ਅਸ਼ੋਕ ਵਰਮਾ
ਬਠਿੰਡਾ, 29 ਮਾਰਚ 2020 - ਕੋਰੋਨਾ ਵਾਇਰਸ ਦੇ ਖਤਰਿਆਂ ਦੌਰਾਨ ਪੰਜਾਬ ਭਰ ’ਚ ਭਾਈਚਾਰਕ ਏਕਤਾ ਨੇ ਪੈਰ ਪਸਾਰੇ ਹਨ। ਇਹ ਕਹਾਣੀ ਕਿਸੇ ਇੱਕ ਪਿੰਡ ਜਾਂ ਸ਼ਹਿਰ ਦੀ ਨਹੀਂ ਪੂਰੇ ਪੰਜਾਬ ’ਚ ਲੋਕ ਤੰਗਦਸਤੀ ਦੀ ਜਿੰਦਗੀ ਗੁਜ਼ਾਰ ਰਹੇ ਲੋਕਾਂ ਅਤੇ ਗਰੀਬੀ ਦਾ ਦਰਦ ਹੰਢਾਉਣ ਵਾਲਿਆਂ ਦੀ ਸਹਾਇਤਾ ਲਈ ਅੱਗੇ ਆਏ ਹਨ। ਪੰਜਾਬ ਸਰਕਾਰ ਵੱਲੋਂ ਰੋਕਥਾਮ ਵਜੋਂ ਕਰਫਿਊ ਲਾ ਦਿੱਤਾ ਗਿਆ ਹੈ ਫਿਰ ਵੀ ਲੋਕ ਔਖੀ ਘੜੀ ਦੌਰਾਨ ਵੀ ਪੂਰੀ ਚੜਦੀ ਕਲਾ ਵਿੱਚ ਹਨ।
ਬਠਿੰਡਾ ਸ਼ਹਿਰ ਦੇ ਤਾਜਾ ਹਾਲਾਤਾਂ ਤੇ ਨਜ਼ਰ ਮਾਰੀਏ ਤਾਂ ਸਾਫ ਪਤਾ ਲੱਗਦਾ ਹੈ ਕਿ ਸਮਾਜਸੇਵੀ ਸੰਸਥਾਵਾਂ ਗੁਰਬਤ ਦੀ ਮਾਰ ਝੱਲ ਰਹੇ ਲੋਕਾਂ ਦੀ ਸਹਾਇਤਾ ’ਚ ਜੁਟੀਆਂ ਹੋਈਆਂ ਹਨ। ਕਰੀਬ ਇੱਥ ਦਰਜਨ ਸੰਸਥਾਵਾਂ ਨੇ ਲੋਕਾਂ ਦਾ ਢਿੱਡ ਭਰਨ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ। ਭਾਵੇਂ ਅਜੇ ਵੀ ਕਾਫੀ ਪ੍ਰੀਵਾਰ ਸਹਾਇਤਾ ਦੀ ਉਡੀਕ ’ਚ ਹਨ ,ਫਿਰ ਵੀ ਸਮਾਜਿਕ ਧਿਰਾਂ ਨੇ ਹਰ ਘਰ ਤੱਕ ਪੁੱਜਣ ਲਈ ਪੂਰਾ ਤਾਣ ਲਾ ਦਿੱਤਾ ਹੈ। ਇਵੇਂ ਹੀ ਪਿੰਡ ਪਿੰਡ ਚੋਂ ਆਈਆਂ ਅਵਾਜ਼ਾਂ ਦੱਸਦੀਆਂ ਹਨ ਕਿ ਕਰੋਨਾ ਵਾਇਰਸ ਤੋਂ ਪਹਿਲਾਂ ਭੁੱਖ ਨੂੰ ਹਰਾਉਣਾ ਹਰ ਕਿਸੇ ਦਾ ਟੀਚਾ ਬਣ ਗਿਆ ਹੈ। ਕਿਸਾਨ ,ਮਜਦੂਰ,ਨੌਜਵਾਨ, ਕਲੱਬ ਅਤੇ ਵਿਦਿਆਰਥੀ ਜੱਥੇਬੰਦੀਆਂ ਲੰਗਰ,ਚਾਹ ਰੋਟੀ ਅਤੇ ਜਰੂਰੀ ਵਸਤਾਂ ਲੋੜਵੰਦਾਂ ਦੇ ਬੂਹਿਆਂ ਤੇ ਪਹੰਚਾਉਣ ’ਚ ਲੱਗੀਆਂ ਹੋਈਆਂ ਹਨ।
