ਅਸ਼ੋਕ ਵਰਮਾ
ਬਠਿੰਡਾ, 3 ਮਈ 2020 - ਤਖਤ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੀ ਸੰਗਤ ਨੂੰ ਮੈਰੀਟੋਰੀਅਸ ਸਕੂਲ ਵਿਖੇ ਬਣੇ ਇਕਾਂਤਵਾਸ ਕੇਂਦਰ ਵਿਚ ਸਾਰੀਆਂ ਬੁਨਿਆਦੀ ਵਸਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸੰਗਤ ਨੂੰ ਸਭ ਤੋਂ ਪਹਿਲਾਂ ਜ਼ਰੂਰੀ ਲੋੜ ਦੀਆਂ ਵਸਤਾਂ ਟੂਥ ਬਰੱਸ਼, ਪੇਸਟ, ਸਾਬਣ, ਸ਼ੈਂਪੂ, ਮੱਛਰ ਮਾਰ ਦਵਾਈ ਅਤੇ ਮੱਗ ਬਾਲਟੀਆਂ ਕਮਰੇ ਅਲਾਟ ਕਰਨ ਦੇ ਨਾਲ ਹੀ ਮੁਹੱਈਆ ਕਰਵਾਏ ਗਏ। ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਇਨਾਂ ਸਾਰੀਆਂ ਸੰਗਤਾਂ ਦੀ ਕੁਆਰਨਟੀਨ ਦੌਰਾਨ ਦੇਖ ਭਾਲ ਦਾ ਜ਼ਿੰਮਾਂ ਬਠਿੰਡਾ ਦੇ ਐਸ ਡੀ ਐਮ ਅਮਰਿੰਦਰ ਸਿੰਘ ਟਿਵਾਣਾ ਅਤੇ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਨੂੰ ਸੌਂਪਿਆ ਗਿਆ ਹੈ ਜਿੱਥੇ ਲੋੜ ਅਨੁਸਾਰ ਹਰ ਵਸਤੂ ਮੁਹੱਈਆ ਕਰਵਾਈ ਜਾ ਰਹੀ ਹੈ। ਡਿਪਟੀ ਕਮਿਸਨਰ ਨੇ ਦੱਸਿਆ ਕਿ ਮੈਰੀਟੋਰੀਅਸ ਸਕੂਲ ਵਿਖੇ ਠਹਿਰੇ 125 ਵਿਅਕਤੀਆਂ ਨੂੰ ਸਿਹਤਮੰਦ ਰੱਖਣ ਅਤੇ ਕਿਸੇ ਵੀ ਤਰਾਂ ਦੀ ਤੰਗੀ ਨਾ ਆਉਣ ਦੇਣ ਲਈ ਰੋਜ਼ਾਨਾ ਦੀਆਂ ਲੋੜਾਂ ਦੀ ਪੂਰਤੀ ਕਰਦਾ ਹੈ। ਉਨਾਂ ਦੱਸਿਆ ਕਿ ਇਸ ਤੋਂ ਬਿਨਾਂ ਨੌਜ਼ਵਾਨਾ ਵੈਲਫੇਅਰ ਸੁਸਾਇਟੀ ਵੱਲੋਂ ਵੀ ਬਹੁਤ ਸਹਿਯੋਗ ਕੀਤਾ ਜਾਂਦਾ ਹੈ ਜਿਸ -ਵੱਲੋਂ ਖਾਣਾ ਮੁਹੱਈਆ ਕਰਵਾਇਆ ਜਾਂਦਾ ਹੈ।
ਐਸਡੀਐਮ ਸ: ਅਮਰਿੰਦਰ ਸਿੰਘ ਨੇ ਦੱਸਿਆ ਕਿ ਇੱਥੇ ਰਹਿ ਰਹੇ ਯਾਤਰੀਆਂ ਵਿਚਕਾਰ ਸਮਾਜਿਕ ਦੂਰੀ ਦਾ ਵਿਸੇਸ ਖਿਆਲ ਰੱਖਿਆ ਜਾ ਰਿਹਾ ਹੈ। ਹਰੇਕ ਕਮਰੇ ’ਚ ਬੈਡ, ਗੱਦੇ ਤੇ ਸਿਰਹਾਣੇ ਤੋਂ ਇਲਾਵਾ ਪੱਖੇ ਤੇ ਟਿਊਬ ਲਾਈਟ ਦਾ ਪ੍ਰਬੰਧ ਹੈ। ਉਨਾਂ ਦੱਸਿਆ ਕਿ ਇਨਾਂ ਸਾਰਿਆਂ ਲਈ ਤਿੰਨ ਟਾਈਮ ਦਾ ਖਾਣਾ ਬਣ ਕੇ ਆ ਰਿਹਾ ਹੈ, ਜੋ ਕਿ ਸਾਫ਼-ਸਫ਼ਾਈ ਅਤੇ ਪੌਸ਼ਟਿਕਤਾ ਦਾ ਧਿਆਨ ਰੱਖ ਕੇ ਤਿਆਰ ਕਰਵਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਸਿਹਤ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਇਹ ਸਭ ਕੁੱਝ ਇੱਕ ਨਿਸ਼ਚਿਤ ਕੀਤੇ ਬੈਰੀਅਰ ਤੱਕ ਪਹੁੰਚਾਇਆ ਜਾਂਦਾ ਹੈ, ਜਿੱਥੋਂ ਅੱਗੇ ਇਹ ਯਾਤਰੀ ਆਪਣੇ-ਆਪ ਇਸ ਸਮਾਨ ਨੂੰ ਲਿਜਾ ਕੇ ਅੱਗੇ ਬੜੇ ਸੁਚੱਜੇ ਢੰਗ ਤੇ ਸਾਵਧਾਨੀ ਪੂਰਵਕ ਬਾਕੀ ਸੰਗਤਾਂ ਨਾਲ ਸਾਂਝਾਂ ਕਰ ਲੈਂਦੇ ਹਨ। ਇਸ ਤੋਂ ਬਿਨਾਂ ਛੋਟੇ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਟੌਫੀਆਂ ਵੀ ਦਿੱਤੀਆਂ ਜਾਂਦੀਆਂ ਹਨ।
ਉਨ੍ਹਾਂ ਦੱਸਿਆ ਕਿ ਇੱਥੇ ਡਾਕਟਰਾਂ ਦੀ ਟੀਮ ਹਰ ਵੇਲੇ ਤਾਇਨਾਤ ਰਹਿੰਦੀ ਹੈ ਅਤੇ ਜੇਕਰ ਕਿਸੇ ਨੂੰ ਦਵਾਈ ਦੀ ਜਰੂਰਤ ਹੋਵੇ ਤਾਂ ਮੁਹਈਆ ਕਰਵਾਈ ਜਾਂਦੀ ਹੈ। ਉਨਾਂ ਦੱਸਿਆ ਕਿ ਯਾਤਰੀਆਂ ਦੀ ਕਾਊਂਸਲਿੰਗ ਵੀ ਕੀਤੀ ਗਈ ਤਾਂ ਜੋ ਉਨਾਂ ਦਾ ਮਨੋਬਲ ਕਾਇਮ ਰਹੇ । ਉਨਾਂ ਦੱਸਿਆ ਕਿ ਮੈਡੀਕਲ ਸਟਾਫ਼, ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਇਨਾਂ ਸੰਗਤਾਂ ਦੇ ਹਰ ਤਰਾਂ ਦੇ ਸੁੱਖ-ਅਰਾਮ ਦਾ ਖਿਆਲ ਰੱਖਿਆ ਜਾ ਰਿਹਾ ਹੈ ਤਾਂ ਜੋ ਉਨਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਉਨਾਂ ਦੱਸਿਆ ਕਿ ਇਨਾਂ ਕਮਰਿਆਂ ਨੂੰ ਨਿਯਮਿਤ ਤੌਰ ਤੇ ਸੈਨੇਟਾਈਜ਼ ਕਰਵਾਇਆ ਜਾਂਦਾ ਹੈ। ਇਸ ਇਕਾਂਤਵਾਸ ਦੇ ਵਰਜਿਤ ਖੇਤਰ ਵਿਚ ਜਾਣ ਵਾਲੇ ਅਮਲੇ, ਸਫਾਈ ਕਰਮੀਆਂ, ਕਪੜੇ ਧੋਣ ਵਾਲੇ ਅਮਲੇ ਨੂੰ ਪੀਪੀਈ ਕਿੱਟਾਂ ਵੀ ਮੁਹਈਆ ਕਰਵਾਈਆਂ ਗਈਆਂ ਹਨ ਅਤੇ ਸਾਰੇ ਸੁਰੱਖਿਆ ਮਾਨਦੰਡਾਂ ਦਾ ਪਾਲਣ ਵੀ ਕੀਤਾ ਜਾਂਦਾ ਹੈ।