ਅਸ਼ੋਕ ਵਰਮਾ
ਬਠਿੰਡਾ, 19 ਅਪ੍ਰੈਲ 2020 - ਝੋਨਾ-ਕਣਕ ਦੇ ਰਵਾਇਤੀ ਫ਼ਸਲੀ ਚੱਕਰ ’ਚ ਗਰਮ ਰੁੱਤ ਦੀ ਸੱਠੀ ਮੂੰਗੀ ਕਿਸਾਨਾਂ ’ਚ ਦਿਨ-ਬ-ਦਿਨ ਮਕਬੂਲ ਤੇ ਵਰਦਾਨ ਸਾਬਤ ਹੋ ਰਹੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਉੱਘੇ ਖੇਤੀ ਮਾਹਿਰ ਡਾ. ਜਸਵੀਰ ਸਿੰਘ ਗੁੰਮਟੀ ਨੇ ਮੁੱਖ ਖੇਤੀਬਾੜੀ ਅਫਸਰ, ਬਠਿੰਡਾ ਡਾ. ਸੁਸ਼ੀਲ ਕੁਮਾਰ ਦੇ ਦਿਸ਼ਾ-ਨਿਰਦੇਸ਼ਾ ਹੇਠ ਕਿਸਾਨਾਂ ਨਾਲ ਸਾਝੇਂ ਕੀਤੇ।
ਉਨ੍ਹਾਂ ਕਿਹਾ ਕਿ ਆਲੂਆਂ ਤੇ ਕਣਕ ਦੀ ਫ਼ਸਲ ਤੋਂ ਬਾਅਦ ਝੋਂਨਾ/ਬਾਸਮਤੀ ਦੀ ਲਵਾਈ ਤੋਂ ਪਹਿਲਾਂ 2-2.5 ਮਹੀਨੇ ਜਮੀਨਾਂ ਖਾਲੀ ਹੁੰਦੀਆਂ ਹਨ, ਜਿਸ ਦੌਰਾਨ ਕਿਸਾਨ ਸੱਠੀ ਮੂੰਗੀ ਦੀ ਕਾਸ਼ਤ ਕਰਕੇ ਘੱਟ ਤੋਂ ਘੱਟ 35-40 ਹਜਾਰ ਰੁਪਏ ਅਸਾਨੀ ਨਾਲ ਕਮਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਖੇਤਬਾੜੀ ਯੂਨੀਵਰਸਿਟੀ 20 ਮਾਰਚ ਤੋਂ 10 ਅਪ੍ਰੈਲ ਤੱਕ ਸੱਠੀ ਮੂੰਗੀ ਦੀ ਸਿਫਾਰਸ਼ ਕਰਦੀ ਹੈ, ਪ੍ਰੰਤੂ ਮਹਿਕਮਾ ਖੇਤੀਬਾੜੀ ਦੇ ਪਿਛਲੇ ਸਾਲਾ ਦੇ ਤਜਰਬੇ ਇਹ ਸਾਬਤ ਕਰਦੇ ਹਨ ਕਿ ਇਹ ਫਸਲ ਅਗਰ 30 ਅਪ੍ਰੈਲ ਤੱਕ ਵੀ ਬੀਜੀ ਜਾਵੇ ਤਾਂ ਵੀ ਕਿਸਾਨਾਂ ਨੂੰ ਚੋਖਾ ਮੁਨਾਫ਼ਾ ਦੇ ਦਿੰਦੀ ਹੈ।
