਂਦਾ । ਉਨਾਂ ਨੇ ਆਪਣਾ ਸਿੱਖਿਆ ਵਿਭਾਗ ਦਾ ਸਫਰ ਲਗਭਗ 1991ਮਾਨਸਾ ਜਿਲੇ ਤੋ ਸ਼ੂਰੂ ਕੀਤਾ ਅਤੇ ਅੱਜ ਉਸੇ ਜ਼ਿਲੇ ਜ਼ਿਲਾ ਸਿੱਖਿਆ ਅਧਿਕਾਰੀ ਬਣੇ ਹਨ। ਸੰਉਨਾ ਸਰਕਾਰੀ ਸੈਕੰਡਰੀ ਸਕੂਲ ਮਹਿਰਾਜ ਅਤੇ ਭਾਗੀਬਾਂਦਰ ਵਿਖੇ ਵੀ ਸੇਵਾਵਾਂ ਨਿਭਾਈਆਂ ਜਦੋਂਕਿ 1987,88 ’ਚ ਗੁਰੂ ਨਾਨਕ ਪਬਲਿਕ ਸਕੂਲ ਬਠਿੰਡਾ ਵਿਖੇ ਵੀ ਹਿਸਾਬ ਦੇ ਅਧਿਆਪਕ ਵਜੋ ਤਾਇਨਾਤ ਰਹੇ ਜਿੱਥੇ ਉਨਾਂ ਨੂੰ ਸਿਰਫ 500 ਰੁਪਏ ਮਿਲਦੇ ਸਨ,ਪਰ ਉਨਾਂ ਨੇ ਪੜਾਉਣ ’ਚ ਕਸਰ ਬਾਕੀ ਨਹੀਂ ਰੱਖੀ ਸੀ। ਉਨਾਂ ਅਹੁਦਾ ਸੰਭਾਲਣ ਉਪਰੰਤ ਆਪਣੇ ਸਰਦੂਲਗੜ ਦੇ ਪਹਿਲੇ ਵਿਦਿਆਰਥੀ ਡਾ ਬਿਕਰਮਜੀਤ ਸਿੰਘ ਸਾਧੂਵਾਲਾ ਨਾਲ ਫੋਨ ਤੇ ਗੱਲਬਾਤ ਕੀਤੀ ਅਤੇ ਯਾਦਾਂ ਤਾਜ਼ੀਆ ਕੀਤੀਆਂ।