ਮਨਪ੍ਰੀਤ ਸਿੰਘ ਜੱਸੀ
ਰਾਮ ਤੀਰਥ, 23 ਅਪ੍ਰੈਲ 2020 - ਕੇ ਨਾਈਟ ਡਿਟੈਕਟਿਵ ਐਂਡ ਸਕਿਊਰਟੀਜ ਪ੍ਰਾਈਵੇਟ ਲਿਮਿਟਡ ਵਿਚ ਪਿਛਲੇ ਕੁਝ ਸਮੇਂ ਤੋਂ ਏ. ਟੀ. ਐਮ. ਗੱਡੀ ਦੇ ਡਰਾਈਵਰ ਵਜੋਂ ਸੇਵਾਵਾਂ ਨਿਭਾਅ ਰਹੇ ਪਿੰਡ ਵਡਾਲਾ ਭਿੱਟੇਵੱਡ ਦੇ ਨੌਜਵਾਨ ਜਸਪਾਲ ਸਿੰਘ ਪੁੱਤਰ ਜਗਤਾਰ ਸਿੰਘ ਨੂੰ ਕੰਪਨੀ ਵਲੋਂ ਇਸ ਕਰਕੇ ਕੱਢ ਦਿੱਤਾ ਕਿ ਉਸਨੇ ਵਟਸਐਪ 'ਤੇ ਆਈ ਇਕ ਵੀਡੀਓ ਨੂੰ ਆਪਣੀ ਕੰਪਨੀ ਦੇ ਗਰੁੱਪ ਵਿਚ ਸ਼ੇਅਰ ਕਿਉਂ ਕੀਤਾ ਹੈ। ਉਸ ਵੀਡੀਓ ਵਿਚ ਕਿਸੇ ਕੰਪਨੀ ਦੇ ਕਾਮੇ ਵਲੋਂ ਕੋਰੋਨਾ ਵਾਇਰਸ ਦੇ ਚੱਲਦੇ ਹੋਏ ਡਿਊਟੀਆਂ ਨਿਭਾਅ ਰਹੇ ਵਰਕਰਾਂ ਵਾਸਤੇ ਸੈਨੀਟਾਈਜਰ ਅਤੇ ਮਾਸਕਾਂ ਦੀ ਮੰਗ ਕੀਤੀ ਸੀ।
ਜਸਪਾਲ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਰੀਬ ਸਾਢੇ 3 ਸਾਲ ਤੋਂ ਵੱਖ-ਵੱਖ ਕੰਪਨੀਆਂ ਵਿਚ ਡਰਾਈਵਰ ਵਜੋਂ ਸਰਵਿਸ ਕਰ ਰਿਹਾ ਹੈ ਅਤੇ ਬੀਤੀ 16 ਮਾਰਚ 2020 ਨੂੰ ਉਹ ਕੇ ਨਾਈਟ ਕੰਪਨੀ ਵਿਚ ਭਰਤੀ ਹੋਇਆ ਸੀ। 15 ਅਪ੍ਰੈਲ ਨੂੰ ਇਕ ਵੀਡੀਓ ਨੂੰ ਉਸਨੇ ਅੱਗੇ ਸ਼ੇਅਰ ਕਰ ਦਿੱਤਾ ਤਾਂ ਕੰਪਨੀ ਨੇ ਉਸ ਨੂੰ ਨੌਕਰੀ ਤੋਂ ਜੁਆਬ ਦੇ ਦਿੱਤਾ ਅਤੇ ਉਸਦੀ ਬਣਦੀ 9000 ਰੁਪਏ ਤਨਖ਼ਾਹ ਵੀ ਨਹੀਂ ਦਿੱਤੀ ਗਈ। ਉਸਦੀ ਮੰਗ ਹੈ ਕਿ ਉਸਨੂੰ ਦੁਬਾਰਾ ਬਹਾਲ ਕੀਤਾ ਜਾਵੇ ਅਤੇ ਬਣਦੀ ਤਨਖ਼ਾਹ ਦਿੱਤੀ ਜਾਵੇ। ਕੰਪਨੀ ਦੇ ਡਾਇਰੈਕਟਰ ਕਰਨਲ ਜੀ. ਪੀ. ਐਸ. ਵਿਰਕ ਨੇ ਕਿਹਾ ਕਿ ਇਸਨੇ ਕੰਪਨੀ ਦਾ ਅਨੁਸ਼ਾਸਨ ਭੰਗ ਕੀਤਾ ਹੈ, ਇਸ ਨੇ ਕਹਿਣ ਦੇ ਬਾਵਜੂਦ ਵੀ ਉਸ ਵੀਡੀਓ ਨੂੰ ਡਿਲੀਟ ਨਹੀਂ ਕੀਤਾ। ਜਿਸ ਕਰਕੇ ਉਸਨੂੰ ਛੁੱਟੀ ਦੇ ਦਿੱਤੀ ਗਈ ਹੈ।