ਸੰਗਰੂਰ: ਪਾਬੰਦੀਆਂ ਵਿਚ ਕੁਝ ਰਾਹਤ ਜ਼ਰੂਰ, ਪਰ ਕੋਵਿਡ ਸਾਵਧਾਨੀਆਂ ਦੀ ਪਾਲਣਾ ਜ਼ਰੂਰੀ - ਡੀ ਸੀ
ਦੀਦਾਰ ਗੁਰਨਾ
- ਜ਼ਿਲ੍ਹਾ ਵਾਸੀ ਆਪਣੀ ਵਾਰੀ ਆਉਣ ’ਤੇ ਵੈਕਸੀਨੇਸ਼ਨ ਜ਼ਰੂਰ ਕਰਵਾਉਣ-ਰਾਮਵੀਰ
ਸੰਗਰੂਰ, 3 ਜੂਨ 2021 - ਕੋਰੋਨਾਵਾਇਰਸ ਦੇ ਮਾਮਲਿਆਂ ਦੇ ਕੁਝ ਘਟਣ ਨਾਲ ਪ੍ਰਸ਼ਾਸਨ ਵੱਲੋਂ ਪਾਬੰਦੀਆਂ ਵਿਚ ਢਿੱਲ ਦਿੱਤੀ ਗਈ ਹੈ ਪਰ ਕੋਵਿਡ ਦੀਆਂ ਸਾਵਧਾਨੀਆਂ ਅਜੇ ਵੀ ਵਰਤਣੀਆਂ ਬਹੁਤ ਜ਼ਰੂਰੀ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਹਫ਼ਤਾਵਾਰੀ ਫੇਸਬੁੁੱਕ ਲਾਈਵ ਪ੍ਰੋਗਰਾਮ ਦੌਰਾਨ ਜ਼ਿਲ੍ਹਾ ਵਾਸੀਆਂ ਨਾਲ ਸਾਂਝੀ ਕੀਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਾਬੰਦੀਆਂ ਵਿਚ ਢਿੱਲ ਕੋਵਿਡ ਦੇ ਮਾਮਲੇ ਘੱਟਣ ਕਾਰਨ ਦਿੱਤੀ ਗਈ ਹੈ, ਬਾਵਜ਼ੂਦ ਜ਼ਿਲ੍ਹਾ ਵਾਸੀਆਂ ਨੰੂ ਕੋਰੋਨਾ ਮਹਾਂਮਾਰੀ ਦੀਆਂ ਸਾਵਧਾਨੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਕਰੋਨਾ ਦੇ ਲੱਛਣ ਆਉਣ ਤੇ ਤੁਰੰਤ ਕੋਵਿਡ ਜਾਂਚ ਕਰਵਾਉਣੀ ਚਾਹੀਦੀ ਹੈ, ਤਾਂ ਜੋ ਬਿਮਾਰੀ ਨੂੰ ਗੰਭੀਰ ਹੋਣ ਤੋਂ ਪਹਿਲਾ ਇਲਾਜ ਕਰ ਲਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਲਗਭਗ 90 ਫ਼ੀ ਸਦੀ ਕੋਰੋਨਾ ਪਾਜ਼ਿਟਿਵ ਘਰ ਵਿਚ ਇਕਾਂਤਵਾਸ ਹਨ ਤੇ ਉਨ੍ਹਾਂ ਨੰੂ ਫਤਿਹ ਕਿੱਟ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿੱਟ ਵਿਚ ਦਵਾਈਆਂ ਤੋਂ ਇਲਾਵਾ ਸਟੀਮਰ, ਪਲਸ ਆਕਸੀਮੀਟਰ ਆਦਿ ਹੁੰਦਾ ਹੈ। ਉਨ੍ਹਾਂ ਕਿਹਾ ਕਿ ਆਕਸੀਮੀਟਰ ਨਾਲ ਪਲਸ ਅਤੇ ਆਕਸੀਜਨ ਦਾ ਪੱਧਰ ਚੈਕ ਕੀਤਾ ਜਾਂਦਾ ਹੈ। ਸ਼੍ਰੀ ਰਾਮਵੀਰ ਨੇ ਕਿਹਾ ਕਿ ਜੇਕਰ ਆਕਸੀਜਨ ਦਾ ਪੱਧਰ 94 ਤੋਂ ਘੱਟ ਆਉਂਦਾ ਹੈ ਤਾਂ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹੁਣ ਹਰੇਕ ਮਰੀਜ਼ ਨੰੂ ਇਕ ਡਾਕਟਰ ਦਾ ਨੰਬਰ ਦਿੱਤਾ ਜਾਂਦਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਆਉਣ ’ਤੇ ਸਿੱਧਾ ਡਾਕਟਰ ਨਾਲ ਸੰਪਰਕ ਕੀਤਾ ਜਾ ਸਕੇ।
ਸ਼੍ਰੀ ਰਾਮਵੀਰ ਨੇ ਵਪਾਰ ਮੰਡਲ ਦੇ ਵਿਅਕਤੀਆਂ ਨੰੂ ਅਪੀਲ ਕਰਦਿਆਂ ਕਿਹਾ ਕਿ ਉਹ ਅਪਣੀ ਵਾਰੀ ਆਉਣ ’ਤੇ ਕੋਵਿਡ ਰੋਕੂ ਟੀਕਾ ਜ਼ਰੂਰ ਲਵਾਉਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ 14 ਥਾਵਾਂ ’ਤੇ ਟੀਕਾਕਰਨ ਹੋ ਰਿਹਾ ਹੈ ਤੇ ਇਸ ਤੋਂ ਇਲਾਵਾ ਸ਼ਹਿਰਾਂ ’ਤੇ ਪਿੰਡਾਂ ਵਿਚ ਵਿਸ਼ੇਸ਼ ਕੈਂਪ ਵੀ ਲਗਾਏ ਜਾ ਰਹੇ ਹਨ। ਉਨ੍ਹਾਂ ਕਿਸਾਨਾਂ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਕਿਸਾਨ ਝੌਨੇ ਦੀ ਸਿੱਧੀ ਬਿਜਾਈ ਕਰਨ ਤਾਂ ਜੋ ਧਰਤੀ ਹੇਠਲੇ ਪਾਣੀ ਦੀ ਬੱਚਤ ਹੋ ਸਕੇ। ਉਨ੍ਹਾਂ ਕਿਹਾ ਕਿ ਝੌਨੇ ਦੀ ਸਿੱਧੀ ਬਿਜਾਈ ਨਾਲ ਫ਼ਸਲ ਦਾ ਝਾੜ ਵੀ ਵਧੀਆ ਹੁੰਦਾ ਹੈ ਤੇ ਖ਼ਰਚਾ ਵੀ ਘੱਟ ਹੁੰਦਾ ਹੈ।