ਹਰਜਿੰਦਰ ਸਿੰਘ ਬਸਿਆਲਾ
- ਨਿਊਜ਼ੀਲੈਂਡ ਸੁਪਰਮਾਰਕੀਟਾਂ ਅੰਦਰ ਸਾਮਾਨ ਨਾ ਮਿਲਣ 'ਤੇ ਕਈ ਗਾਹਕ ਬਕਦੇ ਨੇ ਗਾਲਾਂ, ਨਸਲੀ ਟਿਪਣੀਆਂ ਤੇ ਹਿੰਸਾ
ਔਕਲੈਂਡ, 31 ਮਾਰਚ 2020 - ਨਿਊਜ਼ੀਲੈਂਡ ਸਰਕਾਰ ਨੇ ਉਨ੍ਹਾਂ ਲੋਕਾਂ ਨੂੰ ਤਾਂ ਕਈ-ਕਈ ਹਫਤਿਆਂ ਦੀ ਤਨਖਾਹ ਦਿੱਤੀ ਜਿਹੜੇ ਬਿਜਨਸ ਲਾਕ ਡਾਊਨ ਕਰਕੇ ਬੰਦ ਹੋਏ ਹਨ ਪਰ ਜਿਹੜੇ ਮੁੱਢਲੀਆਂ ਜਰੂਰਤਾਂ ਵਾਲੇ (ਸੁਪਰਮਾਰਕੀਟਸ) ਖੁੱਲ੍ਹੇ ਹਨ ਉਨ੍ਹਾਂ ਦੇ ਸਟਾਫ ਲਈ ਬਹੁਤ ਕੁਝ ਨਹੀਂ ਕੀਤਾ ਗਿਆ। ਇਸ ਤੋਂ ਉਲਟ ਉਨ੍ਹਾਂ ਨੂੰ ਨੌਕਰੀ ਦੇ ਨਾਲ-ਨਾਲ ਜ਼ਲੀਲ ਵੀ ਹੋਣਾ ਪੈ ਰਿਹਾ ਹੈ ਕਿਉਂਕਿ ਬਹੁਤ ਸਾਰੀਆਂ ਸੁਪਰਮਾਰਕੀਟਾਂ ਦੇ ਵਿਚ ਖਾਣ-ਪੀਣ ਵਾਲੀਆਂ ਵਸਤਾਂ ਨਾਲੋ-ਨਾਲ ਖਤਮ ਹੋ ਰਹੀਆਂ ਜਿਸ ਕਰਕੇ ਕਈ ਇਸ ਤੋਂ ਵਾਂਝੇ ਹੋ ਜਾਂਦੇ ਹਨ। ਜਿੱਥੇ ਚੰਗੇ ਲੋਕ ਹੁੰਦੇ ਹਨ ਉਥੇ ਮੰਦੇ ਵੀ ਕੁਝ ਪ੍ਰਤੀਸ਼ਤ ਹੁੰਦੇ ਹਨ। ਹੁਣ ਸੁਪਰਮਾਰਕੀਟਾਂ ਦੇ ਫਰੰਟ ਲਾਈਨ ਸਟਾਫ ਨੂੰ ਕਈ ਲੋਕ ਗਾਲਾਂ ਬਕ ਜਾਂਦੇ ਹਨ, ਨਸਲੀ ਟਿੱਪਣੀਆਂ ਕਰ ਜਾਂਦੇ ਹਨ ਅਤੇ ਹਿੰਸਾ ਕਰਨ ਤੱਕ ਜਾਂਦੇ ਹਨ।
