ਹਰਿੰਦਰ ਨਿੱਕਾ
ਬਰਨਾਲਾ 26 ਮਾਰਚ 2020 - ਅਖਬਾਰ ਪੜ੍ਹਨ ਦੇ ਸ਼ੌਕੀਨ ਪਾਠਕਾਂ ਨੂੰ ਹੁਣ ਕਰਫਿਊ ਦੇ ਦਿਨਾਂ ਦੌਰਾਨ ਅਖਬਾਰ ਪੜ੍ਹਨ ਨੂੰ ਨਹੀਂ ਮਿਲਿਆ ਕਰਨਗੇ। ਯਾਨੀ ਅਖਬਾਰਾਂ ਦੇ ਸਹਾਰੇ ਹੀ ਕਰਫਿਊ ਦੇ ਦਿਨਾਂ ਚ ਹਜ਼ਾਰਾਂ ਪਾਠਕਾਂ ਨੂੰ ਵਿਹਲ ਦਾ ਸਮਾਂ ਬਿਤਾਉਣ ਅਤੇ ਸੂਚਨਾ ਮਿਲਣ ਤੋਂ ਸੱਖਣੇ ਰਹਿਣ ਨੂੰ ਮਜਬੂਰ ਹੋਣਾ ਪਵੇਗਾ। ਬਰਨਾਲਾ ਜਿਲ੍ਹੇ ਚ, ਅਖਬਾਰ ਨਹੀਂ ਵੰਡਣ ਦਾ ਫੈਸਲਾ, ਅਖਬਾਰਾਂ ਦੀਆਂ ਦੋਵਾਂ ਏਜੰਸੀਆਂ ਦੇ ਮਾਲਿਕਾਂ ਨੇ ਪੁਲਿਸ ਕਰਮਚਾਰੀਆਂ ਦੁਆਰਾ ਹਾਕਰਾਂ ਨੂੰ ਬਿਨ੍ਹਾਂ ਵਜ੍ਹਾ ਤੰਗ ਕਰਨ ਅਤੇ ਕੁਝ ਹਾਕਰਾਂ ਤੇ ਢਾਏ ਪੁਲਸੀਆ ਕਹਿਰ ਤੋਂ ਅੱਕ ਕੇ ਮਜਬੂਰਨ ਲੈਣਾ ਪਿਆ ਹੈ। ਕਿਉਂਕਿ ਅਖਬਾਰ ਏਜੰਸੀਆਂ ਦੇ ਮਾਲਿਕਾਂ ਨੂੰ ਹਾਕਰਾਂ ਦੁਆਰਾ ਪੁਲਿਸ ਵੱਲੋਂ ਜਗ੍ਹਾ ਜਗ੍ਹਾ ਰੋਕ ਕੇ ਘੂਰ-ਘੱਪ ਕਰਨ ਅਤੇ ਹੱਥੌਲਾ ਕਰਨ ਦੇ ਫੋਨ ਆ ਰਹੇ ਸੀ। ਜਿਸ ਦਾ ਕੋਈ ਪੱਕਾ ਹੱਲ ਕਰਨ ਲਈ ਪ੍ਰਸ਼ਾਸ਼ਨ ਨੇ ਹਾਕਰਾਂ ਤੇ ਏਜੰਸੀ ਮਾਲਿਕਾਂ ਨੂੰ ਕਰਫਿਊ ਪਾਸ ਜਾਰੀ ਕਰਨ ਦਾ ਫੈਸਲਾ ਲੈਂਦਿਆਂ ਲੈਂਦਿਆਂ ਹੀ ਬਹੁਤ ਦੇਰ ਕਰ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਧਰਨੀ ਨਿਊਜ ਏਜੰਸੀ ਦੇ ਮਾਲਿਕ ਵਿਪਨ ਧਰਨੀ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਰੇਲਵੇ ਸਟੇਸ਼ਨ ਦੇ ਕੋਲ ਜਦੋਂ ਗੱਡੀਆਂ ਅਖਬਾਰ ਰੱਖ ਕੇ ਗਈਆਂ ਤਾਂ, ਸ਼ਹਿਰ ਤੇ ਪਿੰਡਾਂ ਦੇ ਵੱਖ ਵੱਖ ਖੇਤਰਾਂ ਚੋਂ ਅਖਬਾਰ ਲੈਣ ਲਈ ਪਹੁੰਚੇ ਹਾਕਰਾਂ ਨੂੰ ਪੁਲਿਸ ਨੇ ਖਦੇੜਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਹੀ ਨਹੀਂ, ਉਨ੍ਹਾਂ ਦੀ ਏਜੰਸੀ ਤੇ ਕਰੀਬ 4 ਦਹਾਕਿਆਂ ਤੋਂ ਕੰਮ ਸੰਭਾਲ ਰਹੇੇ ਰਾਜੂ ਨਾਲ ਵੀ ਪੁਲਿਸ ਕਰਮਚਾਰੀਆਂ ਨੇ ਬਦਸਲੂਕੀ ਕੀਤੀ। ਇਸੇ ਤਰਾਂ ਸੰਘੇੜਾ ਪਿੰਡ ਤੋਂ ਬਰਨਾਲਾ ਪਹੁੰਚ ਕੇ ਸ਼ਹਿਰ ਦੀਆਂ ਕਈ ਕਲੋਨੀਆਂ ਤੇ ਸੰਘੇੜਾ ਪਿੰਡ ਚ, ਅਖਬਾਰ ਵੰਡਣ ਵਾਲੇ ਹਾਕਰ ਵਾਲੇ ਜਗਸੀਰ ਸਿੰਘ ਸੰਘੇੜਾ ਨੂੰ ਵੀ ਪੁਲਿਸ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਹੰਡਿਆਇਆ ਦੇ ਰਹਿਣ ਵਾਲੇ ਹਾਕਰ ਮਨਦੀਪ ਮੋਨੂੰ ਨੂੰ ਵੀ ਪੁਲਿਸ ਕਰਮਚਾਰੀਆਂ ਨੇ ਰਾਹ ਵਿੱਚ ਰੋਕ ਕੇ ਕਾਫੀ ਝਾੜ-ਝੰਬ ਕੀਤੀ। ਇਹੋ ਜਿਹਾ ਵਰਤਾਰਾ ਹੀ ਕਈ ਹਾਕਰਾਂ ਨਾਲ ਵਾਪਰਿਆ। ਕਿਸੇ ਵੀ ਪੁਲਿਸ ਕਰਮਚਾਰੀ ਨੇ ਹਾਕਰਾਂ ਦੀ ਇਹ ਗੱਲ ਨਹੀਂ ਸੁਣੀ ਕਿ ਪ੍ਰਸ਼ਾਸ਼ਨ ਨੇ ਹੀ ਕਰਫਿਊ ਦੌਰਾਨ ਉਨ੍ਹਾਂ ਨੂੰ ਅਖਬਾਰ ਵੰਡਣ ਦੀ ਖੁੱਲ ਦਿੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਤਰਾਂ ਦੀਆਂ ਘਟਨਾਵਾਂ ਤੋਂ ਮਜਬੂਰ ਹੋ ਕੇ ਅਸੀ ਦੋਵਾਂ ਏਜੰਸੀਆਂ ਨੇ ਅਖਬਾਰ ਕੰਪਨੀਆਂ ਨੂੰ ਕਰਫਿਊ ਦੇ ਦੌਰਾਨ ਅਖਬਾਰ ਨਾ ਭੇਜਣ ਲਈ ਕਹਿ ਦਿੱਤਾ ਹੈ।
-ਪ੍ਰਸ਼ਾਸ਼ਨ ਨੇ 128 ਕਰਫਿਊ ਪਾਸ ਦੀ ਸੂਚੀ ਭੇਜ਼ੀ, ਪਰ ਨਹੀਂ ਦਿੱਤਾ ਕੋਈ ਪਾਸ
ਨਿਊਜ ਏਜੰਸੀ ਦੇ ਮਾਲਿਕ ਵਿਪਨ ਧਰਨੀ ਨੇ ਦੱਸਿਆ ਕਿ ਪ੍ਰਸ਼ਾਸ਼ਨ ਵੱਲੋਂ ਅਖਬਾਰਾਂ ਦੀ ਸਪਲਾਈ ਕਰਫਿਊ ਦੇ ਦੌਰਾਨ ਵੀ ਜਾਰੀ ਰੱਖਣ ਲਈ ਜਿਲ੍ਹੇ ਦੇ ਹਾਕਰਾਂ ਦੀ ਲਿਸਟ ਮੰਗੀ ਸੀ। ਲਿਸਟ ਦੇ ਅਧਾਰ ਤੇ ਹੀ ਪ੍ਰਸ਼ਾਸ਼ਨ ਨੇ ਅਖਬਾਰ ਵੰਡਣ ਦੀ ਪ੍ਰਕ੍ਰਿਆ ਨਾਲ ਜੁੜੇ ਕੁਲ 128 ਵਿਅਕਤੀਆਂ ਜਿਨ੍ਹਾਂ ਚ, ਹਾਕਰ ਵੀ ਸ਼ਾਮਿਲ ਹਨ ਦੀ ਸੂਚੀ ਵੀ ਜਾਰੀ ਕਰ ਦਿੱਤੀ ਸੀ। ਪਰੰਤੂ ਪ੍ਰਸ਼ਾਸ਼ਨ ਵੱਲੋਂ ਇਹ ਕਿਹਾ ਗਿਆ ਸੀ ਕਿ ਇਹੀ ਸੂਚੀ ਪੁਲਿਸ ਕੰਟਰੋਲ ਰੂਮ ਨੂੰ ਭੇਜ਼ ਦਿੱਤੀ ਹੈ। ਕਿਸੇ ਨੂੰ ਵੀ ਅਖਬਾਰ ਵੰਡਣ ਵਿੱਚ ਕੋਈ ਮੁਸ਼ਕਿਲ ਨਹੀਂ ਆਵੇਗੀ। ਪਰ ਪੁਲਿਸ ਬਿਨਾਂ ਪਾਸ ਤੋਂ ਕੋਈ ਵੀ ਗੱਲ ਨੂੰ ਮੰਨਣ ਲਈ ਰਾਜ਼ੀ ਨਹੀ ਹੋਈ ਅਤੇ ਨਾ ਹੀ ਆਪਣੇ ਕੋਈ ਆਲ੍ਹਾ ਅਧਿਕਾਰੀਆਂ ਨਾਲ ਗੱਲ ਕਰਨ ਨੂੰ ਤਿਆਰ ਹੁੰਦੀ ਹੈ। ਫਿਰ ਅਖਬਾਰ ਨਾ ਵੰਡਣ ਵਿੱਚ ਹੀ ਭਲਾਈ ਸਮਝੀ।
