ਦੇਸ਼ ਲਈ ਸ਼ਹੀਦ ਹੋਣ ਵਾਲੇ ਮਹਾਨ ਸਪੂਤਾਂ ਦਾ ਨਾਮ ਦੇਸ਼ ਦੇ ਇਤਹਾਸ ਵਿੱਚ ਹਮੇਸ਼ਾ ਸੁਨਿਹਰੀ ਅੱਖਰਾਂ ਨਾਲ ਲਿਖਿਆ ਜਾਂਦਾ ਹੈ —ਐਸ.ਐਸ.ਪੀ. ਡਾ. ਭਾਰਗਵ
ਮਾਨਸਾ 11 ਮਈ 2020 - ਐਸ.ਐਸ.ਪੀ. ਮਾਨਸਾ ਵੱਲੋਂ ਦੱਸਿਆ ਗਿਆ ਕਿ ਜਿਲਾ ਮਾਨਸਾ ਦੇ ਪਿੰਡ ਰਾਜਰਾਣਾ ਦਾ ਸਪੂਤ ਨਾਇਕ ਰਾਜੇਸ਼ ਕੁਮਾਰ ਜੋ ਭਾਰਤੀ ਸੈਨਾ ਦੀ 21ਵੀ. ਰਾਸ਼ਟਰੀ ਰਾਈਫਲਜ਼ ਵਿੱਚ ਜੰਮੂ ਕਸ਼ਮੀਰ ਵਿੱਚ ਸੇਵਾਵਾਂ ਨਿਭਾ ਰਿਹਾ ਸੀ ਅਤੇ ਜੋ ਜੰਮੂ ਕਸ਼ਮੀਰ ਦੇ ਹੰਦਵਾੜਾ ਮੁਕਾਬਲੇ ਦੌਰਾਨ ਅੱਤਵਾਦੀਆਂ ਨਾਲ ਲੜਾਈ ਕਰਦਾ ਹੋਇਆ ਮਿਤੀ 02—05—2020 ਨੂੰ ਵੀਰਗਤੀ ਪ੍ਰਾਪਤ ਕਰ ਗਿਆ ਸੀ। ਜਿਸਦੀ ਅੱਜ ਅੰਤਿਮ ਅਰਦਾਸ ਮੌਕੇ ਐਸ.ਐਸ.ਪੀ. ਮਾਨਸਾ ਡਾ. ਭਾਰਗਵ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਦਿਆਂ ਕਿਹਾ ਕਿ ਸਹੀਦ ਦੇ ਘਰ ਉਸਦੇ ਮਾਤਾ—ਪਿਤਾ ਅਤੇ ਸ਼ਕੇ—ਸਬੰਧੀਆਂ ਨਾਲ ਦੁੱਖ ਸਾਂਝਾ ਕਰਨ ਲਈ ਉਸਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਆਇਆ ਹਾਂ। ਉਨ੍ਹਾਂ ਕਿਹਾ ਕਿ ਸ਼ਹੀਦ ਦੀ ਇਹ ਸ਼ਹਾਦਤ ਲਾਸਾਨੀ ਹੈ ਅਤੇ ਇਹ ਪਰਿਵਾਰ ਲਈ ਅਤੇ ਪੂਰੇ ਦੇਸ਼ ਲਈ ਨਾ ਪੂਰਿਆ ਜਾਣ ਵਾਲਾ ਘਾਟਾ ਹੈ। ਸਾਨੂੰ ਅਜਿਹੇ ਯੋਧਿਆਂ ਤੇ ਹਮੇਸ਼ਾ ਮਾਣ ਰਹੇਗਾ ਜੋ ਸਮਾਜ ਅਤੇ ਦੇਸ਼ ਲਈ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਡਿਊਟੀ ਨਿਭਾਉਂਦੇ ਹਨ ਅਤੇ ਦੇਸ਼ ਤੇ ਸਮਾਜ ਦੀ ਸੇਵਾ ਕਰਦਿਆ ਦੇਸ਼ ਲਈ ਕੁਰਬਾਨ ਹੋ ਜਾਂਦੇ ਹਨ। ਉਨ੍ਹਾਂ ਪਰਿਵਾਰ ਨੂੰ ਹੌਸਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸਪੁੱਤਰ ਦੀ ਸ਼ਹਾਦਤ ਅਤਿਅੰਤ ਕੀਮਤੀ ਹੈ। ਸ਼ਹੀਦ ਰਾਜੇਸ਼ ਕੁਮਾਰ ਨੇ ਇਹ ਸ਼ਹਾਦਤ ਦੇ ਕੇ ਇਸ ਇਲਾਕੇ ਨੂੰ, ਇਸ ਪਿੰਡ ਨੂੰ, ਮਾਨਸਾ ਜਿਲੇ ਨੂੰ, ਪੰਜਾਬ ਰਾਜ ਅਤੇ ਪੂਰੇ ਦੇਸ਼ ਨੂੰ ਬੜਾ ਮਾਣ ਬਖਸਿ਼ਆ ਹੈ। ਰਾਜੇਸ਼ ਕੁਮਾਰ ਸਿਰਫ ਉਹਨਾਂ ਦਾ ਹੀ ਸਪੁੱਤਰ ਨਹੀ, ਸਗੋ ਸਾਰੇ ਪੰਜਾਬ ਅਤੇ ਦੇਸ਼ ਦਾ ਸਪੁੱਤਰ ਹੈ। ਜਿਲਾ ਮਾਨਸਾ ਪੁਲਿਸ, ਜਿਲਾ ਪ੍ਰਸਾਸ਼ਨ ਮਾਨਸਾ, ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਪਰਿਵਾਰ ਦੇ ਨਾਲ ਖੜੀ ਹੈ ਅਤੇ ਹਮੇਸ਼ਾ ਖੜੀ ਰਹੇਗੀ। ਉਸਦੀ ਦੇਸ਼ ਪ੍ਰਤੀ ਕੁਰਬਾਨੀ ਨਾਲ ਪੂਰੇ ਦੇਸ਼ ਦਾ ਸਿਰ ਮਾਣ ਨਾਲ ਉਚਾ ਹੋਇਆ ਹੈ।
ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਸ੍ਰੀ ਦਿਨਕਰ ਗੁਪਤਾ ਜੀ ਵੱਲੋਂ ਸੰਦੇਸ਼ ਦੇ ਕੇ ਉਚੇਚੇ ਤੌਰ ਤੇ ਮੈਨੂੰ ਭੇਜਿਆ ਹੈ ਕਿ ਸ਼ਹੀਦ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣ ਅਤੇ ਪਰਿਵਾਰ ਨੂੰ ਦੱਸਿਆ ਜਾਵੇ ਕਿ ਉਸਦੇ ਪਰਿਵਾਰ ਨੂੰ ਪੰਜਾਬ ਪੁਲਿਸ ਆਪਣਾ ਪਰਿਵਾਰ ਸਮਝੇਗੀ, ਪੰਜਾਬ ਪੁਲਿਸ ਪਰਿਵਾਰ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਲਗਾ ਕੇ ਖੜ੍ਹੀ ਰਹੇਗੀ ਅਤੇ ਉਨ੍ਹਾਂ ਦੀਆਂ ਦੁੱਖ ਤਕਲੀਫ ਦੂਰ ਕਰਨ ਲਈ ਹਮੇਸ਼ਾ ਵਚਨਬੱਧ ਰਹੇਗੀ।