ਬਹੁਤ ਸਾਰਾ ਮਹਿਲਾ ਸਟਾਫ ਇਨ੍ਹਾਂ ਗਾਲਾਂ ਤੋਂ ਤੰਗ ਆ ਕੇ ਕਈ ਵਾਰ ਰੋਣ ਲਗਦਾ ਹੈ ਅਤੇ ਜ਼ਲਾਲਤ ਮਹਿਸੂਸ ਕਰਦਾ ਹੈ। ਕਈ ਜੋੜੇ ਦੋਵੇਂ ਨੌਕਰੀ ਕਰ ਰਹੇ ਹਨ ਅਤੇ ਬੱਚਿਆਂ ਦੀ ਦੇਖਭਾਲ ਵਾਸਤੇ ਵੀ ਹੁਣ ਪਹਿਲਾਂ ਜਿੰਨਾ ਸਮਾਂ ਨਹੀਂ ਮਿਲ ਰਿਹਾ। ਨਿੱਜੀ ਜੀਵਨ ਦੇ ਵਿਚ ਰੋਜ਼ਮਰਾ ਦੀਆਂ ਘਟਨਾਵਾਂ ਨੇ ਖੁਸ਼ੀਆਂ ਨੂੰ ਖੋਰਾ ਲਾਉਣਾ ਸ਼ੁਰੂ ਕਰ ਦਿੱਤਾ ਹੈ। ਸੋ ਸੌਖੇ ਨਹੀਂ ਬਣਦੇ ਕਈ ਵਾਰ ਰੋਣਾ ਵੀ ਪੈ ਜਾਂਦਾ ਹੈ ਅਤੇ ਨੌਕਰੀ ਵੀ ਕਰਨੀ ਪੈਂਦੀ ਹੈ।
ਘਰਾਂ ਦੀ ਸੈਟਲਮੈਂਟ ਵੀ ਰੁਕੀ
ਕੋਰੋਨਾ ਲਾਕਡਾਊਨ ਦੇ ਚਲਦਿਆਂ ਲਾਅ ਸੁਸਾਇਟੀ ਨੇ ਸਲਾਹ ਦਿੱਤੀ ਹੈ ਕਿ ਖਰੀਦਦਾਰ ਅਤੇ ਵੇਚਣ ਵਾਲੇ ਆਪਸੀ ਸਹਿਮਤੀ ਦੇ ਨਾਲ ਨਵੀਂ ਤਰੀਕ ਨਿਰਧਾਰਤ ਕਰ ਸਕਦੇ ਹਨ। ਪਰ ਚੱਕਰ ਇਹ ਪੈ ਰਿਹਾ ਹੈ ਕਿ ਕੁੱਝ ਪੈਸਾ ਜਾ ਚੁੱਕਾ ਹੈ ਅਤੇ ਪੁਰਾਣਾ ਮਾਲਕ ਘਰ ਅਜੇ ਛੱਡ ਨਹੀਂ ਰਿਹਾ ਅਤੇ ਨਵੇਂ ਖਰੀਦਦਾਰ ਨੂੰ ਰੈਂਟ ਦੇਣਾ ਪੈ ਰਿਹਾ ਹੈ। ਕਈਆਂ ਨੇ ਘਰ ਛੱਡਣ ਦਾ ਨੋਟਿਸ ਦਿੱਤਾ ਹੁੰਦਾ ਹੈ ਅਤੇ ਕਿਸੇ ਹੋਰ ਨੇ ਉਸੇ ਘਰਦੇ ਵਿਚ ਆਉਣਾ ਹੁੰਦਾ ਹੈ। ਸੋ ਸਾਰਾ ਕੁੱਝ ਉਲਝਿਆ ਪਿਆ ਹੈ। ਲਾਕਡਾਊਨ ਸਮੇਂ ਦੌਰਾਨ ਲਗਪਗ 6000 ਘਰ ਦੀ ਰਜਿਸਟਰੀ (ਸੈਟਲਮੈਂਟ) ਹੋ ਕੇ 'ਹਾਊਸ ਵਾਰਮਿੰਗ' (ਗ੍ਰਹਿ ਪ੍ਰਵੇਸ਼) ਵੀ ਹੋ ਜਾਣੀ ਸੀ, ਪਰ ਸਮਾਂ ਕਿਵੇਂ ਕਰਵਟ ਲੈ ਜਾਏ ਪਤਾ ਨਹੀਂ।