ਅਸ਼ੋਕ ਵਰਮਾ
ਬਠਿੰਡਾ, 11 ਅਪਰੈਲ 2020 - ਕੋਰੋਨਾ ਵਾਇਰਸ ਦਾ ਸੰਕਟ ਵੀ ਉਸ ਦਾ ਰਾਹ ਨਹੀਂ ਰੋਕ ਸਕੀ ਤੇ ਕੋਈ ਵੀ ਸਮੱਸਿਆ ਉਸ ਦਾ ਸਾਈਕਲ। ਜਦੋਂ ਸਿਰੜ ਨੇ ਜਜ਼ਬੇ ਦੀ ਉਂਗਲ ਫੜੀ ਤਾਂ ਸੇਵਾਮੁਕਤ ਅਧਿਆਪਕ ਰਕੇਸ਼ ਨਰੂਲਾ ਨੇ ਸਾਈਕਲ ਚੁੱਕ ਲਿਆ। ਜਿਉਂ ਹੀ ਸਵੇਰ ਹੁੰਦੀ ਹੈ ਤਾਂ, ਉਹ ਆਪਣੇ ਸਾਈਕਲ ’ਤੇ ਘਰੋਂ ਚਾਲੇ ਪਾ ਦਿੰਦਾ ਹੈ। ਨਰੂਲਾ ਹਰ ਰੋਜ ਗਰੀਬਾਂ ਤੇ ਲੋੜਵੰਦਾਂ ਦਾ ਬੂਹਾ ਖੜਕਾਉਂਦਾ ਹੈ। ਕੋਈ ਉਸ ਨੂੰ ਆਪਣੀ ਬਿਮਾਰੀ ਦੱਸਦਾ ਹੈ ਤਾਂ ਕਿਸੇ ਨੂੰ ਰਾਸ਼ਨ ਦੀ ਜਰੂਰਤ ਹੁੰਦੀ ਹੈ। ਅਜਿਹੇ ਲੋੜਵੰਦ ਲੋਕਾਂ ਦੀ ਮੱਦਦ ਕਰਕੇ ਫਿਰ ਉਹ ਅਗਲੇ ਘਰ ਦੇ ਬੂਹੇ ’ਤੇ ਜਾਂਦੇ ਹਨ। ਉਂਜ ਤਾਂ ਉਹ ਸਕੂਲ ਦੀ ਨੌਕਰੀ ਦੌਰਾਨ ਹੀ ਸਰਗਰਮ ਸੀ ਪਰ ਸੇਵਾਮੁਕਤੀ ਤੋਂ ਬਾਅਦ ਤਾਂ ਘਰੋਂ-ਘਰੀਂ ਜਾ ਕੇ ਜਰੂਰਤਾਂ ਪੂਰੀਆਂ ਕਰ ਰਿਹਾ ਹੈ। ਬਠਿਡਾ ਪੁਲਿਸ ਦੇ ਮੁਲਾਜਮ ਉਸ ਨੂੰ ਪਹਿਚਾਣਦੇ ਹਨ ਜਿੰਨਨਨਾਂ ਨੇ ਕਦੇ ਉਸ ਦਾ ਰਾਹ ਨਹੀਂ ਰੋਕਿਆ ਬਲਕਿ ਹਮੇਸ਼ਾ ਹੌਂਸਲਾ ਅਫਜ਼ਾਈ ਹੀ ਕੀਤੀ ਹੈ।
