ਅਸ਼ੋਕ ਵਰਮਾ
- ਸਰਕਾਰ ਵੱਲੋਂ ਨਾ ਬਹੁੜਨ ਦੀ ਆਲੋਚਨਾ ਕੀਤੀ
ਬਠਿੰਡਾ, 31 ਮਾਰਚ 2020 - ਲੋਕ ਸੰਗਰਾਮ ਮੰਚ ,ਭਾਰਤੀ ਕਿਸਾਨ ਕ੍ਰਾਂਤੀਕਾਰੀ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਨੇ ਸਾਂਝੀ ਵਲੰਟੀਅਰ ਟੀਮ ਬਣਾ ਕੇ ਪਿੰਡ ਰਾਮਪੁਰਾ ਵਿਖੇ ਸੱਤਰ ਦੇ ਕਰੀਬ ਘਰਾਂ ਨੂੰ ਰਾਸ਼ਨ ਵੰਡਿਆ ।ਇਹ ਰਾਸ਼ਨ ਪਿੰਡ ਵਾਸੀਆਂ ਤੋਂ ਇਕੱਠਾ ਕੀਤਾ ਗਿਆ ਸੀ । ਖਾਸ ਗੱਲ ਇਹ ਰਹੀ ਕਿ ਪਿੰਡ ਰਾਮਪੁਰਾ ਵਿਖੇ ਰਹਿ ਰਹੇ ਅਲੀਗੜ੍ਹ (ਉੱਤਰ ਪ੍ਰਦੇਸ਼ )ਦੇ ਘੱਟੋ ਘੱਟ ਪੰਜ ਪਰਿਵਾਰਾਂ ਨੂੰ ਵੀ ਪਲਾਇਨ ਕਰਨ ਤੋਂ ਰੋਕ ਲਿਆ ਗਿਆ।
ਵਲੰਟੀਅਰ ਟੀਮ ਨੂੰ ਰਾਸ਼ਨ ਵੰਡਦੇ ਸਮੇਂ ਇਹ ਪਰਿਵਾਰ ਮਿਲੇ ਸਨ ਜੋ ਆਪਣੇ ਛੋਟੇ ਛੋਟੇ ਬੱਚਿਆਂ ਸਮੇਤ ਪੈਦਲ ਸੈਂਕੜੇ ਮੀਲ ਤੁਰਨ ਲਈ ਤਿਆਰ ਹੋ ਚੁੱਕੇ ਸਨ। ਵਲੰਟੀਅਰਾਂ ਦੀ ਮੱਦਦ ਅਤੇ ਪ੍ਰੇਰਨਾ ਸਦਕਾ ਉਨ੍ਹਾਂ ਨੇ ਇੱਥੇ ਹੀ ਟਿਕਣ ਦਾ ਫ਼ੈਸਲਾ ਕਰ ਲਿਆ ਇਸ ਤੋਂ ਇਲਾਵਾ ਤਿੰਨ ਬਿਹਾਰੀ ਨੌਜਵਾਨਾਂ ਨੂੰ ਵੀ ਇੱਥੇ ਹੀ ਰਹਿਣ ਲਈ ਪ੍ਰੇਰਤ ਕਰ ਲਿਆ ਅਤੇ ਉਨ੍ਹਾਂ ਨੂੰ ਵੀ ਰਾਸ਼ਨ ਆਦਿ ਮੁਹੱਈਆ ਕੀਤਾ। ਪ੍ਰੈੱਸ ਦੇ ਨਾਮ ਬਿਆਨ ਵੀ ਜਾਰੀ ਕਰਦਿਆਂ ਲੋਕ ਸੰਗਰਾਮ ਮੰਚ ਦੀ ਸੂਬਾ ਸਕੱਤਰ ਸੁਖਵਿੰਦਰ ਕੌਰ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਪਿੰਡ ਪ੍ਰਧਾਨ ਗੁਰਜੰਟ ਸਿੰਘ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਪਿੰਡ ਪ੍ਰਧਾਨ ਬੱਗਾ ਸਿੰਘ ਨੇ ਕਿਹਾ ਕਿ ਸੰਘਰਸ਼ਸ਼ੀਲ ਜਥੇਬੰਦੀਆਂ, ਸਵੈ ਸੇਵੀ ਜਥੇਬੰਦੀਆਂ ਅਤੇ ਧਾਰਮਿਕ ਸੰਸਥਾਵਾਂ ਭਾਵੇਂ ਜ਼ੋਰ ਸ਼ੋਰ ਨਾਲ ਇਸ ਔਖੀ ਘੜੀ ਲੋਕਾਂ ਦਾ ਸਾਥ ਦੇ ਰਹੀਆਂ ਹਨ ਪਰ ਸਰਕਾਰ ਦੀ ਤਰਫ਼ੋਂ ਹਾਲੇ ਗ਼ਰੀਬਾਂ ਲਈ ਧੇਲੇ ਦੀ ਮੱਦਦ ਨਹੀਂ ਪਹੁੰਚੀ ਜੋ ਕਿ ਹਾਲਤ ਨੂੰ ਬੇਹੱਦ ਖਰਾਬ ਕਰ ਦੇਣ ਵਾਲੀ ਗੱਲ ਹੈ।
ਆਗੂਆਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਨਿੱਤ ਦਿਹਾੜੀ ਕਮਾ ਕੇ ਖਾਣ ਵਾਲੇ ਲੋਕਾਂ ਦੀ ਤੁਰੰਤ ਵਿੱਤੀ ਮਦਦ ਕੀਤੀ ਜਾਵੇ ਤਾਂ ਜੋ ਉਹ ਦਾਨ ਦੇ ਰਹਿਮੋ ਕਰਮ ਦੀ ਬਜਾਏ ਖੁਦ ਖਰੀਦ ਕੇ ਆਪਣੀਆਂ ਲੋੜਾਂ ਪੂਰੀਆਂ ਕਰ ਸਕਣ ।ਆਗੂਆਂ ਨੇ ਇਸ ਔਖੀ ਘੜੀ ਸਰਕਾਰ ਵੱਲੋਂ ਰੱਖੇ ਰਿਜ਼ਰਵ ਭੰਡਾਰ ਨੂੰ ਵਰਤਣ ਦੀ ਵੀ ਅਪੀਲ ਕੀਤੀ ।ਉਨ੍ਹਾਂ ਸਰਕਾਰਾਂ ਵੱਲੋਂ ਲੋਕਾਂ ਤੋਂ ਮੰਗੇ ਜਾ ਰਹੇ ਦਾਨ ਦੀ ਆਲੋਚਨਾ ਕੀਤੀ।ਉਨ੍ਹਾਂ ਨੇ ਕਿਹਾ ਹੁਣ ਤੱਕ ਵੱਡੀਆਂ ਵੱਡੀਆਂ ਕੰਪਨੀਆਂ ਅਤੇ ਕਲਾਕਾਰਾਂ ਆਦਿ ਵੱਲੋਂ ਐਲਾਨ ਕੀਤੀਆਂ ਗਈਆਂ ਵੱਡੀਆਂ ਦਾਨ ਦੀਆਂ ਰਕਮਾਂ ਦਾ ਵੀ ਕੋਈ ਪੈਸਾ ਜਨਤਾ ਤੱਕ ਨਹੀਂ ਪੁੱਜਾ ਹੈ ਇਸ ਕਰਕੇ ਇਹ ਕੇਵਲ ਮਸ਼ਹੂਰੀ ਦਾ ਸਟੰਟ ਹੀ ਬਣਿਆ ਹੋਇਆ ਹੈ ।