ਡਾ: ਗੁੰਮਟੀ ਨੇ ਕਿਹਾ ਫਲੀਦਾਰ ਫਸਲ ਹੋਣ ਕਰਕੇ ਇਸਨੂੰ ਖਾਦਾਂ ਦੀ ਬਹੁਤ ਘੱਟ ਜਰੂਰਤ ਪੈਂਦੀ ਹੈ।ਉਹਨਾਂ ਕਿਸਾਨਾਂ ਨੂੰ ਕਿਹਾ ਆਲੂਆਂ ਤੋਂ ਬਾਅਦ ਬੀਜੀ ਸੱਠੀ ਮੂੰਗੀ ਦੀ ਫਸਲ ਨੂੰ ਕੋਈ ਖਾਦ ਪਾਉਣ ਦੀ ਜਰੂਰਤ ਨਹੀ ਜਦੋਂ ਕਿ ਕਣਕ ਦੀ ਫਸਲ ਤੋਂ ਬਾਅਦ ਬੀਜੀ ਫਸਲ ਨੂੰ ਸਿਰਫ 10-11 ਕਿੱਲੋਂ ਯੂਰੀਆਂ ਅਤੇ 100 ਕਿੱਲੋਂ ਸਿੰਗਲ ਸੁਪਰਫਾਸਫੇਟ ਖਾਦ ਪਾਉਣੀ ਪੈਂਦੀ ਹੈ ਇਹ ਸਾਰੀਆਂ ਸਿਫਾਰਸ਼ੀ ਖਾਦਾ ਬਿਜਾਈ ਸਮੇਂ ਹੀ ਪਾ ਦੇਣੀਆਂ ਚਾਹੀਦੀਆਂ ਹਨ।
ਡਾ. ਗੁੰਮਟੀ ਨੇ ਦੱਸਿਆਂ ਕਿ ਸੱਠੀ ਮੂੰਗੀ ਤੇ ਬਹੁਤ ਜਿਆਦਾਂ ਕੀੜੇ-ਮਕੌੜੇ ਨਹੀ ਆਉਂਦੇ ਸਿਰਫ ਭੂਰੀ ਜੂੂੰ, ਤੰਬਾਕੂ ਵਾਲੀ ਸੁੰਡੀ ਤੇ ਫਲੀਆਂ ਦੀ ਸੁੰਡੀ ਥੋੜਾ ਬਹੁਤਾ ਆ ਸਕਦੀ ਹੈ। ਜਿਨ੍ਹਾਂ ਦੀ ਰੋਕਥਾਮ ਲਈ ਭੂੰਰੀ ਜੂੰ ਲਈ 100 ਮਿਲੀ: ਰੋਗਰ, ਤੰਬਾਕੂ ਦੀ ਸੁੰਡੀ ਲਈ 150 ਮਿਲੀ: ਰਿਮੋਨ ਅਤੇ ਫਲੀਆਂ ਦੀ ਸੁੰਡੀ ਵਾਸਤੇ 60 ਗ੍ਰਾਮ ਟਰੇਸਰ ਪ੍ਰਤੀ ਏਕੜ ਆਦਿ ਕੀੜੇਮਾਰ ਜਹਿਰਾਂ ਦਾ ਛਿੜਕਾਅ ਕਰਕੇ ਸਸਤਾ ਤੇ ਪ੍ਰਭਾਵਸਾਲੀ ਕੰਟਰੋਲ ਕੀਤਾ ਜਾ ਸਕਦਾ ਹੈ। ਖੇਤੀ ਮਾਹਿਰਾਂ ਨੇ ਕਿਹਾ ਕਿ ਸਠੀ ਮੂੰਗੀ ਦਾ ਬੀਜ ਮਹਿਕਮਾਂ ਖੇਤੀਬਾੜੀ ਅਤੇ ਰਜਿਸਟਰ ਡੀਲਰਾ ਕੋਲੋ (ਤਸ਼ਦੀਕਸ਼ੁਦਾ)ਅਸਾਨੀ ਨਾਲ ਕਿਸਾਨ ਵੀਰ ਪ੍ਰਾਪਤ ਕਰ ਸਕਦੇ ਹਨ।
