ਅਸ਼ੋਕ ਵਰਮਾ
- ਸ੍ਰੀ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਨੂੰ ਸਰਾਵਾਂ ‘ਚ ਤਬਦੀਲ ਕਰਨ ਲਈ ਆਖਿਆ
ਮਾਨਸਾ, 3 ਮਈ 2020 - ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਬਾਰਦਾਨੇ ਦੀ ਭਾਰੀ ਕਮੀ ਹੋਣ ਕਰਕੇ ਇਸ ਜ਼ਿਲੇ ਦੀਆਂ ਬਹੁਤ ਸਾਰੀਆਂ ਮੰਡੀਆਂ ਵਿਚ ਕਣਕ ਦੀ ਚੁਕਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ, ਜਿਸ ਨਾਲ ਮੰਡੀਆਂ ‘ਚ ਕਣਕ ਦੇ ਅੰਬਾਰ ਲੱਗ ਰਹੇ ਹਨ ਅਤੇ ਸਿਹਤ ਲਈ ਖਤਰਾ ਖੜਾ ਹੋ ਗਿਆ ਹੈ। ਅੱਜ ਕੇਂਦਰੀ ਮੰਤਰੀ ਨੇ ਬਰੇਟਾ ਮੰਡੀ ਦਾ ਦੌਰਾ ਕੀਤਾ, ਜਿੱਥੇ ਉਹ ਕਿਸਾਨਾਂ ਅਤੇ ਆੜਤੀਆਂ ਨੂੰ ਮਿਲੇ। ਇਸ ਮੌਕੇ ਉਹਨਾਂ ਡਿਪਟੀ ਕਮਿਸ਼ਨਰ ਨਾਲ ਵੀ ਗੱਲਬਾਤ ਕੀਤੀ ਅਤੇ ਕਣਕ ਦੀ ਚੁਕਾਈ ਵਿਚ ਤੇਜ਼ੀ ਲਿਆਉਣ ਲਈ ਆਖਿਆ। ਉਹਨਾਂ ਦਾਣਾ ਮੰਡੀ ਵਿਚ ਕਿਸਾਨਾਂ ਅਤੇ ਵਪਾਰੀਆਂ ਲਈ ਸਾਫ ਸਫਾਈ ਦੇ ਪ੍ਰਬੰਧ ਨਾ ਕਰਨ ਲਈ ਮੰਡੀ ਦੇ ਅਧਿਕਾਰੀਆਂ ਦੀ ਖਿਚਾਈ ਕੀਤੀ। ਇਸ ਮੌਕੇ ਉਹਨਾਂ ਨੇ ਮੰਡੀ ਵਿਚ ਮੌਜੂਦ ਸਾਰੇ ਲੋਕਾਂ ਨੂੰ ਸੈਨੇਟਾਈਜ਼ਰ ਦੀਆਂ ਬੋਤਲਾਂ ਵੀ ਵੰਡੀਆਂ।
ਬੀਬਾ ਬਾਦਲ ਨੇ ਕਿਹਾ ਕਿ ਕੋਵਿਡ-19 ਦੀ ਰੋਕਥਾਮ ਲਈ ਕੌਮੀ ਸਿਹਤ ਮਿਸ਼ਨ ਤਹਿਤ 112 ਕਰੋੜ ਰੁਪਏ ਹਾਸਿਲ ਕਰਨ ਤੋਂ ਇਲਾਵਾ ਪੰਜਾਬ ਇਸ ਸਾਲ ਵਾਸਤੇ ਆਫਤ ਰਾਹਤ ਮਿਸ਼ਨ ਦੀ ਪਹਿਲੀ ਕਿਸ਼ਤ ਵਜੋਂ 247 ਕਰੋੜ ਰੁਪਏ ਹਾਸਿਲ ਕਰ ਚੁੱਕਿਆ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸੂਬੇ ਕੋਲ ਸਟੇਟ ਆਫਤ ਰਾਹਤ ਫੰਡ ਵਜੋਂ 6 ਹਜ਼ਾਰ ਕਰੋੜ ਰੁਪਿਆ ਜਮਾਂ ਪਿਆ ਹੈ। ਉਹਨਾਂ ਕਿਹਾ ਕਿ ਜੀਐਸਟੀ ਰਾਹਤ ਵਜੋਂ 4 ਹਜ਼ਾਰ ਕਰੋੜ ਰੁਪਏ ਹਾਸਿਲ ਕਰਨ ਸਮੇਤ ਇੰਨੇ ਫੰਡ ਹੋਣ ਦੇ ਬਾਵਜੂਦ ਸੂਬਾ ਸਰਕਾਰ ਇਹ ਦਾਅਵਾ ਕਰ ਰਹੀ ਹੈ ਕਿ ਇਸ ਨੂੰ ਕੇਂਦਰ ਕੋਲੋਂ ਫੰਡ ਨਹੀਂ ਮਿਲੇ ਹਨ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਸਰਕਾਰ ਇਹਨਾਂ ਫੰਡਾਂ ਨੂੰ ਹਾਸਿਲ ਤਾਂ ਕਰ ਚੁੱਕੀ ਹੈ, ਪਰ ਇਸ ਨੇ ਲੋਕਾਂ ਦੀਆਂ ਤਕਲੀਫਾਂ ਦੂਰ ਕਰਨ ਲਈ ਇਹ ਫੰਡ ਖਰਚੇ ਨਹੀਂ ਹਨ।