ਸ੍ਰੀ ਮੁਕਤਸਰ ਸਾਹਿਬ ਜਿਲੇ ਦੇ ਦਲਿਤ ਪ੍ਰ੍ਰੀਵਾਰਾਂ ਨੇ ਤਾਂ ਭਾਈਚਾਰੇ ਦੀ ਮਿਸਾਲ ਕਾਇਮ ਕਰਦਿਆਂ ‘ਬਾਬੇ ਨਾਨਕ ਦੇ ਵੰਡ ਛਕੋਂ ’ ਫਸਲਫੇ ਤੇ ਪਹਿਰਾ ਦਿੱਤਾ ਹੈ । ਜਦੋਂ ਇੰਨਾਂ ਲੋਕਾਂ ਨੇ ਆਪਣਿਆਂ ਦੇ ਭੜੋਲੇ ਖਾਲੀ ਦੇਖੇ ਤਾਂ ਪਿੰੰੰਡ ਚੋਂ ਇੱਕੋ ਅਵਾਜ ਆਈ ‘ਭਰਾਵੋ ਫਿਕਰ ਨਾਂ ਕਰੋ ਰਲ ਮਿਲ ਕੇ ਰੁੱਖੀ ਸੁੱਖੀ ਖਾਵਾਂਗੇ ਅਤੇ ਲੋੜ ਪਈ ਤਾਂ ਭੁੱਖ ਵੀ ਇਕੱਠੇ ਹੀ ਸਹਾਂਗੇ। ਇਸ ਪਿੰਡ ਦੇ ਖੇਤ ਮਜਦੂਰ ਆਗੂ ਤਰਸੇਮ ਸਿੰਘ ਖੁੰਡੇ ਹਲਾਲ ਦਾ ਕਹਿਣਾ ਸੀ ਕਿ ਜਿੰਨਾਂ ਦੇ ਘਰਾਂ ’ਚ ਜੋ ਵੀ ਰਾਸ਼ਨ ਪਿਆ ਸੀ ਉਹ ਭਾਈਚਾਰੇ ਅੱਗੇ ਰੱਖ ਦਿੱਤਾ ਜਿਸ ਨਾਲ 30 ਪ੍ਰੀਵਾਰਾਂ ਦਾ ਪ੍ਰਬੰਧ ਹੋ ਗਿਆ। ਉਨਾਂ ਆਖਿਆ ਕਿ ਪਿੰਡ ’ਚ ਨੇਤਾ ਵੋਟਾਂ ਲਈ ਹੱਥ ਜੋੜਨ ਤਾਂ ਵਹੀਰਾਂ ਘੱਤ ਕੇ ਆਉਂਦੇ ਹਨ ਪਰ ਸੰਕਟ ’ਚ ਕੋਈ ਦਿਖਾਈ ਨਹੀਂ ਦਿੱਤਾ ਹੈ।
ਬਠਿੰਡਾ ਦੇ ਕਿਲੀ ਨਿਹਾਲ ਸਿੰਘ ਵਾਲਾ ਪੁਲਿਸ ਚੌਂਕੀ ਦੇ ਏਐਸਆਈ ਕੌਰ ਸਿੰਘ ਨੇ ਲੋੜਵੰਦ ਪ੍ਰੀਵਾਰ ਨੂੰ ਆਪਣਾ ਸਮਝਿਆ ਅਤੇ ਬਾਂਹ ਫੜਨ ਲਈ ਅੱਗੇ ਆਇਆ। ਬਠਿੰਡਾ ਸ਼ਹਿਰ ’ਚ ਦਰਜਨ ਭਰ ਸਿਪਾਹੀ ਭੁੱਖਮਰੀ ਖਿਲਾਫ ਲੜਾਈ ਲੜ ਰਹੇ ਹਨ ਤਾਂ ਕਈ ਥਾਣੇਦਾਰਾਂ ਨੇ ਡਿਊਟੀ ਦੇ ਨਾਲ ਨਾਲ ਸੇਵਾ ਨੂੰ ਪਰਮੋ ਧਰਮ ਬਣਾ ਲਿਆ ਹੈ। ਬਠਿੰਡਾ ਅਤੇ ਗੁਆਂਢੀ ਜਿਲਿਆਂ ਚ ਕਈ ਪੁਲਿਸ ਅਫਸਰ ਵੀ ਰੋਜਾਨਾ ਸਹਾਇਤਾ ਕਰਦੇ ਦੇਖੇ ਜਾ ਸਕਦੇ ਹਨ। ਵੱਡੀ ਗਿਣਤੀ ਪੁਲਿਸ ਮੁਲਾਜਮ ਆਪਣੀ ਜੇਬ ਚੋਂ ਖਰਚ ਕਰਕੇ ਮਦਦ ਲਈ ਅੱਗੇ ਆਏ ਹਨ। ਬਠਿੰਡਾ ਦੀ ਸਮਾਜਸੇਵੀ ਸੰਸਥਾ ਸਹਾਰਾ ਜਨ ਸੇਵਾ ਵੱਲੋਂ ਦੁੱਧ ਅਤੇ ਲੰਗਰ ਸਹਾਇਤਾ ਚਾਲੂ ਕੀਤੀ ਗਈ ਹੈ। ਸਹਿਯੋਗ ਵੈਲਫੇਅਰ ਕਲੱਬ ਦਾ ਆਗੂ ਗੁਰਵਿੰਦਰ ਸ਼ਰਮਾ ਨੇ ਸਾਥੀਆਂ ਨਾਲ ਮਿਲਕੇ ਲੋੜਵੰਦਾਂ ਦੇ ਹੰਝੂ ਪੂੰਝਣ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ। ਨੌਜਵਾਨ ਵੈਲਫੇਅਰ ਸੁਸਾਇਟੀ ਆਪਣੇ ਪ੍ਰਧਾਨ ਸੋਨੂੰ ਮਹੇਸ਼ਵਰੀ ਦੇ ਦਿਸ਼ਾ ਨਿਰਦੇਸ਼ ਹੇਠ ਬੇਜੁਬਾਨ ਜਾਨਵਰਾਂ ਨੂੰ ਪੱਠੇ ਪਾ ਰਹੀ ਹੈ ਅਤੇ ਖਾਣਾ ਵੀ ਵੰੰਡਿਆ ਜਾ ਰਿਹਾ ਹੈ।
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੁਰਖਿਆਂ ਦੇ ਪਿੰਡ ਘੁੱਦਾ ’ਚ ਪਿੰਡ ਵਾਸੀਆਂ ਅਤੇ ਜਨਤਕ ਜੱਥੇਬੰੰੰਦੀਆਂ ਨੇ ਮੰਦਰ ’ਚ ਇਕੱਠ ਕਰਕੇ ਕਰੋਨਾ ਵਾਇਰਸ ਨਾਲ ਲੜਨ ਲਈ ਕਮੇਟੀ ਬਣਾਈ ਹੈ। ਪਿੰਡ ਘੁੱਦਾ ਵਾਸੀ ਅਤੇ ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਅਸਵਨੀ ਘੁੱਦਾ ਦਾ ਕਹਿਣਾ ਸੀ ਕਿ ਹੁਣ ਇਹ ਲੜਾਈ ਪਿੰਡ ਦੀ ਹੈ ਅਤੇ ਸਭ ਲੋਕ ਕਰੋਨਾ ਵਾਇਰਸ ਜਾਗਰੂਕਤਾ ਅਤੇ ਸਹਾਇਤਾ ਕਮੇਟੀ ਦੇ ਝੰਡੇ ਹੇਠ ਇੱਕ ਮੋਰੀ ਨਿਕਲ ਗਏ ਹਨ। ਉਨਾਂ ਸਮੂਹ ਪੰਜਾਬੀਆਂ ਨੂੰ ਇੱਕਮੁੱਠ ਹੋਕੇ ਇਸ ਮਹਾਂਮਾਰੀ ਨੂੰ ਹਰਾਉਣ ਦਾ ਸੱਦਾ ਵੀ ਦਿੱਤਾ।
ਡਾਕਟਰ ਤੇ ਇੰਜਨੀਅਰ ਵੀ ਅੱਗੇ ਆਏ
ਗਲੋਬਲ ਹਸਪਤਾਲ ਦੇ ਹੱਡੀਆਂ ਦੇ ਮਾਹਿਰ ਡਾ.ਅੰਕੁਸ਼ ਜਿੰਦਲ ਅਤੇ ਨਿਊਰੋ ਸਰਜਨ ਡਾ ਅਮਿਤ ਗੁਪਤਾ ਤੋਂ ਇਲਾਵਾ ਰਿਟਾਇਰਡ ਚੀਫ ਇੰਜੀਨੀਅਰ ਬਠਿੰਡਾ ਥਰਮਲ ਅਨਿਲ ਗੁਪਤਾ ਸਹਾਇਤਾ ਲਈ ਅੱਗੇ ਆਏ ਹਨ। ਇੰਨਾਂ ਨੇ ਗਰੀਬ ਮਜਦੂਰਾਂ ਅਤੇ ਬੇਸਹਾਰਾ ਲੋਕਾਂ ਦੀ ਸੇਵਾ ਲਈ ਸਹਾਰਾ ਜਨ ਸੇਵਾ ਵੱਲੋਂ ਚਲਾਏ ਜਾ ਰਹੇ ਸੇਵਾ ਕਾਰਜਾਂ ਲਈ 21 ਹਜਾਰ ਰੁਪਏ ਦਾ ਚਾਵਲ ਸਹਾਇਤਾ ਵਜੋਂ ਦਿੱਤਾ ਹੈ। ਪ੍ਰਧਾਨ ਵਿਜੇ ਗੋਇਲ ਨੇ ਦਾਨੀਆਂ ਦਾ ਧੰਨਵਾਦ ਕੀਤਾ ਹੈ।
ਦਸਵੰਧ ਦੀ ਪਿਰਤ ਅੱਗੇ ਵਧਾ ਰਹੇ ਲੋਕ
ਸਮਾਜਿਕ ਕਾਰਕੁੰਨ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਆਪਣੀ ਨੇਕ ਕਮਾਈ ਚੋਂ ਔਖੇ ਦਿਨਾਂ ’ਚ ਗਰੀਬ ਤੇ ਲੋੜਵੰਦਾਂ ਤੇ ਖਰਚ ਕਰਕੇ ਦਸਵੰਧ ਦੀ ਪਿਰਤ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਉਨਾਂ ਆਖਿਆ ਕਿ ਪੰਜਾਬੀਆਂ ਦਾ ਤਾਂ ਫਲਸਫਾ ਹੀ ਸੇਵਾ ਦਾ ਹੈ ਖਾਸ ਤੌਰ ਤੇ ਔਖੇ ਵੇਲੇ ਪੀੜਤਾਂ ਦੀ ਸਹਾਇਤਾ ਕਰਨ ਦੀ ਪ੍ਰ੍ਰਸ਼ੰਸ਼ਾ ਕਰਨੀ ਬਣਦੀ ਹੈ।