ਹਰਿੰਦਰ ਨਿੱਕਾ
- ਨਾਗਰਿਕਾਂ ਨੂੰ ਵਾਪਸ ਭੇਜਣ ਤੇ ਲੈ ਕੇ ਆਉਣ ਮੌਕੇ ਵਰਤੀਆਂ ਜਾ ਰਹੀਆਂ ਹਨ ਲੋੜੀਂਦੀਆਂ ਸਾਵਧਾਨੀਆਂ: ਘਨਸ਼ਿਆਮ ਥੋਰੀ
ਸੰਗਰੂਰ, 30 ਅਪ੍ਰੈਲ 2020 - ਕੋਵਿਡ -19 ਦੀ ਮਹਾਂਮਾਰੀ ਨੂੰ ਰੋਕਣ ਲਈ ਪੰਜਾਬ ਵਿਚ ਲਗਾਏ ਗਏ ਕਰਫ਼ਿਊ ਕਾਰਨ ਸੰਗਰੂਰ 'ਚ ਫਸੇ ਜੰਮੂ ਕਸ਼ਮੀਰ ਦੇ 120 ਵਿਅਕਤੀਆਂ ਨੂੰ ਅੱਜ ਵਿਸ਼ੇਸ਼ ਬੱਸਾਂ ਰਾਹੀਂ ਘਰਾਂ ਨੂੰ ਰਵਾਨਾ ਕੀਤਾ ਗਿਆ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਜ਼ਿਲੇ 'ਚ ਫਸੇ ਬਾਹਰਲੇ ਸੂਬਿਆਂ ਦੇ ਵਿਅਕਤੀਆਂ ਨੂੰ ਘਰ ਭੇਜਣ ਲਈ ਲੋੜੀਂਦੇ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਅੱਜ ਜ਼ਿਲੇ ਦੀਆਂ 6 ਸਬ ਡਵੀਜ਼ਨਾਂ ਸੰਗਰੂਰ, ਸੁਨਾਮ, ਖਨੌਰੀ, ਅਹਿਮਦਗੜ੍ਹ, ਮਲੇਰਕੋਟਲਾ ਅਤੇ ਧੂਰੀ 'ਚੋਂ 3 ਵਿਸ਼ੇਸ਼ ਬੱਸਾਂ ਰਾਹੀਂ ਇਨਾਂ ਵਿਅਕਤੀਆਂ ਨੂੰ ਮੁੜ ਆਪਣੇ ਘਰਾਂ ਨੂੰ ਰਵਾਨਾ ਕੀਤਾ ਗਿਆ।
ਸ਼੍ਰੀ ਘਨਸ਼ਿਆਮ ਥੋਰੀ ਨੇ ਕਿਹਾ ਕਿ ਇਹ ਸਾਰੇ ਵਿਅਕਤੀ ਜੰਮੂ ਕਸ਼ਮੀਰ ਦੇ ਵੱਖ-ਵੱਖ ਜ਼ਿਲਿਆਂ ਨਾਲ ਸਬੰਧਤ ਹਨ ਅਤੇ ਇਨਾਂ ਵਿਚ ਮਜ਼ਦੂਰ, ਵਿਦਿਆਰਥੀ ਤੇ ਕਈ ਅਪਣੇ ਰਿਸ਼ਤੇਦਾਰਾਂ ਨੂੰ ਮਿਲਣ ਪੰਜਾਬ ਆਏ ਸਨ ਪਰ ਕਰਫ਼ਿਊ ਲੱਗ ਜਾਣ ਕਾਰਨ ਇੱਥੇ ਫ਼ਸ ਗਏ ਸਨ। ਉਨਾਂ ਕਿਹਾ ਕਿ ਇਸਦੇ ਨਾਲ ਸੰਗਰੂਰ ਜ਼ਿਲੇ ਦੇ ਵਾਸੀ ਜੋ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਫਸੇ ਹੋਏ ਹਨ ਦੀ ਵਾਪਸੀ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਨਾਗਰਿਕਾਂ ਨੂੰ ਵਾਪਸ ਭੇਜਣ ਤੇ ਲੈ ਕੇ ਆਉਣ ਮੌਕੇ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣੀਆਂ ਯਕੀਨੀ ਬਣਾਈਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਕੋਵਿਡ-19 ਨਾਲ ਪ੍ਰਭਾਵਿਤ ਇਲਾਕਿਆਂ 'ਚੋਂ ਵਾਪਸ ਸੰਗਰੂਰ ਆਉਣ ਵਾਲੇ ਸਾਰੇ ਲੋਕਾਂ ਦੇ ਟੈਸਟ ਕਰਵਾਉਣੇ ਵੀ ਯਕੀਨੀ ਬਣਾਏ ਜਾ ਰਹੇ ਹਨ।