ਸ੍ਰੀ ਹਜ਼ੂਰ ਸਾਹਿਬ ਦੇ ਸ਼ਰਧਾਲੂਆਂ ਬਾਰੇ ਬੀਬਾ ਬਾਦਲ ਨੇ ਕਿਹਾ ਕਿ ਉਹਨਾਂ ਨਾਲ ਜਿਸ ਤਰਾਂ ਦਾ ਸਲੂਕ ਕੀਤਾ ਜਾ ਰਿਹਾ ਹੈ, ਵੇਖ ਕੇ ਮੇਰਾ ਦਿਲ ਰੋ ਉੱਠਦਾ ਹੈ। ਉਹਨਾਂ ਕਿਹਾ ਕਿ ਵਾਰ ਵਾਰ ਸਾਹਮਣੇ ਆ ਰਹੀਆਂ ਵੀਡਿਓਜ਼ ਨੇ ਵਿਖਾਇਆ ਹੈ ਕਿ ਸੂਬਾ ਸਰਕਾਰ ਨੇ ਇਹਨਾਂ ਸ਼ਰਧਾਲੂਆਂ ਨੂੰ ਅਜਿਹੀਆਂ ਥਾਂਵਾਂ ਉੇਤੇ ਏਕਾਂਤਵਾਸ ਕੀਤਾ ਹੈ, ਜਿੱਥੇ ਮੁੱਢਲੀਆਂ ਸਹੂਲਤਾਂ ਵੀ ਮੌਜੂਦ ਨਹੀਂ ਹਨ। ਉਹਨਾਂ ਕਿਹਾ ਕਿ ਇਹ ਸਭ ਘਟੀਆ ਰਾਜਨੀਤੀ ਕਰਕੇ ਹੋ ਰਿਹਾ ਹੈ। ਐਸਜੀਪੀਸੀ ਨੇ ਇਹਨਾਂ ਸ਼ਰਧਾਲੂਆਂ ਲਈ ਆਪਣੀਆਂ ਸਰਾਵਾਂ ਦੀ ਪੇਸ਼ਕਸ਼ ਦਿੱਤੀ ਹੈ, ਪਰ ਸਰਕਾਰ ਸਿਹਰਾ ਲੈਣ ਦੀ ਦੌੜ ਵਿਚ ਹੈ ਅਤੇ ਇਸ ਨੇ ਜਾਣਬੁੱਝ ਕੇ ਐਸਜੀਪੀਸੀ ਦੀ ਪੇਸ਼ਕਸ਼ ਨੂੰ ਸਵੀਕਾਰ ਨਹੀਂ ਕੀਤਾ। ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸੌੜੀ ਰਾਜਨੀਤੀ ਤਿਆਗ ਦੇਵੇ ਅਤੇ ਇਹਨਾਂ ਸ਼ਰਧਾਲੂਆਂ ਨੂੰ ਐਸਜੀਪੀਸੀ ਦੀਆਂ ਸਰਾਵਾਂ ਅੰਦਰ ਤਬਦੀਲ ਕਰ ਦੇਵੇ ਤਾਂ ਕਿ ਉਹਨਾਂ ਦੀ ਸਹੀ ਦੇਖਭਾਲ ਹੋ ਸਕੇ।
ਬੀਬਾ ਬਾਦਲ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਹਨਾਂ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਲਈ ਉਹਨਾਂ ਗ੍ਰਹਿ ਮੰਤਰੀ ਤਕ ਪਹੁੰਚ ਕੀਤੀ ਸੀ, ਕਿਉਂਕਿ ਇਹ ਉਹਨਾਂ ਦਾ ਫਰਜ਼ ਸੀ। ਉਹਨਾਂ ਕਿਹਾ ਕਿ ਇਹ ਸਾਰੇ ਸ਼ਰਧਾਲੂ ਸਾਡੇ ਭੈਣ ਭਰਾ ਹਨ। ਉਹਨਾਂ ਨੂੰ ਪੰਜਾਬ ਵਿਚ ਆਪਣੇ ਪਰਿਵਾਰਾਂ ਨਾਲ ਮਿਲਾਉਣਾ ਸਾਡਾ ਫਰਜ਼ ਸੀ। ਪੰਜਾਬ ਸਰਕਾਰ ਨੇ ਵਾਪਸੀ ਦੇ ਪ੍ਰਬੰਧਾਂ ਵਿਚ ਵੱਡੀਆਂ ਕੋਤਾਹੀਆਂ ਕਰਕੇ ਇਹਨਾਂ ਸ਼ਰਧਾਲੂਆਂ ਦੀਆਂ ਤਕਲੀਫ਼ਾਂ ਵਧਾ ਦਿੱਤੀਆਂ ਹਨ। ਕੇਂਦਰੀ ਮੰਤਰੀ ਨੇ ਸੈਨੇਟਾਈਜ਼ਰ ਦੀਆਂ ਬੋਤਲਾਂ ਅਤੇ ਨੰਨੀ ਛਾਂ ਸੰਸਥਾ ਦੁਆਰਾ ਤਿਆਰ ਕੀਤੇ ਮਾਸਕ ਬੁਢਲਾਡਾ ਦੀਆਂ ਸਮਾਜ ਸੇਵੀ ਜਥੇਬੰਦੀਆਂ ਨੂੰ ਅੱਗੇ ਲੋਕਾਂ ਵਿਚ ਵੰਡਣ ਲਈ ਦਿੱਤੇ। ਜਾਣ ਤੋਂ ਪਹਿਲਾਂ ਉੁਹਨਾਂ ਪੁਲਿਸ ਕਰਮੀਆਂ ਨੂੰ ਵੀ ਸੈਨੇਟਾਈਜ਼ਰ ਅਤੇ ਮਾਸਕ ਦਿੱਤੇ।