← ਪਿਛੇ ਪਰਤੋ
ਫ਼ਿਰੋਜ਼ਪੁਰ 15 ਜੂਨ 2020 : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਫ਼ਿਰੋਜ਼ਪੁਰ ਸ਼ਹਿਰੀ ਖੇਤਰ ਦੇ 137 ਪਿੰਡਾਂ ਦੇ ਵਿਕਾਸ ਲਈ 16 ਕਰੋੜ ਰੁਪਏ ਦੀ ਗ੍ਰਾਂਟ ਮਨਜ਼ੂਰ ਕਰ ਲਈ ਹੈ, ਜੋ ਕਿ ਜਲਦੀ ਹੀ ਜਾਰੀ ਹੋ ਜਾਵੇਗੀ। ਇਨ੍ਹਾਂ ਪੈਸਿਆਂ ਨੂੰ ਖ਼ਰਚ ਕਰਨ ਲਈ ਵਿਕਾਸ ਕਾਰਜਾਂ ਦੀ ਪੂਰੀ ਯੋਜਨਾਬੰਦੀ ਕੀਤੀ ਜਾਵੇਗੀ ਤਾਂ ਜੋ ਕੋਈ ਵੀ ਖੇਤਰ ਵਿਕਾਸ ਕਾਰਜਾਂ ਤੋਂ ਵਾਂਝਾ ਨਾ ਰਹੇ। ਇਹ ਵਿਚਾਰ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਰਕਾਰ ਫ਼ਿਰੋਜ਼ਪੁਰ ਲਈ ਨਿਰੰਤਰ ਪ੍ਰੋਜੈਕਟ ਪਾਸ ਕਰ ਰਹੀ ਹੈ, ਜਿਸ ਤਹਿਤ ਸ਼ਹਿਰੀ ਖੇਤਰਾਂ ਲਈ 9 ਕਰੋੜ ਰੁਪਏ ਦੀ ਗ੍ਰਾਂਟ ਕੁੱਝ ਦਿਨ ਪਹਿਲਾਂ ਜਾਰੀ ਕੀਤੀ ਗਈ ਹੈ। ਹੁਣ ਪਿੰਡਾਂ ਲਈ 16 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਵਿਧਾਇਕ ਪਿੰਕੀ ਨੇ ਕਿਹਾ ਕਿ ਇਨ੍ਹਾਂ ਪੈਸਿਆਂ ਨਾਲ ਹਲਕੇ ਪਿੰਡਾਂ ਦੀ ਕਿਸੇ ਵੀ ਸੜਕ ਜਾਂ ਗਲੀ ਨੂੰ ਕੱਚੇ ਨਹੀਂ ਰਹਿਣ ਦਿੱਤਾ ਜਾਵੇਗਾ। ਹਰੇਕ ਪਿੰਡ ਤੱਕ ਪੱਕੀਆਂ ਸੜਕਾਂ ਦਾ ਜਾਲ ਵਿਛਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹਲਕੇ ਦੇ ਵਿਕਾਸ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।ਇਸ ਤੋਂ ਪਹਿਲਾਂ ਸਾਰੇ ਸਰਕਾਰੀ ਸਕੂਲਾਂ ਵਿਚ ਆਰ.ਓ ਸਿਸਟਮ ਲਗਾਉਣ ਦਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ। ਇਸੇ ਤਰ੍ਹਾਂ ਸ਼ਹਿਰ ਵਿੱਚ ਸ਼ਾਮਲ ਹੋਏ ਕੁੱਝ ਗ੍ਰਾਮੀਣ (ਪੇਂਡੂ) ਇਲਾਕਿਆਂ ਵਿਚ ਸੀਵਰੇਜ ਪਾਉਣ, ਪਾਣੀ ਦੀ ਸਪਲਾਈ ਅਤੇ ਸੜਕਾਂ ਦਾ ਜਾਲ ਵਿਛਾਉਣ ਲਈ ਇੱਕ ਵੱਡੀ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਸ਼ਹਿਰ ਲਗਾਤਾਰ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਅਤੇ ਹੁਣ ਇਹ ਇਲਾਕਾ ਪੱਛੜੇ ਖੇਤਰਾਂ ਵਰਗਾ ਨਹੀਂ ਰਿਹਾ ਕਿਉਂਕਿ ਇੱਥੇ ਬਹੁਤ ਸਾਰੇ ਪ੍ਰਾਜੈਕਟ ਲਿਆਂਦੇ ਗਏ ਹਨ ਅਤੇ ਕਈ ਪ੍ਰਾਜੈਕਟ ਪਾਈਪ ਲਾਈਨ ਵਿੱਚ ਹਨ। ਇੱਥੇ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਕਈ ਵੱਡੇ ਪ੍ਰੋਜੈਕਟਾਂ ਤੇ ਕੰਮ ਚੱਲ ਰਹੇ ਹਨ।
Total Responses : 267