ਦਵਾਈ ਸਪਲਾਈ ਕਰਨ ਵਾਲਿਆਂ ਤੇ ਟਰਾਂਸਪੋਰਟਰਾਂ ਵਿਚਕਾਰ ਮਸਲਿਆਂ ਦਾ ਕੀਤਾ ਹੱਲ
ਐਸ ਏ ਐਸ ਨਗਰ, 7 ਅਪ੍ਰੈਲ 2020: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਰੰਭੇ ਪ੍ਰਭਾਵੀ ਕਦਮਾਂ ਦੇ ਮੱਦੇਨਜ਼ਰ ਕੈਰੀਅਰਿੰਗ ਐਂਡ ਫਾਰਵਰਡ ਐਸੋਸੀਏਸ਼ਨ, ਜ਼ੀਰਕਪੁਰ ਅਤੇ ਟਰਾਂਸਪੋਰਟਰਾਂ ਦਰਮਿਆਨ ਹੋਈ ਮੀਟਿੰਗ ਤੋਂ ਬਾਅਦ ਜ਼ੀਰਕਪੁਰ ਤੋਂ ਸਮੁੱਚੇ ਪੰਜਾਬ ਨੂੰ ਦਵਾਈਆਂ ਦੀ ਸਪਲਾਈ ਨਾਲ ਜੁੜੇ ਮੁੱਦਿਆਂ ਦਾ ਹੱਲ ਕੀਤਾ ਗਿਆ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਮੀਟਿੰਗ ਵਿੱਚ ਦੋਵਾਂ ਧਿਰਾਂ ਨੇ ਆਪਣੇ ਮਸਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਕੈਰੀਇੰਗ ਐਂਡ ਫਾਰਵਰਡ ਐਸੋਸੀਏਸ਼ਨ ਦੇ ਪ੍ਰਧਾਨ ਅਮਿਤ ਜੈਨ ਨੇ ਕਿਹਾ ਕਿ ਉਹ ਸੰਨ ਫਾਰਮਾ, ਕੈਡੀਲਾ ਫਾਰਮਾ, ਡਾ. ਰੈਡੀਜ਼, ਗਲੇਕਸੋ ਅਤੇ ਹੋਰ ਬਹੁਤ ਸਾਰੀਆਂ ਪ੍ਰਮੁੱਖ ਫਾਰਮਾ ਕੰਪਨੀਆਂ ਦੇ ਲਗਭਗ 150 ਤੋਂ ਵੱਧ ਗੋਦਾਮਾਂ (ਜ਼ੀਰਕਪੁਰ ਤੋਂ) ਨੂੰ ਚਲਾਉਂਦੇ ਹਨ। ਉਹ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨੂੰ ਦਵਾਈਆਂ ਸਪਲਾਈ ਕਰਦੇ ਹਨ। ਪਰ, ਉਹ ਆਵਾਜਾਈ ਸੰਬੰਧੀ ਮੁੱਦਿਆਂ ਦਾ ਸਾਹਮਣਾ ਕਰ ਰਹੇ ਹਨ।
ਦੂਜੇ ਪਾਸੇ ਟਰਾਂਸਪੋਰਟਰਾਂ ਨੇ ਕਿਹਾ ਕਿ ਕਰਫਿਊ ਕਾਰਨ ਉਨ੍ਹਾਂ ਨੂੰ ਟਰਾਂਸਪੋਰਟ ਵਾਹਨਾਂ ਦੀ ਆਵਾਜਾਈ ਨਾਲ ਜੁੜੀਆਂ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਮਸਲਾ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਅਤੇ ਉਨ੍ਹਾਂ ਦੇ ਨਿਰਦੇਸ਼ਾਂ ’ਤੇ ਖੇਤਰੀ ਆਵਾਜਾਈ ਅਥਾਰਟੀ ਸ੍ਰੀ ਸੁਖਵਿੰਦਰ ਕੁਮਾਰ ਵੱਲੋਂ ਵਾਹਨ ਪਾਸ ਜਾਰੀ ਕੀਤੇ ਗਏ।