ਸੰਜੀਵ ਸੂਦ
- ਸਮੇਂ ਦੀ ਹੱਦ ਚ ਹੀ ਮਿਲਣਗੀਆਂ ਰਿਆਇਤਾਂ
ਲੁਧਿਆਣਾ, 24 ਮਾਰਚ 2020 - ਜਨਤਾ ਕਰਫਿਊ ਦੀਆਂ ਆਮ ਲੋਕਾਂ ਵੱਲੋਂ ਧੱਜੀਆਂ ਉਡਾਉਣ ਦੇ ਕਾਰਨ ਪੰਜਾਬ ਸਰਕਾਰ ਨੇ ਸੂਬੇ ਵਿੱਚ ਕਰਫਿਊ ਲਾ ਦਿੱਤਾ ਹੈ। ਅਗਲੇ ਨਿਰਦੇਸ਼ਾਂ ਤੱਕ ਇਹ ਕਰਫਿਊ ਜਾਰੀ ਰਹੇਗਾ। ਇਸ ਸਬੰਧੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸਿਹਤ ਸੇਵਾਵਾਂ ਨੂੰ ਰਿਆਇਤ ਦਿੱਤੀ ਗਈ ਹੈ ਇਸ ਤੋਂ ਇਲਾਵਾ ਜੋ ਸਰਕਾਰੀ ਮੁਲਾਜ਼ਮ ਨੇ ਅਤੇ ਬੈਂਕ ਮੁਲਾਜ਼ਮ ਨੇ ਉਨ੍ਹਾਂ ਦੇ ਕੰਮ ਦੀ ਸਮਾਂ ਹੱਦਬੰਦੀ ਅਤੇ ਘਰੇਲੂ ਵਰਤੋਂ ਦੇ ਸਾਮਾਨ ਖਰੀਦਣ ਦੀ ਵੀ ਸਮਾਂ ਹੱਦਬੰਦੀ ਤੈਅ ਕਰ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਘਰੇਲੂ ਵਰਤੋਂ ਲਈ ਦੁੱਧ ਅਤੇ ਖਾਣ ਪੀਣ ਦੇ ਸਾਮਾਨ ਆਦਿ ਦੀਆਂ ਦੁਕਾਨਾਂ ਸਵੇਰੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਹੀ ਖੁੱਲ੍ਹਣਗੀਆਂ। ਇਸ ਦੌਰਾਨ ਹੀ ਆਮ ਬਾਜ਼ਾਰਾਂ ਵਿੱਚ ਮੈਡੀਕਲ ਸਟੋਰ ਵੀ ਖੁੱਲ੍ਹਣਗੇ ਪਰ ਸਿਹਤ ਸੇਵਾਵਾਂ 24×7 ਜਾਰੀ ਰਹਿਣਗੀਆਂ ਅਤੇ ਹਸਪਤਾਲ ਦੀ 100 ਮੀਟਰ ਤੱਕ ਦੀ ਦੂਰੀ ਦੀਆਂ ਸਾਰੀਆਂ ਮੈਡੀਕਲ ਸਟੋਰ ਦਿਨ ਵੇਲੇ ਵੀ ਖੁੱਲ੍ਹੇ ਰਹਿਣਗੇ।
ਇਸ ਤੋਂ ਇਲਾਵਾ ਸਵੇਰ ਦੇ ਸਮਾਂ ਹੱਦਬੰਦੀ ਦੌਰਾਨ ਹੀ ਸਰਕਾਰੀ ਮੁਲਾਜ਼ਮ, ਬੈਂਕ ਮੁਲਾਜ਼ਮ ਆਦਿ ਆਪੋ ਆਪਣੇ ਕੰਮਾਂ ਤੇ ਜਾ ਸਕਣਗੇ ਇਸੇ ਤਰ੍ਹਾਂ ਸ਼ਾਮ ਨੂੰ ਵੀ ਸਮਾਂ ਹੱਦਬੰਦੀ ਤੈਅ ਕਰ ਦਿੱਤੀ ਗਈ ਹੈ। ਸ਼ਾਮ ਨੂੰ 5 ਵਜੇ ਤੋਂ ਲੈ ਕੇ 8 ਵਜੇ ਤੱਕ ਦੇ ਸਮੇਂ ਦੌਰਾਨ ਹੀ ਇਨ੍ਹਾਂ ਨੂੰ ਵਾਪਸ ਪਰਤਨਾ ਹੋਵੇਗਾ। ਇਸ ਤੋਂ ਇਲਾਵਾ ਜੇਕਰ ਕਿਸੇ ਸਰਵਿਸ ਪ੍ਰੋਵਾਈਡਰ ਨੂੰ ਕੋਈ ਕੰਮ ਕਰਨਾ ਹੈ ਤਾਂ ਉਸ ਨੂੰ ਪ੍ਰਸ਼ਾਸਨ ਵੱਲੋਂ ਗਠਿਤ ਕਮੇਟੀ ਤੋਂ ਆਗਿਆ ਲੈਣੀ ਹੋਵੇਗੀ।
ਇਸੇ ਤਰ੍ਹਾਂ ਮੀਡੀਆ ਕਵਰੇਜ ਵੀ ਸਿਰਫ ਉਹੀ ਕਰ ਸਕਣਗੇ ਜਿਨ੍ਹਾਂ ਕੋਲ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਪੀਲੇ ਕਾਰਡ ਅਤੇ ਐਕਰੀਡੇਸ਼ਨ ਕਾਰਡ ਹੋਣਗੇ। ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਵੱਲੋਂ ਕਿਸੇ ਵੀ ਕੀਮਤ ਤੇ ਸਖ਼ਤੀ ਨਾਲ ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ।