ਜੀ ਐਸ ਪੰਨੂ
- ਪ੍ਰਸ਼ਾਸਨ ਨੇ ਸਿਰਫ ਰੈਡ ਕਰਾਸ ਨੂੰ ਹੀ ਦਿੱਤੀ ਲੰਗਰ ਵੰਡਣ ਦੀ ਮੰਜੂਰੀ
ਪਟਿਆਲਾ, 17 ਅਪ੍ਰੈਲ 2020 - ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਰਾਸ਼ਟਰ ਦੇ ਨਾਮ ਕੀਤੇ ਸੰਬੋਧਨ ਚ, ਦੇਸ਼ ਵਾਸੀਆਂ ਨੂੰ ਗਰੀਬ ਤੇ ਜਰੂਰਤਮੰਦ ਲੋਕਾਂ ਦੀ ਸਹਾਇਤਾ ਕਰਨ ਦੀ ਕੀਤੀ ਅਪੀਲ ਦਾ ਅਸਰ ਹੁਣ ਸਮਾਜ ਸੇਵੀ ਸੰਸਥਾਵਾਂ ਤੇ ਵੀ ਹੋਣਾ ਸ਼ੁਰੂ ਹੋ ਗਿਆ ਹੈ। ਹਿਉਮਨ ਰਾਇਟਸ ਕੇਅਰ ਆਰਗੇਨਾਈਜ਼ੇਸ਼ਨ (ਰਜਿ.) ਪਟਿਆਲਾ ਦੇ ਪ੍ਰਧਾਨ ਅਤੇ ਪਸ਼ੂ ਪਾਲਣ ਵਿਭਾਗ ਦੇ ਰਿਟਾਇਰਡ ਅਧਿਕਾਰੀ ਡਾ: ਨਰ ਬਹਾਦੁਰ ਵਰਮਾ ਨੇ ਸੰਸਥਾ ਦੀ ਤਰਫੋਂ ਰੈਡ ਕਰਾਸ, ਪਟਿਆਲਾ ਨੂੰ ਰਾਸ਼ਨ ਦੀਆਂ ਜਰੂਰੀ ਚੀਜ਼ਾਂ ਭੇਂਟ ਕੀਤੀਆਂ ਹਨ, ਜਿਨ੍ਹਾਂ ਚ, 100 ਕਿੱਲੋ ਆਟਾ,ਚਾਵਲ, ਹੋਰ ਵੱਖ ਵੱਖ ਤਰਾਂ ਦੇ ਅਨਾਜ ਆਦਿ ਸ਼ਾਮਿਲ ਸਨ।
ਡਾ. ਵਰਮਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ, ਪਟਿਆਲਾ ਸ੍ਰੀ ਕੁਮਾਰ ਅਮਿਤ ਜੀ ਨੇ ਜ਼ਿਲ੍ਹੇ ਵਿਚ ਲੰਗਰ ਵੰਡਣ ਤੇ ਪੂਰੀ ਤਰ੍ਹਾ ਪਾਬੰਦੀ ਲਗਾ ਦਿੱਤੀ ਹੈ। ਸਿਰਫ ਰੈਡ ਕਰਾਸ ਸੰਸਥਾ ਨੂੰ ਹੀ ਲੰਗਰ ਵੰਡਣ ਦੀ ਇਜ਼ਾਜ਼ਤ ਦਿੱਤੀ ਗਈ ਹੈ। ਕਰਨੈਲ ਸਿੰਘ ਚਲੇਲਾ, ਮੈਨੇਜਰ (ਰਾਸ਼ਨ ਵੰਡ) ਨੇ ਰੈਡ ਕਰਾਸ ਦੇ ਨੁਮਾਇੰਦਿਆ ਨਾਲ ਮਿਲ ਕੇ ਪਟਿਆਲਾ ਅਤੇ ਆਸ ਪਾਸ ਦੇ ਇਲਾਕਿਆਂ ਬਿਸ਼ਨ ਨਗਰ ਆਦਿ ਦਾ ਦੌਰਾ ਕਰਕੇ ਹਾਲਤ ਦਾ ਜਾਇਜ਼ਾ ਲਿਆ ਤਾਂ ਜੋ ਜਰੂਰਤਮੰਦ ਲੋਕਾਂ ਤੱਕ ਰਾਸ਼ਨ ਦੀ ਸਹੀ ਵੰਡ ਹੋ ਸਕੇ ।
- ਲੋਕਾਂ ਦੀ ਮੱਦਦ ਲਈ ਬਣਾਈ ਰਣਨੀਤੀ
ਹਿਊਮਨ ਰਾਇਟਸ ਕੇਅਰ ਆਰਗੇਨਾਇਜ਼ੇਸ਼ਨ ਦੇ ਅਹੁਦੇਦਾਰਾਂ ਨੇ ਜ਼ਿਲ੍ਹੇ ਵਿਚ ਰਹਿ ਰਹੇ ਕਮਜ਼ੋਰ ਤਬਕੇ ਦੇ ਲੋਕਾਂ ਦੀ ਸਹਾਇਤਾ ਤੇ ਨਿਸ਼ਾਨਦੇਹੀ ਲਈ ਮੋਬਾਇਲ ਤੇ ਗੱਲਬਾਤ ਕਰਕੇ ਪੂਰੀ ਰਣਨੀਤੀ ਤਿਆਰ ਕੀਤੀ। ਸੰਸਥਾ ਨੇ ਇਹ ਫੈਸਲਾ ਲਿਆ ਕਿ ਵੱਖ-ਵੱਖ ਖੇਤਰਾਂ ਵਿੱਚ ਰਹਿਣ ਵਾਲੇ ਅਹੁਦੇਦਾਰ ਪਟਿਆਲਾ ,ਚ ਆਪਣੇ ਆਪਣੇ ਇਲਾਕਿਆਂ ਵਿੱਚ ਗਰੀਬ ਤੇ ਜਰੂਰਤਮੰਦ ਪਰਿਵਾਰਾਂ ਦੀ ਪਛਾਣ ਕਰਨਗੇ ਅਤੇ ਉਹਨਾਂ ਤੱਕ ਤਕਰੀਬਨ 33,000 ਰੁਪਏ ਦਾ ਰਾਸ਼ਨ ਮੁਹੱਈਆਂ ਕਰਵਾਉਣਗੇ ।
- ਅਧਰੰਗ ਦੇ ਮਰੀਜ਼ ਦੀ ਮੱਦਦ ਲਈ ਅੱਗੇ ਆਈ ਸੰਸਥਾ
ਡਾ. ਨਰ ਬਹਾਦੁਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਸੰਸਥਾ ਨੇ ਲੋੜਵੰਦ ਅਨਾਥ ਵਿਅਕਤੀ ਰਾਜ ਕੁਮਾਰ ਦੀ ਮਦਦ ਕੀਤੀ ਤੇ ਜਿਸ ਨੂੰ ਹਾਲ ਹੀ ਵਿੱਚ ਅਧਰੰਗ ਦਾਂ ਦੌਰਾ ਪਿਆ ਸੀ। ਸੰਸਥਾ ਨੇ ਉਸ ਦੀ ਵਿੱਤੀ ਸਹਾਇਤਾ ਕਰਕੇ ਮਾਡਰਨ ਲੈਬਾਰਟਰੀਜ਼, ਪਟਿਆਲਾ ਵਿਖੇ ਸੀਟੀ-ਸਕੈਨ ਅਤੇ ਹੋਰ ਅਹਿਮ ਟੈਸਟ ਕਰਵਾਏ। ਸੰਸਥਾ ਦੇ ਚੇਅਰਮੈਨ ਡਾ: ਜੇ. ਆਰ ਸਚਦੇਵਾ ਨੇ ਮਰੀਜ਼ ਨੂੰ ਆਪਣੇ ਵਲੋਂ ਲੋੜੀਂਦਾ ਇਲਾਜ ਅਤੇ ਦਵਾਈਆਂ ਵੀ ਮੁਹੱਈਆ ਕਰਵਾਈਆਂ ।ਬਾਅਦ ਵਿਚ, ਮਰੀਜ਼ ਨੂੰ ਵੀਰ ਜੀ ਅਪਾਹਜ ਆਸ਼ਰਮ, ਰਾਜਪੁਰਾ ਰੋਡ, ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ।