ਇਸ ਮੌਕੇ ਖੇਤੀਬਾੜੀ ਅਫਸਰ, ਫੂਲ ਡਾ. ਜਗਦੀਸ਼ ਸਿੰਘ ਨੇ ਦੱਸਿਆ ਕਿ ਸੱਠੀ ਮੂੰਗੀ ਦੀ ਐਸ ਐਮ ਐਲ -832, 668, 1827 ਤੇ ਟੀ ਐਮ ਬੀ-37 ਕਿਸਮਾਂ ਦੀ ਸਿਫਾਰਸ਼ਾ ਯੂਨੀਵਰਸਿਟੀ ਵੱਲੋਂ ਕੀਤੀ ਜਾਂਦੀ ਹੈ,ਜੋ ਪੱਕਣ ਵਿੱਚ ਸਿਰਫ 60-61 ਦਿਨ ਲੈਂਦੀਆ ਹਨ। ਇਹਨਾ ਦਾ ਔਸਤ ਝਾੜ 5.5-6 ਕੁਇੰਟਲ ਅਸਾਨੀ ਨਾਲ ਪ੍ਰਤੀ ਏਕੜ ਮਿਲ ਜਾਦਾਂ ਹੈ।
ਖੇਤੀ ਮਾਹਿਰਾ ਨੇ ਕਿਸਾਨਾਂ ਨੂੰ ਕਿਹਾ ਕਿ ਸੱਠੀ ਮੂੰਗੀ ਦੇ ਬੀਜ ਨੂੰ ਜੀਵਾਣੂ ਖਾਦ ਦਾ ਟੀਕਾ ਲਾ ਕੇ ਬਿਜਾਈ ਪੱਧਰੀ ਜਾਂ ਬੈਡਾਂ ਤੇ ਕੀਤੀ ਜਾ ਸਕਦੀ ਹੈ। ਪ੍ਰੰਤੂ ਜੇ ਬੈਡਾਂ ਤੇ ਕਿਸਾਨ ਵੀਰ ਬਿਜਾਈ ਕਰਨ ਤਾ 20-30 ਪ੍ਰਤੀਸ਼ਤ ਪਾਣੀ ਦੀ ਬੱਚਤ ਹੋਣ ਦੇ ਨਾਲ-ਨਾਲ 10 ਪ੍ਰਤੀਸ਼ਤ ਵੱਧ ਝਾੜ ਪ੍ਰਤੀ ਏਕੜ ਵੱਧ ਮਿਲਦਾ ਹੈ। ਡਾ: ਗੁੰਮਟੀ ਨੇ ਕਿਸਾਨਾ ਨੂੰ ਕਿਹਾ ਬੀਜ ਦੀ ਮਾਤਰਾ ਦੇ ਮਾਮਲੇ ਵਿੱਚ ਉਹ ਵੀ ਕਿਰਸ ਨਾ ਕਰਨ ਇਸ ਵਾਸਤੇ ਐਸ ਐਮ ਐਲ -668 ਕਿਸਮ ਦਾ ਬੀਜ 15 ਕਿੱਲੋਂ ਪ੍ਰਤੀ ਏਕੜ ਦੀ ਵਰਤੋਂ ਕਰਨ ਜਦ ਕਿ ਬਾਕੀ ਕਿਸਮਾਂ ਦਾ 12 ਕਿੱਲੋਂ ਬੀਜ ਪ੍ਰਤੀ ਏਕੜ ਦੀ ਸਿਫਾਰਸ਼ ਕੀਤੀ ਜਾਂਦੀ ਹੈ।
ਡਾ. ਜਗਦੀਸ਼ ਸਿੰਘ ਤੇ ਡਾ. ਗੁੰਮਟੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਸੱਠੀ ਮੂੰਗੀ ਦੀ ਬਿਜਾਈ ਕਰਕੇ ਵਾਧੂ ਮੁਨਾਫਾ ਕਮਾਉਣ ਦੇ ਨਾਲ-ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ, ਘਰੇਲੂ ਦਾਲਾਂ ਦੀ ਲੋੜ ਪੂਰੀ ਕਰਨ ਅਤੇ ਦੇਸ਼ ਦਾ ਸਰਮਾਇਆ (ਦਾਲਾਂ ਦੀ ਦਰਾਮਦ) ਬਚਾਉਣ।