ਰਜਨੀਸ਼ ਸਰੀਨ
ਨਵਾਂ ਸ਼ਹਿਰ, 28 ਅਪਰੈਲ 2020 - ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ, ਜ਼ਿਲ੍ਹਾ ਸਕੱਤਰ ਬਿਕਰਮਜੀਤ ਸਿੰਘ ਰਾਹੋਂ, ਕਰਨੈਲ ਸਿੰਘ, ਦੇਸ ਰਾਜ ਬੱਜੋਂ, ਬਲਜੀਤ ਸਿੰਘ, ਬਲਕਾਰ ਸਿੰਘ, ਸੋਹਨ ਸਿੰਘ ਬਲਾਚੌਰ, ਜਸਵੀਰ ਸਿੰਘ ਦੌਲਤਪੁਰੀ, ਰਾਜੇਸ਼ ਰਹਿਪਾ, ਰੇਸ਼ਮ ਲਾਲ, ਬਲਵੀਰ ਸਿੰਘ, ਮੋਹਣ ਲਾਲ, ਨਰਿੰਦਰ ਸਿੰਘ, ਸੋਹਣ ਲਾਲ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਕੋਰੋਨਾ ਵਾਇਰਸ ਦੀ ਵਿਸ਼ਵ ਵਿਆਪੀ ਮਹਾਂਮਾਰੀ ਦੇ ਚੱਲਦਿਆਂ ਇਸ ਬਿਮਾਰੀ ਨੂੰ ਸਮਾਜ ਵਿੱਚ ਫੈਲਣ ਤੋਂ ਰੋਕਣ ਲਈ ਲਾਕਡਾਊਨ ਅਤੇ ਕਰਫਿਊ ਲਗਾਉਣ ਕਾਰਨ ਸਕੂਲ ਬੰਦ ਕਰਨ ਦੇ ਸਮੇਂ ਨੂੰ ਗਰਮੀਆਂ ਦੀਆਂ ਛੁੱਟੀਆਂ ਐਲਾਨਣ ਕਾਰਨ ਅਧਿਆਪਕਾਂ ਨੂੰ ਦਿੱਤਾ ਜਾ ਰਿਹਾ ਨਿਗੁਣਾ ਮੋਬਾਇਲ ਭੱਤਾ ਕੱਟਣ, 2015 ਤੋਂ ਡੀ ਏ ਦੇ ਰਹਿੰਦੇ ਬਕਾਏ ਅਤੇ ਡੀ ਏ ਦੀਆਂ ਰਹਿੰਦੀਆਂ ਕਿਸ਼ਤਾਂ, ਜਨਵਰੀ 2016 ਤੋਂ ਲਾਗੂ ਹੋਣ ਤੋਂ ਰਹਿੰਦੇ ਤਨਖਾਹ ਕਮਿਸ਼ਨ, 2004 ਤੋਂ ਪੁਰਾਣੀ ਪੈਨਸ਼ਨ ਬੰਦ ਕਰਨ ਦੇ ਬਾਵਜੂਦ ਜਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਰਾਹਤ ਦੇਣ ਲਈ, ਸੰਕਟ ਸਮੇਂ ਜਾਂ ਲੋੜਵੰਦਾਂ ਦੀ ਸਹਾਇਤਾ ਲਈ, ਜਰੂਰੀ ਵਸਤਾਂ ਦੀ ਸਪਲਾਈ ਨਿਰਵਿਘਨ ਜਾਰੀ ਰੱਖਣ ਲਈ, ਕੰਟਰੋਲ ਰੂਮਾਂ ਵਿੱਚ ਸੇਵਾਵਾਂ ਦੇਣ ਲਈ, ਇਸ ਵਾਇਰਸ ਤੋਂ ਬਚਣ ਲਈ ਜਾਗਰੂਕ ਕਰਨ ਲਈ ਪੈਟਰੋਲਿੰਗ ਟੀਮਾਂ ਵਿੱਚ ਅਤੇ ਹੋਰ ਵੱਖ ਵੱਖ ਥਾਵਾਂ 'ਤੇ ਲਗਾਏ ਗਏ ਅਧਿਆਪਕ ਲਗਾਤਾਰ ਆਪਣੀਆਂ ਡਿਊਟੀਆਂ ਇਮਾਨਦਾਰੀ ਨਾਲ ਨਿਭਾ ਰਹੇ ਹਨ। ਪਰ ਸਰਕਾਰ ਨੇ ਦੂਜੇ ਵਿਭਾਗਾਂ ਦੇ ਮੁਲਾਜ਼ਮਾਂ ਵਾਂਗ ਅਧਿਆਪਕਾਂ ਦਾ 50 ਲੱਖ ਦਾ ਬੀਮਾ ਨਾ ਕਰਕੇ ਵਿਤਕਰਾ ਕੀਤਾ ਹੈ।
ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਆਨ ਲਾਈਨ ਪੜ੍ਹਾਈ ਵੀ ਕਰਵਾ ਰਹੇ ਹਨ ਅਤੇ ਅਗਲੀਆਂ ਜਮਾਤਾਂ ਲਈ ਵਿਦਿਆਰਥੀਆਂ ਦਾ ਦਾਖਲਾ ਵੀ ਕਰ ਰਹੇ ਹਨ। ਸੰਕਟ ਦੇ ਇਸ ਸਮੇਂ ਵਿਦਿਆਰਥੀਆਂ ਦੇ ਘਰ ਘਰ ਜਾ ਕੇ ਉਨ੍ਹਾਂ ਨੂੰ ਮਿਡ ਡੇ ਮੀਲ ਦਾ ਰਾਸ਼ਨ ਵੀ ਪਹੁੰਚਾ ਰਹੇ ਹਨ। ਇਨ੍ਹਾਂ ਸਾਰੀਆਂ ਡਿਊਟੀਆਂ ਦੇ ਬਾਵਜੂਦ ਸਕੂਲ ਬੰਦ ਹੋਣ ਕਾਰਨ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਅਧਿਆਪਕ ਵਿਹਲੇ ਪ੍ਰਤੀਤ ਹੋ ਰਹੇ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਸੰਕਟ ਦੇ ਇਸ ਸਮੇਂ ਅਧਿਆਪਕਾਂ ਵੱਲੋਂ ਨਿਭਾਈਆਂ ਜਾ ਰਹੀਆਂ ਇਨ੍ਹਾਂ ਡਿਊਟੀਆਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ।
ਜੀ ਟੀ ਯੂ ਆਗੂਆਂ ਨੇ ਜ਼ਿਲ੍ਹੇ ਨੂੰ ਕਰੋਨਾ ਮੁਕਤ ਕਰਨ ਲਈ ਜੂਝ ਰਹੇ ਸਿਹਤ ਵਿਭਾਗ ਸਮੇਤ ਮੁਲਾਜ਼ਮਾਂ ਦੀਆਂ ਸਮੁੱਚੀਆਂ ਟੀਮਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਪੰਜਾਬ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਕਿ ਕਰੋਨਾ ਵਾਇਰਸ ਦੇ ਸੰਕਟ ਸਮੇਂ ਡਿਊਟੀਆਂ ਨਿਭਾਅ ਰਹੇ ਹਰ ਵਿਭਾਗ ਦੇ ਮੁਲਾਜ਼ਮਾਂ ਨੂੰ ਇਸ ਵਾਇਰਸ ਤੋਂ ਇੱਕੋ ਜਿੰਨਾ ਖਤਰਾ ਹੋਣ ਕਾਰਨ ਹੋਰ ਵਿਭਾਗਾਂ ਦੇ ਮੁਲਾਜ਼ਮਾਂ ਵਾਂਗ ਅਧਿਆਪਕਾਂ ਦਾ ਵੀ 50 ਲੱਖ ਦਾ ਬੀਮਾ ਕੀਤਾ ਜਾਵੇ।