← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰਡਾ, 13 ਮਈ 2020: ਤਖਤ ਸ੍ਰ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਮੁੱਦਕੀ ਤੱਕ ਬਣੇ ਜ ਰਹੇ ਕੌਮੀ ਸੜਕ ਮਾਰਗ ਦੇ ਵਿੰਗ ਨੂੰ ਕੱਢਣ ਲਈ ਪਿੰਡ ਸ਼ੇਖਪੁਰਾ ਦੇ ਕਿਸਾਨਾਂ ਤੋਂ ਹਾਸਲ ਕੀਤੇ ਜਾਣ ਵਾਲੀ ਜਮੀਨ ਦਾ ਰੱਫੜ ਵਧ ਗਿਆ ਹੈ। ਲੋਕ ਨਿਰਮਾਣ ਵਿਭਾਗ ਵੱਲੋਂ ਇਸ ਸੜਕ ਦੀ ਉਸਾਰੀ ਕੀਤੀ ਜਾ ਰਹੀ ਹੈ ਜੋ ਟੋਲ ਪਲਾਜੇ ਕੋਲ ਜਮੀਨ ਐਕਵਾਇਰ ਕਰਨਾ ਚਾਹੁੰਦਾ ਹੈ। ਮਾਮਲਾ ਪੰਜ ਦਰਜਨ ਤੋਂ ਵੱਧ ਕਿਸਾਨਾਂ ਦੀ ਜਮੀਨ ਨਾਲ ਜੁੜਿਆ ਹੋਇਆ ਹੈ । ਕਿਸਾਨ ਆਖਦੇ ਹਨ ਕਿ ਉਨਾਂ ਨੂੰ ਬਿਨਾਂ ਕੋਈ ਮੁਆਵਜਾ ਦਿੱਤਿਆਂ ਸੜਕ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਜੋ ਉਨਾਂ ਨੂੰ ਮਨਜੂਰ ਨਹੀਂ ਹੈ। ਜਦੋਂ ਅਧਿਕਾਰੀਆਂ ਨੇ ਇਸ ਜਗਾ ਤੇ ਕਬਜਾ ਕਰਨਾ ਚਾਹਿਆ ਤਾਂ ਕਿਸਾਨਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਜਿਸ ਨੂੰ ਦੇਖਦਿਆਂ ਅਧਿਕਾਰੀ ਪਰਤ ਗਏ। ਸ਼ੇਖਪੁਰਾ ਦੇ ਕਿਸਾਨ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਜੇਕਰ ਜਰੂਰਤ ਪਈ ਤਾਂ ਸੜਕਾਂ ਤੇ ਉਤਰ ਕੇ ਸੰਘਰਸ਼ ਤੇਜ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਏਗਾ। ਕੁੱਝ ਕਿਸਾਨਾਂ ਨੇ ਸਸ਼ਟ ਕੀਤਾ ਕਿ ਜੇਕਰ ਉਨਾਂ ਨੂੰ ਢੁੱਕਵਾਂ ਮੁਆਵਾਜਾ ਨਾਂ ਦਿੱਤਾ ਗਿਆ ਅਤੇ ਕੋਈ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਹਾਈਕੋਰਟ ਦਾ ਰੁੱਖ ਕਰ ਸਕਦੇ ਹਨ। ਦੱਸਣਯੋਗ ਹੈ ਕਿ ਸਾਲ 2014 ’ਚ ਕੇਂਦਰੀ ਸੜਕ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਬਠਿੰਡਾ ’ਚ ਇੱਕ ਦਰਜਨ ਸੜਕਾਂ ਨੂੰ ਚਹੁੰਮਾਰਗੀ ਕਰਨ ਦੇ ਨੀਂਹ ਪੱਥਰ ਰੱਖੇ ਸਨ ਇਤਿਹਾਸਕ ਤੇ ਧਾਰਮਿਕ ਮਹੱਤਤਾ ਨੂੰ ਦੇਖਦਿਆਂ ਇੰਨਾਂ ਪ੍ਰਜੈਕਟਾਂ ’ਚ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਨੂੰ ਜਾਣ ਵਾਲੀ ਸੜਕ ਵੀ ਸ਼ਾਮਲ ਕੀਤੀ ਗਈ ਸੀ ਕਾਫੀ ਸਮਾਂ ਇਹ ਪ੍ਰਜੈਕਟ ਲਟਕਦਾ ਰਿਹਾ ਪਰ ਕੇਂਦਰ ਸਰਕਾਰ ਵੱਲੋਂ ਭਾਰਤਮਾਲਾ ਪ੍ਰਜੈਕਟ ਤਹਿਤ ਸੜਕਾਂ ਦੇ ਨਵੀਨੀਕਰਨ, ਚਹੁੰਮਾਰਗੀਕਰਨ ਅਤੇ ਸਟੇਟ ਹਾਈਵੇਜ਼ ਨੂੰ ਨੈਸ਼ਨਲ ਹਾਈਵੇਅ ਬਨਾਉਣ ਦੀ ਨੀਤੀ ਤਹਿਤ ਪਿਛਲੇ ਵਰੇ ਇਸ ਪ੍ਰਜੈਕਟ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਸੀ। ਸੂਤਰ ਦੱਸਦੇ ਹਨ ਕਿ ਚੰਗਾ ਪੱਖ ਹੈ ਕਿ ਇਸ ਪ੍ਰਜੈਕਟ ਦੇ ਮੁਕੰਮਲ ਹੋਣ ਉਪਰੰਤ ਤਲਵੰਡੀ ਸਾਬੋ ਆਉਣ ਵਾਲੇ ਸ਼ਰਧਾਲੂਆਂ ਨੂੰ ਵਧੀਆ ਸਫਰ ਮਿਲ ਸਕੇਗਾ। ਇਸ ਕੌਮੀ ਸੜਕ ਮਾਰਗ ਦੇ ਦੋ ਮਾੜੇ ਪਹਿਲੂ ਹਨ ਜਿੰਨਾਂ ਚੋਂ ਸਭ ਤੋਂ ਅਹਿਮ ਹੈ ਕਿ ਕਿਸਾਨਾਂ ਤੋਂ ਉਨਾਂ ਦੀ ਜਮੀਨ ਹਮੇਸ਼ਾ ਲਈ ਖੁੱਸ ਜਾਏਗੀ। ਦੂਸਰਾ ਮੰਦਭਾਗਾ ਪੱਖ ਇਹ ਹੈ ਕਿ ਇਹ ਸੜਕ ਘੱਟ ਤੋਂ ਘੱਟ 25 ਸਾਲ ਸ਼ਰਧਾਲੂਆਂ ਅਤੇ ਆਮ ਲੋਕਾਂ ਦੀ ਜੇਬ ਕੱਟੇਗੀ। ਸੂਤਰ ਆਖਦੇ ਹਨ ਕਿ ਜਦੋਂ ਵੀ ਸੜਕ ਮੁਕੰਮਲ ਹੋ ਜਾਂਦੀ ਹੈ ਤਾਂ ਉਸ ਵਕਤ ਦੇ ਜਵਾਨ ਮਲਵਈ ਟੋਲ ਟੈਕਸ ਤਾਰਦਿਆਂ ਬੁੱਢੇ ਹੋ ਜਾਣਗੇ। ਅਧਿਕਾਰੀ ਆਖਦੇ ਹਨ ਕਿ ਸਰਕਾਰ ਦੀ ਨੀਤੀ ਮੁਤਾਬਕ ਇਸ ਸੜਕ ਨੂੰ ਟੋਲ ਟੈਕਸ ਅਧੀਨ ਲਿਆਂਦਾ ਗਿਆ ਹੈ ਜਿਸ ਦੇ ਬੈਰੀਅਰ ਲਈ ਕਰੀਬ 11 ਏਕੜ ਜਮੀਨ ਐਕਵਾਇਰ ਕੀਤੀ ਜਾਣੀ ਹੈ। ਕਿਸਾਨਾਂ ਨੇ ਦੱਸਿਆ ਕਿ ਇਸ ਜਮੀਨ ਦੇ ਕਈ ਹਿੱਸੇਦਾਰ ਅਜਿਹੇ ਵੀ ਹਨ ਜਿੰਨਾਂ ਚੋਂ ਕਈਆਂ ਦਾ ਹਿੱਸਾ ਟੁਕੜਿਆਂ ’ਚ ਵੰਡਿਆ ਜਾਏਗਾ। ਉਨਾਂ ਆਖਿਆ; ਕਿ ਉਨਾਂ ਦੀ ਜੱਦੀ ਪੁਸ਼ਤੀ ਜਮੀਨ ਜੋਕਿ ਕਿਸਾਨ ਦੀ ਮਾਂ ਹੁੰਦੀ ਹੈ ਦਾ ਉਨਾਂ ਨੂੰ ਕੌਡੀਆਂ ਮੁੱਲ ਦਿੱਤਾ ਜਾ ਰਿਹਾ ਹੈ ਜਦੋਂਕਿ ਉਹ ਆਪਣੀ ਸੰਪਤੀ ਵੇਚਣ ਨੂੰ ਤਿਆਰ ਹੀ ਨਹੀਂ ਹਨ। ਸ਼ੇਖਪੁਰਾ ਵਾਸੀ ਕਿਸਾਨ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਕੌਮੀ ਸੜਕ ਮਾਰਗ ਤੇ ਜਮੀਨ ਇੱਕ ਤਰਾਂ ਨਾਲ ਵਪਾਰਕ ਬਣ ਗਈ ਹੈ ਜੋਕਿ ਬੇਸ਼ਕੀਮਤੀ ਹੈ। ਉਸ ਦੀ ਜਮੀਨ ’ਚ ਕਾਫੀ ਮੁਸ਼ੱਕਤ ਤੋਂ ਬਾਅਦ ਬਾਗ ਲਗਾਅਿਾ ਹੋਇਆ ਹੈ ਜਿਸ ਨਾਲ ਬੱਝਵੀਂ ਆਮਦਨ ਹੁੰਦੀ ਹੈ। ਉਨਾਂ ਦੱਸਿਆ ਕਿ ਉਸ ਦੀ ਜਮੀਨ ਸਰਕਾਰੀ ਨੀਤੀਆਂ ਦੀ ਭੇਂਟ ਚੜਨ ਲੱਗੀ ਹੈ ਅਤੇ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ। ਪ੍ਰਭਾਵਿਤ ਕਿਸਾਨਾਂ ਨੇ ਦੱਸਿਆ ਕਿ ਸਰਕਾਰ ਦੇ ਇੱਕ ਫੈਸਲੇ ਨਾਲ 64 ਹਿੱਸੇਦਾਰਾਂ ਤੇ ਕੱਚੇ ਧਾਗੇ ਨਾਲ ਤਲਵਾਰ ਲਟਕ ਗਈ ਹੈ ਜਿਸ ਨੂੰ ਲੈਕੇ ਉਹ ਰਾਤ ਨੂੰ ਸੌਂ ਨਹੀਂ ਪਾ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਨੇ ਇਸ ਦਿਸ਼ਾ ’ਚ ਕੋਈ ਸਾਰਥਿਕ ਪਹਿਲਕਦਮੀ ਨਾਂ ਕੀਤੀ ਤਾਂ ਉਹ ਸੰਘਰਸ਼ ਦੇ ਰਾਹ ਪੈਣਗੇ ਜਿਸ ਲਈ ਅਧਿਕਾਰੀ ਜਿੰਮੇਵਾਰ ਹੋਣਗੇ। ਭੋਂਅ ਪ੍ਰਾਪਤੀ ਕੁਲੈਕਟਰ ਕਮ ਐਸ.ਡੀ.ਐਮ ਤਲਵੰਡੀ ਸਾਬੋ ਵਰਿੰਦਰ ਸਿੰਘ ਦਾ ਮੋਬਾਇਲ ਪਹੁੰਚ ਤੋਂ ਬਾਹਰ ਆ ਰਿਹਾ ਸੀ ਜਿਸ ਕਰਕੇ ਸੰਪਰਕ ਨਹੀਂ ਹੋ ਸਕਿਆ। ਓਧਰ ਲੋਕ ਨਿਰਮਾੜ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਕਮਲਜੀਤ ਸਿੰਘ ਬਰਾੜ ਨੇ ਵੀ ਫੋਨ ਨਹੀਂ ਚੁੱਕਿਆ।
Total Responses : 267