ਰਕੇਸ਼ ਨਰੂਲਾ ਜਿਸ ਮਿਸ਼ਨ ਨੂੰ ਲੈ ਕੇ ਤੁਰਿਆ, ਉਹ ਹੁਣ ਰਾਹ ਬਣ ਗਿਆ ਹੈ। ਪੂਰਾ ਸਾਲ ਉਸ ਦਾ ਸਾਈਕਲ ਸ਼ਹਿਰ ਦੇ ਚਾਰੇ ਪਾਸੇ ਗਲੀ ਮੁਹੱਲਿਆਂ ਵਿੱਚ ਘੁੰਮਦਾ ਹੈ। ਉਹ ਲੋਕਾਂ ਦੀਆਂ ਮੁਸ਼ਕਲਾਂ ਵੀ ਹੱਲ ਕਰਦਾ ਹੈ। ਉਹ ਦੱਸਦਾ ਹੈ ਕਿ ਬਹੁਤੇ ਲੋਕ ਤਾਂ ਉਸ ਦਾ ਕੁੰਡਾ ਖੜਕਾਉਣ ਤੋਂ ਪਹਿਲਾਂ ਹੀ ਬਾਹਰ ਆ ਜਾਂਦੇ ਹਨ। ਇੰਨਾਂ ਦਿਨਾਂ ’ਚ ਉਹ ਗਰੀਬ ਪ੍ਰੀਵਾਰਾਂ ਲਈ ਰਾਸ਼ਨ ਤੇ ਭੋਜਨ ਦਾ ਪ੍ਰਬੰਧ ਕਰ ਰਿਹਾ ਹੈ ਅਤੇ ਮਰੀਜਾਂ ਨੂੰ ਦਵਾਈਆਂ ਵੀ ਵੰਡੀਆਂ ਜਾ ਰਹੀਆਂ ਹਨ। ਦਾਨੀ ਸੱਜਣ ਰਕੇਸ਼ਨਰੂਲਾ ਦੇ ਇੱਥ ਸੁਨੇਹੇਂ ਤੇ ਮਾਇਆ ਭੇਜਦੇ ਹਨ। ਖੁਦ ਨੂੰ ਵੀ ਸਿੱਖਿਆ ਵਿਭਾਗ ਤੋਂ ਚੰਗੀ ਪੈਨਸ਼ਨ ਮਿਲਦੀ ਹੈ ਜਿਸ ਚੋਂ ਉਹ ਦਸਵੰਧ ਕੱਢਣਾ ਨਹੀਂ ਭੁੱਲਦਾ ਹੈ।
ਜਦੋਂ ਠੰਢੀਆਂ ਰਾਤਾਂ ਵਿੱਚ ਹਰ ਕੋਈ ਸੌਂ ਰਿਹਾ ਹੁੰਦਾ ਹੈ ਤਾਂ ਇਹ ਅਧਿਆਪਕ ਉਦੋਂ ਇਕੱਲਾ ਜ਼ਿੰਦਗੀ ਦਾ ਰਾਹ ਨਹੀਂ ਦਿਖਾ ਹੁੰਦਾ ਬਲਕਿ ਉਹ ਸੌਣ ਵਾਲਿਆਂ ਦੀ ਜ਼ਮੀਰ ਨੂੰ ਵੀ ਹਲੂਣ ਰਿਹਾ ਹੁੰਦਾ ਹੈ। ਉਹ ਆਖਦਾ ਹੈ ਕਿ ਜਿੰਦਗੀ ਦਾ ਕੋਈ ਭਰੋਸਾ ਨਹੀਂ ਹੈ। ਕਿਸੇ ਦੇ ਕੰਮ ਧੰਦੇ ਦੇ ਲੇਖੇ ਲੱਗ ਜਾਏ ਤਾਂ ਇਸ ਤੋਂ ਚੰਗਾ ਕੁੱਝ ਵੀ ਨਹੀਂ ਹੈ। ਉਸ ਨੇ ਦਾਨੀਆਂ ਦੇ ਸਹਿਯੋਗ ਨਾਂਲ ਕਈ ਸਕੂਲਾਂ ਵਿਚ ਲੋੜਵੰਦ ਪ੍ਰੀਵਾਰਾਂ ਦੇ ਬੱਚਿਆਂ ਨੂੰ ਵਰਦੀਆਂ ਅਤੇ ਬੂਟ ਵੰਡੇ ਤਾਂ ਆਮ ਲੋਕਾਂ ਨੂੰ ਗਿਆਨਵਰਧਕ ਪੁਸਤਕਾਂ ੳੀ ਮਹੱਈਆ ਕਰਵਾਈਆਂ ਹਨ। ਉਸ ਨੇ ਸੈਕੜੇ ਲੋਕਾਂ ਨੂੰ ਕਰੋਨਾਂ ਵਾਇਰਸ ਤੋਂ ਬਚਾਅ ਲਈ ਸੈਨੇਟਾਈਜ਼ਰ ਅਤੇ ਮਾਸਕ ਵੰਡੇ ਹਨ ।
ਹੁਣ ਜਦੋਂ ਕਰੋਨਾ ਵਾਇਰਸ ਦੇ ਸੰਕਟ ਨੇ ਦਸਤਕ ਦਿੱਛੀ ਤਾਂ ਉਸ ਨੇ ਜਾਗਰੂਕਤਾ ਖਾਤਰ ਪੋਸਟਰ ਵੰਡੇ ਅਤੇ ਨਾਲ ਹੀ ਲੋੜਵੰਦਾਂ ਨੂੰ ਮੁਫ਼ਤ ਰਾਸ਼ਨ ਪਹੰਚਾਇਆ। ਏਦਾਂ ਹੀ ਉਹ ਹੋਰ ਵੀ ਕਈ ਢੰਗ ਨਾਲ ਲੋਕਾਂ ਦੀ ਵਿੱਤੀ ਮਦਦ ਕਰਦਾ ਹੈ ਜਾਂ ਬੱਚਿਆਂ ਨੂੰ ਕਿਤਾਬਾਂ ਆਦਿ ਲੈ ਕੇ ਦੇ ਦਿੰਦਾ ਹੈ। ਉਸ ਦੇ ਇਸ ਮਿਸ਼ਨ ਦੀ ਕਦਰ ਕਰਦਿਆਂ ਉਸ ਨੂੰ ਕਈ ਸੰਸਥਾਵਾਂ ਨੇ ਨਾਲ ਸਨਮਾਨਿਤ ਕੀਤਾ ਹੈ। ਰਕੇਸ਼ ਨਰੂਲਾ ਨੇ ਆਪਣੀ ਖ਼ੁਦ ਦੀ ਸਿਹਤ ਦੇ ਮੱਦੇਨਜ਼ਰ ਸਾਈਕਿਗ ਗਰੁੱਪ ਨੂੰ ਵੀ ਜਾਰੀ ਰੱਖਿਆ ਹੋਇਆ ਹੈ।
ਬਚਪਨ ‘ਚ ਵਾਹ ਤੰਗੀਆਂ ਤੁਰਸ਼ੀਆਂ ਨਾਲ ਰਹਿਣ ਦੇ ਬਾਵਜੂਦ ਹਰ ਮੁਸ਼ਕਲ ਨੂੰ ਖਿੜੇ ਮੱਥੇ ਸਲਾਮ ਕਹਿਣ ਦਾ ਜਜਬਾ ਅੱਜ ਵੀ ਰਕੇਸ਼ ਨਰੂਲਾ ‘ਚ ਭਾਰੂ ਦਿਖਾਈ ਦਿੰਦਾ ਹੈ। ਉਸ ਨੇ ਆਪਣੀ ਸਾਰੀ ਜਿੰਦਗੀ ਦੀਨ ਦੁਖੀਆਂ ਅਤੇ ਜਰੂਰਤਮੰਦਾਂ ਦੀ ਦੇਖ ਭਾਲ ਲੇਖੇ ਲਗਾ ਦਿੱਤੀ ਹੈ। ਉਸ ਨੇ ਦੱਸਿਆ ਕਿ ਪੀੜਤ ਵਿਅਕਤੀਆਂ ਦੀ ਸਹਾਇਤਾ ਕਰਕੇ ਉਹ ਕਿਸੇ ਤੇ ਅਹਿਸਾਨ ਨਹੀਂ ਕਰਦਾ,ਸਿਰਫ ਸਮਾਜ ਪ੍ਰਤੀ ਆਪਣਾ ਫਰਜ਼ ਅਦਾ ਕਰ ਰਿਹਾ ਹੈ। ਰਕੇਸ਼ ਨਰੂਲਾ ਦਾ ਸਫਰ ਅੱਜ ਤੱਕ ਲਗਾਤਾਰ ਜਾਰੀ ਹੈ । ਹੁਣ ਤਾਂ ਉਸ ਨੂੰ ਖੁਦ ਵੀ ਯਾਦ ਨਹੀਂ ਕਿ ਉਹ ਕਿੰਨੇ ਲੋਕਾਂ ਦੀ ਸਹਾਇਤਾ ਕਰ ਚੁੱਕਿਆ ਹੈ। ਉਸ ਨੇ ਦੱਸਿਆ ਕਿ ਸ਼ਰੂਆਤੀ ਦੌਰ ’ਚ ਲੋਕ ਹੱਸਦੇ ਸਨ ਪਰ ਮਗਰੋਂ ਸਾਥ ਦੇਣ ਲੱਗ ਪਏ ਜਿਸ ਦੀ ਬਦੌਲਤ ਉਸ ਦੀ ਰਾਹ ਅਸਾਨ ਹੋ ਗਈ ਹੈ।
ਨੌਜਵਾਨ ਰਕੇਸ਼ ਨਰੂਲਾ ਵਾਲੇ ਰਾਹ ਤੇ ਤੁਰਨ
ਸਮਾਜਕ ਕਾਰਕੁੰਨ ਅਤੇ ਪੰਜਾਬੀ ਯੂਨੀਵਰਸਿਟੀ ਚੇਤਰੀ ਕੇਂਰ ਦੇ ਸਾਬਕਾ ਮੁਖੀ ਪ੍ਰੋਫੈਸਰ ਡਾ ਜੀਤ ਸਿੰਘ ਜੋਸ਼ੀ ਦਾ ਕਹਿਣਾ ਹੈ ਕਿ ਰਕੇਸ਼ ਨਰੂਲਾ ਵੱਲੋਂ ਨਿਭਾਏ ਜਾ ਰਹੇ ਇਨਸਾਨੀ ਫਰਜ਼ ਦੀ ਜਿੰਨੀਂ ਵੀ ਸ਼ਲਾਘਾ ਕੀਤੀ ਜਾਏ ਘੱਟ ਹੈ । ਉਨਾਂ ਆਖਿਆ ਕਿ ਉਮਰ ਦੇ ਜਿਸ ਮੁਕਾਮ ਤੇ ਉਨਾਂ ਵੱਲੋਂ ਲੋਕ ਸੇਵਾ ਕੀਤੀ ਜਾ ਰਹੀ ਹੈ ਉਸ ਤੋਂ ਅੱਜ ਦੇ ਨੌਜਵਾਨ ਪ੍ਰੇਰਣਾ ਲੈਣ ਅਤੇ ਉਸੇ ਰਾਹ ਤੇ ਤੁਰਨ। ਉਨਾਂ ਅਖਿਆ ਕਿ ਅਸਲ ਵਿੱਚ ਕਈ ਲੋਕਾਂ ’ਚ ਇਹ ਗੱਲ ਭਾਰੂ ਹੁੰਦੀ ਹੈ ਕਿ ਮਨੁੱਖੀ ਜਾਮਾ ਵਾਰ ਵਾਰ ਨਹੀਂ ਮਿਲਦਾ ਤਾਹੀਂਓਂ ਉਹ ਮਨੁਖਤਾ ਦੀ ਸੇਵਾ ਕਰਦੇ ਰਹਿੰਦੇ ਹਨ।