- 30ਹਜ਼ਾਰ ਅਖਬਾਰ ਨਹੀ ਪਹੁੰਚਣਗੇ
ਸ੍ਰੀ ਧਰਨੀ ਨੇ ਕਿਹਾ ਕਿ ਪੂਰੇ ਜਿਲ੍ਹੇ ਵਿੱਚ ਸਾਰੇ ਅਖਬਾਰਾਂ ਦੀ ਕੁੱਲ ਸੰਖਿਆ30ਹਜ਼ਾਰ ਦੇ ਕਰੀਬ ਹੈ। ਇਸ ਤਰਾਂ ਜੇ ਅਖਬਾਰ ਆਉਂਦੇ ਰਹੇ , ਅੱਗੋਂ ਪੁਲਿਸ ਨੇ ਵੰਡਣ ਲਈ ਸਹਿਯੋਗ ਨਾ ਦਿੱਤਾ, ਫਿਰ ਦੋਵਾਂ ਏਜੰਸੀਆਂ ਨੂੰ ਕਰੀਬ 35/36 ਲੱਖ ਰੁਪਏ ਮਹੀਨੇ ਦਾ ਆਰਥਿਕ ਨੁਕਸਾਨ ਹੋਵੇਗਾ। ਉੱਨ੍ਹਾਂ ਇਹ ਵੀ ਕਿਹਾ ਕਿ ਕੋਰੋਨਾ ਮਹਾਂਮਾਰੀ ਦੀ ਵਜ੍ਹਾ ਕਾਰਣ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਹੀ ਰੱਖ ਕੇ ਲਗਾਏ ਇਸ ਕਰਫਿਊ ਦੀ ਉਹ ਪਾਲਣਾ ਕਰਨ ਲਈ ਤਿਆਰ ਹਨ। ਪਰ ਮਹੀਨੇ ਦੇ ਇੱਨ੍ਹਾਂ ਅਖੀਰਲੇ ਦਿਨਾਂ ਚ, ਹੀ ਲੋਕਾਂ ਤੋਂ ਹਾਕਰਾਂ ਨੇ ਸ਼ਾਮ ਦੇ ਸਮੇਂ ਉਗਰਾਹੀ ਵੀ ਕਰਨੀ ਹੁੰਦੀ ਹੈ। ਪਰੰਤੂ ਕਰਫਿਊ ਕਾਰਣ ਘਰੋ-ਘਰੀਂ ਬੰਦ ਬੈਠੇ ਲੋਕਾਂ ਤੋਂ ਉਗਰਾਹੀ ਕਰਨਾ ਨਾ ਸੰਭਵ ਹੈ ਤੇ ਨਾ ਹੀ ਖੁਦ ਨੂੰ ਚੰਗਾ ਲੱਗਦਾ ਹੈ। ਇਸ ਲਈ ਕਰਫਿਊ ਦੇ ਦਿਨਾਂ ਵਿੱਚ ਅਖਬਾਰ ਵੰਡਣ ਤੋਂ ਟਾਲਾ ਵੱਟਣਾ ਹੀ ਬੇਹਤਰ ਸਮਝਿਆ। ਉੱਧਰ ਵਾਲੀਆ ਨਿਊਜ਼ ਏਜੰਸੀ ਦੇ ਮਾਲਿਕ ਹਰਿੰਦਰ ਉਰਫ ਬੰਟੀ ਵਾਲੀਆ ਨੇ ਵੀ ਕਰਫਿਊ ਦੇ ਦਿਨਾਂ ਵਿੱਚ ਅਖਬਾਰ ਬੰਦ ਕਰਨ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਵੀ ਲੋਕਾਂ ਤੇ ਦੇਸ਼ ਦੇ ਨਾਲ ਹੀ ਹਾਂ। ਜਦੋਂ ਹੋਰ ਸਾਰੇ ਕਾਰੋਬਾਰ ਠੱਪ ਹਨ ਤੇ ਲੋਕਾਂ ਨੂੰ ਜਿੰਦਗੀ ਜਿਊਣ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਲਈ ਹੀ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਇਹੋ ਜਿਹੇ ਵਿੱਚ ਅਖਬਾਰ ਪੜ੍ਹਨ ਨੂੰ ਕੌਣ ਤਰਜੀਹ ਦਿੰਦਾ ਹੈ।