ਅਸ਼ੋਕ ਵਰਮਾ
ਬਠਿੰਡਾ, 14 ਮਈ 2020 - ਵਿਧਾਨ ਸਭਾ ਹਲਕਾ ਮੌੜ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਵੀਵਕੋ ਦੇ ਸਾਬਕਾ ਚੇਅਰਮੈਨ ਸੁਖਰਾਜ ਸਿੰਘ ਨੱਤ ਸਵਰਗਵਾਸ ਹੋ ਗਏ ਹਨ। ਉਨਾਂ ਨੂੰ ਅੱਜ ਸਵੇਰੇ ਕਰੀਬ 2 ਵਜੇ ਦਿਲ ਦਾ ਦੌਰਾ ਪਿਆ ਜੋ ਉਨਾਂ ਲਈ ਖਤਰਨਾਕ ਸਾਬਤ ਹੋਇਆ। ਨੱਤ ਦੀ ਉਮਰ ਇਸ ਵੇਲੇ ਕਰੀਬ 52 ਸਾਲ ਸੀ ਅਤੇ ਉਹ ਹਲਕੇ ’ਚ ਕਾਫੀ ਸਰਗਰਮ ਸਨ। ਉਨਾਂ ਦਾ ਅੱਜ ਇਲਾਕੇ ਦੇ ਕਾਂਗਰਸੀ ਵਰਕਰਾਂ ਅਤੇ ਉਨਾਂ ਦੇ ਹਮਾਇਤੀਆਂ ਤੋਂ ਇਲਾਵਾ ਸਾਕ ਸਬੰਧੀਆਂ ਦੀ ਹਾਜਰੀ ’ਚ ਕਰੀਬ 11 ਵਜੇ ਮੌੜ ਮੰਡੀ ਵਿਖੇ ਅੰਤਮ ਸਸਕਾਰ ਕਰ ਦਿੱਤਾ ਗਿਆ। ਪਤਾ ਲੱਗਿਆ ਹੈ ਕਿ ਕਾਂਗਰਸ ਪਾਰਟੀ ਦਾ ਕੋਈ ਵੱਡਾ ਨੇਤਾ ਇਸ ਮੌਕੇ ਹਾਜਰ ਨਾਂ ਹੋਇਆ। ਸ੍ਰੀ ਨੱਤ ਆਪਣੇ ਪਿੱਛੇ ਇੱਕ ਲੜਕਾ ਤੇ ਪਤਨੀ ਛੱਡ ਗਏ ਹਨ।
ਦੱਸਣਯੋਗ ਹੈ ਕਿ ਸ੍ਰੀ ਨੱਤ ਨੇ ਸਭ ਤੋਂ ਪਹਿਲਾਂ ਸਾਲ 2002 ਵਿੱਚ ਕਾਂਗਰਸ ਦੀ ਟਿਕਟ ਤੋਂ ਹਲਕਾ ਜੋਗਾ ਤੋਂ ਚੋਣ ਲੜੀ ਸੀ ਪਰ ਉਹ ਹਾਰ ਗਏ ਸਨ। ਉਸ ਤੋਂ ਬਾਅਦ 2007 ਵਿੱਚ ਉਨਾਂ ਨੂੰ ਕਾਂਗਰਸ ਪਾਰਟੀ ਦੀ ਟਿਕਟ ਨਾ ਮਿਲੀ ਜਿਸ ਕਰਕੇ ਸੁਖਰਾਜ ਸਿੰਘ ਨੱਤ ਨੇ ਰੋਸ ਵਜੋਂ ਆਜ਼ਾਦ ਉਮੀਦਵਾਰ ਵਜੋਂ ਕਿਸਮਤ ਅਜ਼ਮਾਈ ਪਰ ਅਸਫ਼ਲ ਰਹੇ। ਆਪਣੇ ਰਾਜਨੀਤਕ ਸਫਰ ਦੌਰਾਨ ਸਾਲ 2009 ਦੀਆਂ ਸੰਸਦੀ ਚੋਣਾਂ ਵੇਲੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਬਾਦਲ ‘ਚ ਸ਼ਾਮੂਲੀਅਤ ਕਰ ਲਈ । ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਸ੍ਰੀ ਨੱਤ ਕੈਪਟਨ ਅਮਰਿੰਦਰ ਸਿੰਘ ਦੀ ਹਾਜਰੀ ’ਚ ਫਿਰ ਕਾਂਗਰਸ ਪਾਰਟੀ ਵਿੱਚ ਵਾਪਸ ਆ ਗਏ ।
ਕੈਪਟਨ ਕਾਰਨ ਹੀ ਮੰਨਿਆ ਜਾ ਰਿਹਾ ਸੀ ਕਿ ਉਹ ਨਵੇਂ ਬਣੇ ਹਲਕਾ ਮੌੜ ਤੋਂ ਕਾਂਗਰਸ ਦੀ ਟਿਕਟ ਤੇ ਚੋਣ ਲੜਨਗੇ ਪਰ ਉਨਾਂ ਦੀਆਂ ਆਸਾਂ ਨੂੰ ਬੂਰ ਨਾ ਪਿਆ। ਕਾਂਗਰਸ ਦੀ ਟਿਕਟ ਨੱਤ ਦੇ ਸਿਆਸੀ ਵਿਰੋਧੀ ਹਰਮਿੰਦਰ ਸਿੰਘ ਜੱਸੀ ਨੂੰ ਦੇ ਦਿੱਤੀ ਜਿਸ ਦਾ ਉਸ ਦੇ ਧੜੇ ਨੇ ਵਿਰੋਧ ਵੀ ਕੀਤਾ। ਨੱਤ ਨੂੰ ਸਹਿਕਾਰੀ ਅਦਾਰੇ ਵੀਵਕੋ ਦਾ ਚੇਅਰਮੈਨ ਵੀ ਬਣਾਇਆ ਗਿਆ ਸੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ’ਚ ਸਕੱਤਰ ਵਜੋਂ ਵੀ ਨਿਯੁਕਤੀ ਦਿੱਤੀ ਗਈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਨੱਤ ਦੇ ਦਿਹਾਂਤ ’ਤੇ ਪ੍ਰੀਵਾਰ ਨਾਲ ਦੁੱਖ ਪ੍ਰਗਟ ਕਰਦਿਆਂ ਇਸ ਨੂੰ ਕਾਂਗਰਸ ਪਾਰਟੀ ਲਈ ਘਾਟਾ ਦੱਸਿਆ ਹੈ।