- ਸਮਾਜ ਦੀਆਂ ਸਮੱਸਿਆਵਾਂ ਨਾਲ ਹਮਦਰਦੀ ਰੱਖਣਾ ਸਮੇਂ ਦੀ ਮੁੱਖ ਲੋੜ
ਸੰਸਥਾ ਦੇ ਉਪ ਪ੍ਰਧਾਨ ਤੇ ਪਟਿਆਲੇ ਦੇ ਉੱਘੇ ਉਦਯੋਗਪਤੀ ਕੇ.ਐਲ. ਵਰਮਾ, ਨੇ ਕਿਹਾ ਕਿ ਪੰਜਾਬ ਚ, ਸਭ ਤੋਂ ਜਿਆਦਾ ਆਵਾਜਾਈ, ਹੋਟਲ, ਸਿੱਖਿਆ ਅਤੇ ਰੀਅਲ ਅਸਟੇਟ ਸੈਕਟਰ ਪ੍ਰਭਾਵਿਤ ਹੋਇਆ ਇਸ ਲਈ ਸੰਕਟ ਦੀ ਇਸ ਘੜੀ ਵਿੱਚ ਸਮਾਜ ਦੀਆਂ ਸਮੱਸਿਆਵਾ ਪ੍ਰਤੀ ਹਮਦਰਦੀ ਰੱਖਣਾ ਬਹੁਤ ਸਮੇਂ ਦੀ ਮੁੱਖ ਤੇ ਮਹੱਤਵਪੂਰਨ ਲੋੜ ਹੈ।
- ਟਰੈਫਿਕ ਪੁਲਿਸ ਨੂੰ ਦਿੱਤੇ 300 ਮਾਸਕ
ਸੰਸਥਾ ਦੇ ਉਪ-ਪ੍ਰਧਾਨ ਵਿਜੇ ਮੋਹਨ ਵਰਮਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੋਵਿਡ-19 ਦੇ ਵਾਇਰਸ ਨੂੰ ਹੋਰ ਫੈਲਣ ਤੋਂ ਰੋਕਣ ਲਈ ਟ੍ਰੈਫਿਕ ਇੰਚਾਰਜ ਪਟਿਆਲਾ ਰਣਜੀਤ ਸਿੰਘ ਨੂੰ ਦਿਨ ਰਾਤ ਸਮਾਜ ਦੀ ਬੇਹਤਰੀ ਲਈ ਡਿਊਟੀ ਨਿਭਾ ਰਹੇ ਪੁਲਿਸ ਕਰਮਚਾਰੀਆਂ ਲਈ 300 ਮਾਸਕ ਵੀ ਦਿੱਤੇ ਗਏ ਹਨ । ਜਰੂਰਤ ਅਨੁਸਾਰ ਹੋਰ ਵੀ ਦਿੱਤੇ ਜਾਣਗੇ।
- ਔਖੀ ਘੜੀ ਚੋਂ ਗੁਜਰ ਰਹੇ ਦਿਹਾੜੀਦਾਰ ਮਜ਼ਦੂਰ
ਸੰਸਥਾ ਦੇ ਉਪ ਪ੍ਰਧਾਨ ਨਰੇਸ਼ ਖੰਨਾ ਨੇ ਕਿਹਾ ਕਿ ਲੌਕਡਾਉਨ ਕਾਰਣ ਉਸਾਰੀ ਦੇ ਕੰਮ, ਫੈਕਟਰੀਆਂ, ਦੁਕਾਨਾਂ ਆਦਿ ਬੰਦ ਹੋਣ ਕਰਕੇ ਸਾਰੀਆਂ ਹੀ ਆਰਥਿਕ ਗਤੀਵਿਧੀਆਂ ਠੱਪ ਹੋ ਗਈਆਂ ਹਨ। ਜਿਸ ਨਾਲ ਦਿਹਾੜੀਦਾਰ ਮਜ਼ਦੂਰ ਇਸ ਸਮੇਂ ਬਹੁਤ ਔਖੀ ਘੜੀ ਵਿੱਚ ਰਹਿ ਰਹੇ ਹਨ।
- ਪਾਰਦਰਸ਼ੀ ਤਰੀਕੇ ਨਾਲ ਕੰਮ ਕਰ ਰਹੀ ਹੈ ਸੰਸਥਾ
ਸੰਸਥਾ ਦੇ ਵਿੱਤ ਸਕੱਤਰ ਤੇ ਰਿਟਾਇਰਡ ਮੈਨੇਜਰ, ਸਟੇਟ ਬੈਂਕ ਆਫ ਪਟਿਆਲਾ ਰਿਸ਼ਵ ਜੈਨ ਨੇ ਦੱਸਿਆ ਕਿ ਸੰਸਥਾ ਮਈ, 2010 ਤੋਂ ਬਹੁਤ ਪਾਰਦਰਸ਼ੀ ਤਰੀਕੇ ਨਾਲ ਕੰਮ ਕਰ ਰਹੀ ਹੈ । ਉਹਨਾਂ ਇਹ ਕਿਹਾ ਕਿ ਸੰਸਥਾ ਦੇ ਇਕੱਠੇ ਕੀਤੇ ਸਾਰੇ ਫੰਡਾ ਦੀ ਵਰਤੋਂ ਸੰਸਥਾ ਦੁਆਰਾ ਬਹੁਤ ਹੀ ਵਧੀਆ ਢੰਗ ਨਾਲ ਕੀਤੀ ਜਾਂਦੀ ਹੈ। ਹਰ ਸਾਲ ਬਕਾਇਦਾ ਵਿੱਤੀ ਬੈਲੇਂਸ ਸ਼ੀਟ ਵੀ ਬਣਾਈ ਜਾਂਦੀ ਹੈ।
- ਫੰਡ ਦੀ ਘਾਟ ਕਾਰਣ ਛੋਟੇ ਪ੍ਰੋਜੇਕਟ ਹੱਥ ਚ, ਲੈ ਰਹੀ ਹੈ ਸੰਸਥਾ
ਸੇਵਾਮੁਕਤ ਸਰਕਾਰੀ ਅਧਿਆਪਕ ਤੇ ਸੰਸਥਾ ਦੀ ਉਪ ਪ੍ਰਧਾਨ ਸ੍ਰੀਮਤੀ ਕੁਲਦੀਪ ਕੌਰ ਧੰਜੂ ਨੇ ਕਿਹਾ ਕਿ ਸੰਸਥਾ ਫੰਡ ਦੀ ਘਾਟ ਕਾਰਣ ਬਹੁਤ ਛੋਟੇ ਛੋਟੇ ਪ੍ਰੋਜੇਕਟ ਆਪਣੇ ਹੱਥ ਚ, ਲੈ ਰਹੀ ਹੈ। ਕਿਉਂਕਿ ਮੁਸੀਬਤ ਦੀ ਇਸ ਘੜੀ ਫੰਡ ਜੁਟਾਉਣਾ ਵੀ ਇਕ ਮੁੱਖ ਮੁੱਦਾ ਹੈ। ਅਚਾਣਕ ਪੈਦਾ ਹੋਏ ਮੌਜੂਦਾ ਸੰਕਟ ਨੇ ਬਹੁਤ ਸਾਰੇ ਭੋਜਨ ਸੁਰੱਖਿਅਤ ਪਰਿਵਾਰਾਂ ਨੂੰ ਵੀ ਗਰੀਬੀ ਵੱਲ ਧੱਕਿਆ ਹੈ। ਉਹਨਾਂ ਕਿਹਾ ਕਿ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਕਿਸੇ ਨੂੰ ਵੀ ਵਿਅਕਤੀ ਨੂੰ ਭੁੱਖ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਕਿਹਾ ਕਿ ਜਿਵੇਂ ਕਿ ਇੱਕ ਵਾਰ ਬੈਜਾਮਿਨ ਫਰੈਂਕਲਿਨ ਨੇ ਕਿਹਾ ਸੀ ਕਿ ਗਰੀਬੀ , ਅਕਸਰ ਆਦਮੀ ਨੂੰ ਆਤਮਿਕ ਅਤੇ ਸਦਾਚਾਰ ਤੋਂ ਵਾਝਾ ਕਰ ਦਿੰਦੀ ਹੈ। ਜਿਵੇਂ ਖਾਲੀ ਝੋਲੇ ਲੈ ਕੇ ਸਿੱਧਾ ਖੜ੍ਹਾ ਹੋਣਾ ਮੁਸ਼ਕਲ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਨੇ 12 ਅਪ੍ਰੈਲ 2020 ਨੂੰ ਆਪਣਾ 100 ਵਾਂ ਰਾਸ਼ਨ ਵੰਡ ਸਮਾਰੋਹ ਕਰਨਾ ਸੀ। ਪਰ ਵਿਸ਼ਵ ਵਿਆਪਕ ਇਸ ਮਹਾਂਮਾਰੀ ਦੇ ਫੈਲਣ ਕਾਰਣ ਤੈਅ ਇਹ ਸਮਾਰੋਹ ਵੀ ਮੁਲਤਵੀ ਕਰ ਦਿੱਤਾ ਗਿਆ ।
- ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਸਿਲਾਈ ਸੈਂਟਰ
ਸ੍ਰੀਮਤੀ ਕੁਲਦੀਪ ਕੌਰ ਧੰਜੂ ਨੇ ਦੱਸਿਆ ਕਿ ਸੰਸਥਾ ਪਟਿਆਲਾ ਦੇ ਵੱਖ-ਵੱਖ ਥਾਵਾਂ ਤੇ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਚਾਰ ਸਿਲਾਈ ਸੈਂਟਰ ਵੀ ਚਲਾ ਰਹੀ ਹੈ। ਸਿਲਾਈ ਦਾ ਛੇ ਮਹੀਨੇ ਦਾ ਕੋਰਸ ਸਫਲਤਾ ਪੂਰਵਕ ਪੂਰਾ ਕਰਨ ਵਾਲੀਆਂ ਲੜਕੀਆਂ ਨੂੰ ਸੰਸਥਾ ਸਰਟੀਫਿਕੇਟ ਵੀ ਵੰਡਦੀ ਹੈ।
- ਦਾਨੀ ਸੱਜਣਾਂ ਦਾ ਸਹਿਯੋਗ ਲਈ ਧੰਨਵਾਦ
ਸੰਸਥਾ ਦੇ ਉਪ ਪ੍ਰਧਾਨ ਅਤੇ ਮੀਡੀਆ ਸਲਾਹਕਾਰ ਡਾ. ਪੰਕਜ ਮਹਿੰਦਰੂ ਨੇ ਸੰਸਥਾ ਦੀ ਹਰ ਸਮੇਂ ਆਰਥਿਕ ਮੱਦਦ ਕਰਨ ਵਾਲੇ ਸਪੌਂਸਰਜ ਤੇ ਹੋਰ ਦਾਨੀ ਸੱਜਣਾਂ ਅਤੇ ਸਮੂਹ ਮੈਂਬਰਾਂ ਤੇ ਅਹੁਦੇਦਾਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਦੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਵੀ ਹਾਲ ਹੀ ਵਿੱਚ ਸੰਸਥਾ ਨੂੰ 50,000 ਰੁਪਏ ਦਾਨ ਦੇ ਰੂਪ 'ਚ ਸਹਿਯੋਗ ਦਿੱਤਾ ਹੈ। ਇਹ ਸਹਯੋਗੀ ਸੱਜਣਾਂ ਦੀ ਸੰਸਥਾ ਹੈ ਆਰਥਿਕ ਸਹਿਯੋਗ ਸਰਕਾਰ ਨੂੰ ਦੇਣ ਲਈ ਅਪੀਲ ਕਰਦੀ ਹੈ
ਤਾਂ ਜੋ ਇਸ ਮਹਾਂ ਸੰਕਟ ਦੇ ਦੌਰ ਚ, ਵੱਧ ਤੋਂ ਵੱਧ ਜਰੂਰਤਮੰਦ ਲੋਕਾਂ ਦੀ ਸਹਾਇਤਾ ਕੀਤੀ ਜਾ ਸਕੇ।