- ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ 'ਚ ਸਫਲ ਸਾਬਿਤ ਹੋਵੇਗੀ ਸਵੈ-ਇਕਾਂਤਵਾਸ ਮੁਹਿੰਮ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 8 ਅਪ੍ਰੈਲ 2020 - ਪੰਜਾਬ ਸਰਕਾਰ ਵਲੋਂ ਕੋਵਿਡ-19 ਖਿਲਾਫ ਵਿੱਢੀ ਜੰਗ ਖਿਲਾਫ ਕੋਰੋਨਾ ਦਾ ਡੱਟਕੇ ਮੁਕਾਬਲਾ ਕਰਨ ਲਈ ਪੰਚਾਇਤਾਂ ਅਤੇ ਪਿੰਡ ਵਾਸੀ ਵੀ ਅੱਗੇ ਆ ਕੇ ਰਹੇ ਹਨ। ਪਿੰਡਾਂ ਵਲੋਂ ਇਹ ਮੁਕਾਬਲਾ ਸਵੈ-ਇਕਾਂਤਵਾਸ ਅਪਣਾ ਕੇ ਕੀਤਾ ਜਾ ਰਿਹਾ ਹੈ ਅਤੇ ਹੁਣ ਤੱਕ ਜ਼ਿਲ੍ਹੇ ਦੇ 1357 ਪਿੰਡਾਂ ਵਲੋਂ ਪਹਿਲਕਦਮੀ ਕਰਦਿਆਂ ਸਵੈ-ਇਕਾਂਤਵਾਸ ਨੂੰ ਅਪਣਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਪੰਚਾਇਤਾਂ ਵਲੋਂ ਦਿੱਤੇ ਜਾ ਰਹੇ ਸਹਿਯੋਗ ਅਤੇ ਪਹਿਲਕਦਮੀ ਸਦਕਾ ਜ਼ਿਲ੍ਹੇ ਦੇ 1429 ਪਿੰਡਾਂ ਵਿਚੋਂ 1357 ਪਿੰਡਾਂ ਵਲੋਂ ਸਵੈ-ਇਕਾਂਤਵਾਸ ਨੂੰ ਅਪਣਾਉਣਾ ਬੇਮਿਸਾਲ ਉਪਰਾਲਾ ਹੈ, ਜੋ ਕੋਵਿਡ-19 ਦੇ ਪ੍ਰਭਾਵ ਨੂੰ ਫੈਲਣ ਤੋਂ ਰੋਕਣ ਵਿੱਚ ਕਾਮਯਾਬ ਸਾਬਿਤ ਹੋਵੇਗਾ।
ਉਨ੍ਹਾਂ ਦੱਸਿਆ ਕਿ ਹੁਸ਼ਿਆਰੁਪਰ ਬਲਾਕ-1 ਦੇ 181 ਪਿੰਡਾਂ, ਭੂੰਗਾ ਦੇ 165, ਦਸੂਹਾ ਦੇ 155, ਮੁਕੇਰੀਆਂ ਦੇ 140, ਮਾਹਿਲਪੁਰ ਦੇ 135, ਗੜ੍ਹਸ਼ੰਕਰ ਦੇ 135, ਹੁਸ਼ਿਆਰਪੁਰ ਬਲਾਕ-2 ਦੇ 120, ਟਾਂਡਾ ਦੇ 118, ਤਲਵਾੜਾ ਦੇ 106 ਅਤੇ ਹਾਜੀਪੁਰ ਬਲਾਕ ਦੇ 102 ਪਿੰਡਾਂ ਵਲੋਂ ਆਪਣੇ-ਆਪ ਨੂੰ ਸੈਲਫ ਕੁਆਰਨਟਾਈਨ ਕੀਤਾ ਗਿਆ ਹੈ। ਉਨ੍ਹਾਂ ਉਕਤ ਪੰਚਾਇਤਾਂ ਸਮੇਤ ਪਿੰਡ ਵਾਸੀਆਂ ਦੀ ਸ਼ਲਾਘਾ ਅਤੇ ਧੰਨਵਾਦ ਕਰਦਿਆਂ ਕਿਹਾ ਕਿ ਬਾਕੀ ਪੰਚਾਇਤਾਂ ਵੀ ਆਪਣੇ ਪਿੰਡ ਨੂੰ ਸਵੈ-ਇਕਾਂਤਵਾਸ ਵਿੱਚ ਰੱਖਣ ਲਈ ਅੱਗੇ ਆਉਣ, ਤਾਂ ਜੋ ਇਕਜੁੱਟਤਾ ਨਾਲ ਕੋਰੋਨਾ ਖਿਲਾਫ ਜੰਗ ਜਿੱਤੀ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਵੈ-ਇਕਾਂਤਵਾਸ ਲਈ ਅੱਗੇ ਆਏ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਪਿੰਡ ਨੂੰ ਲੱਗਦੇ ਰਸਤਿਆਂ 'ਤੇ ਬੈਰੀਕੇਟਿੰਗ ਕਰਵਾਈ ਗਈ ਹੈ ਅਤੇ ਜੇਕਰ ਕੋਈ ਪਿੰਡ ਦਾ ਵਿਅਕਤੀ ਐਮਰਜੈਂਸੀ ਹਾਲਾਤ ਦੌਰਾਨ ਬਾਹਰ ਜਾਣਾ ਚਾਹੁੰਦਾ ਹੈ, ਤਾਂ ਉਸ ਦਾ ਪੂਰਾ ਵੇਰਵਾ ਰਜਿਸਟਰ 'ਤੇ ਦਰਜ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਆਉਣ-ਜਾਣ ਵੇਲੇ ਹੱਥਾਂ ਨੂੰ ਸੈਨੀਟਾਈਜ਼ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਕਤ ਪਿੰਡਾਂ ਦੀਆਂ ਕਈ ਪੰਚਾਇਤਾਂ ਵਲੋਂ ਵਿਸੇਸ਼ ਪਹਿਲਕਦਮੀ ਕਰਦਿਆਂ ਪਿੰਡ ਦੇ ਐਂਟਰੀ ਪੁਆਇੰਟਾਂ 'ਤੇ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਗਏ ਹਨ।