ਜੀ ਐਸ ਪੰਨੂ
ਪਟਿਆਲਾ, 2 ਮਈ 2020 - ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਦੇਸ਼ ਵਿਆਪੀ ਲਾਕ ਡਾਊਨ ਅਤੇ ਪੰਜਾਬ 'ਚ ਲਗਾਏ ਕਰਫਿਊ ਕਰਕੇ ਪਟਿਆਲਾ ਦੀ ਇੱਕ ਚਾਰ ਸਾਲਾ ਬੱਚੀ ਆਪਣੇ ਨਾਨਕੇ ਘਰ ਹਿਮਾਚਲ ਪ੍ਰਦੇਸ਼ ਦੇ ਕਾਂਗੜੇ ਵਿਖੇ ਹੀ ਅਟਕ ਕੇ ਰਹਿ ਗਈ ਸੀ। ਛੋਟੀ ਬੱਚੀ ਹੋਣ ਕਰਕੇ ਆਪਣੇ ਮਾਪਿਆਂ ਤੋਂ ਬਿਨ੍ਹਾਂ ਓਦਰਨ ਕਰਕੇ ਬੱਚੀ ਦੇ ਨਾਨਕੇ ਅਤੇ ਦਾਦਕੇ, ਦੋਵੇਂ ਘਰ ਪ੍ਰੇਸ਼ਾਨ ਹੋ ਰਹੇ ਸਨ।
ਡਿਪਟੀ ਕਮਿਸ਼ਨਰ ਪਟਿਆਲਾ ਨੇ ਦੱਸਿਆ ਕਿ ਪਟਿਆਲਾ ਦੇ ਅਜੀਤ ਨਗਰ ਦੇ ਵਸਨੀਕ ਸੁਖਵਿੰਦਰ ਸਿੰਘ ਦੀ 4 ਸਾਲਾ ਬੱਚੀ ਹਮਰੀਤ ਆਪਦੇ ਨਾਨਕੇ ਘਰ ਕਾਂਗੜੇ ਗਈ ਹੋਈ ਸੀ ਪਰੰਤੂ ਇਸੇ ਦੌਰਾਨ ਕਰਫਿਊ ਲੱਗ ਗਿਆ ਅਤੇ ਮਗਰੋਂ ਲਾਕਡਾਊਨ ਲਾਗੂ ਹੋ ਗਿਆ। ਬੱਚੀ ਦੋ ਮਹੀਨਿਆਂ ਤੋਂ ਆਪਣੇ ਮਾਪਿਆਂ ਤੋਂ ਦੂਰ ਹੋਣ ਕਰਕੇ ਨਾਨਕੇ ਘਰ ਜੀ ਨਹੀਂ ਸੀ ਲਗਾ ਰਹੀ, ਜਿਸ ਕਰਕੇ ਉਸਨੂੰ ਵਾਪਸ ਲਿਆਉਣਾ ਬੱਚੀ ਦੇ ਮਾਪਿਆਂ ਲਈ ਜਰੂਰੀ ਹੋ ਗਿਆ ਸੀ।
ਬੱਚੇ ਦੇ ਪਿਤਾ ਸੁਖਵਿੰਦਰ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਪਹੁੰਚ ਕੀਤੀ ਤਾਂ ਸਹਾਇਕ ਕਮਿਸ਼ਨਰ (ਜ) ਡਾ. ਇਸਮਤ ਵਿਜੇ ਸਿੰਘ ਨੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦੇ ਡੀ.ਸੀ.ਪੀ.ਓ ਰੂਪਵੰਤ ਕੌਰ ਰਾਹੀਂ ਕਾਂਗੜਾ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਨਾਲ ਸੰਪਰਕ ਕਰਕੇ ਬੱਚੀ ਦੇ ਨਾਨਕਿਆਂ ਨੂੰ ਪਾਸ ਮੁਹੱਈਆ ਕਰਵਾਏ ਗਏ ਸੋ ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਵੱਲੋਂ ਬੱਚੀ ਦੇ ਮਾਪਿਆਂ ਦੇ ਪਾਸ ਜਾਰੀ ਕਰਕੇ ਉਨ੍ਹਾਂ ਨਾਲ ਪਟਿਆਲਾ ਪੁਲਿਸ ਦੇ ਏ.ਐਸ.ਆਈ. ਗੁਰਚਰਨ ਸਿੰਘ ਦੀ ਡਿਊਟੀ ਲਗਾਈ ਗਈ।
ਬੱਚੀ ਨੂੰ ਪਠਾਨਕੋਟ ਦੇ ਕੰਡਵਾਲ ਬਾਰਡਰ 'ਤੇ ਲੈਣ ਲਈ ਗਈ ਟੀਮ ਨੇ ਬੱਚੀ ਹਮਰੀਤ ਦੀ ਕੋਵਿਡ-19 ਸਬੰਧੀਂ ਸਕਰੀਨਿੰਗ ਕਰਵਾਈ ਅਤੇ ਪਟਿਆਲਾ ਪੁੱਜ ਕੇ ਉਸਦੀ ਮਾਤਾ ਕੌਸ਼ੱਲਿਆ ਹਸਪਤਾਲ ਵਿਖੇ ਮੈਡੀਕਲ ਜਾਂਚ ਵੀ ਕਰਵਾਈ ਗਈ। ਇਸ ਤੋ ਬਾਅਦ ਬੱਚੀ ਸਮੇਤ ਉਸਦੇ ਮਾਪਿਆਂ ਤੇ ਪੂਰੇ ਪਰਿਵਾਰ ਨੂੰ ਅਗਲੇ ਤਿੰਨ ਹਫ਼ਤਿਆਂ ਲਈ ਇਕਾਂਤਵਾਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।