- 'ਕੋਰੋਨਾ ਵਾਇਰਸ' ਸੰਕਟ ਦੇ ਬਾਵਜੂਦ ਓ.ਪੀ.ਡੀ., ਜਣੇਪਾ ਅਤੇ ਟੀਕਾਕਰਨ ਸੇਵਾਵਾਂ ਜਾਰੀ : ਸਿਵਲ ਸਰਜਨ
- ਛੋਟੀ-ਮੋਟੀ ਤਕਲੀਫ਼ ਹੋਣ 'ਤੇ ਹਸਪਤਾਲਾਂ ਵਿਚ ਜਾਣ ਦੀ ਬਜਾਏ ਹੈਲਪਲਾਈਨ 104 'ਤੇ ਸੰਪਰਕ ਕੀਤਾ ਜਾਵੇ : ਡਾ. ਮਨਜੀਤ ਸਿੰਘ
ਮੋਹਾਲੀ, 17 ਅਪ੍ਰੈਲ 2020 - 'ਕੋਰੋਨਾ ਵਾਇਰਸ' ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਕਰਫ਼ੀਊ ਲੱਗਾ ਹੋਣ ਦੇ ਬਾਵਜੂਦ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਓ.ਪੀ.ਡੀ., ਜੱਚਾ ਅਤੇ ਬੱਚਾ ਜਾਂਚ, ਜਣੇਪਾ ਤੇ ਟੀਕਾਕਰਨ ਸੇਵਾਵਾਂ ਲਗਾਤਾਰ ਜਾਰੀ ਹਨ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦਸਿਆ ਕਿ ਜ਼ਿਲ੍ਹਾ ਸਿਹਤ ਵਿਭਾਗ ਲੋਕਾਂ ਨੂੰ ਐਮਰਜੈਂਸੀ ਅਤੇ ਹੋਰ ਜ਼ਰੂਰੀ ਡਾਕਟਰੀ ਸੇਵਾਵਾਂ ਲਗਾਤਾਰ ਦੇ ਰਿਹਾ ਹੈ ਤਾਕਿ ਲੋੜਵੰਦ ਜ਼ਿਲ੍ਹਾ ਵਾਸੀਆਂ ਨੂੰ ਸਿਹਤ ਪੱਖੋਂ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਝੱਲਣੀ ਪਵੇ।
ਸਿਵਲ ਸਰਜਨ ਨੇ ਦਸਿਆ ਕਿ 20 ਮਾਰਚ ਤੋਂ ਲੈ ਕੇ 15 ਅਪ੍ਰੈਲ ਤਕ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਕੁਲ 456 ਬੱਚਿਆਂ ਨੇ ਜਨਮ ਲਿਆ ਹੈ ਜਿਨ੍ਹਾਂ ਵਿਚੋਂ 245 ਮੁੰਡੇ ਜਦਕਿ 211 ਕੁੜੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਦੌਰਾਨ ਜ਼ਿਲ੍ਹਾ ਹਸਪਤਾਲ ਮੋਹਾਲੀ, ਸਬ-ਡਵੀਜ਼ਨਲ ਹਸਪਤਾਲ ਖਰੜ ਅਤੇ ਡੇਰਾਬੱਸੀ ਵਿਖੇ ਕ੍ਰਮਵਾਰ 183, 103 ਅਤੇ 97 ਬੱਚਿਆਂ ਨੇ ਜਨਮ ਲਿਆ ਅਤੇ ਜ਼ਿਲ੍ਹੇ ਦੇ ਬਾਕੀ ਪ੍ਰਾਇਮਰੀ ਅਤੇ ਕਮਿਊਨਿਟੀ ਸਿਹਤ ਕੇਂਦਰਾਂ-ਕੁਰਾਲੀ, ਬਨੂੜ, ਢਕੋਲੀ, ਲਾਲੜੂ, ਬੂਥਗੜ੍ਹ ਆਦਿ ਵਿਖੇ ਵੀ ਜਣੇਪੇ ਹੋਏ ਹਨ। ਇਸ ਤੋਂ ਇਲਾਵਾ, ਸਬ-ਸੈਂਟਰ ਪੱਧਰ 'ਤੇ ਬੱਚਿਆਂ ਦਾ ਆਮ ਟੀਕਾਕਰਨ ਵੀ ਜਾਰੀ ਹੈ।
ਡਾ. ਮਨਜੀਤ ਸਿੰਘ ਨੇ ਕਿਹਾ ਕਿ ਉਹ ਯਕੀਨੀ ਕਰ ਰਹੇ ਹਨ ਕਿ ਸਰਕਾਰੀ ਹਸਪਤਾਲਾਂ ਵਿਚ ਆਮ ਜਾਂਚ ਅਤੇ ਜਣੇਪੇ ਆਦਿ ਲਈ ਆਉਣ ਵਾਲੀਆਂ ਗਰਭਵਤੀ ਔਰਤਾਂ ਅਤੇ ਹੋਰ ਗੰਭੀਰ ਮਰੀਜ਼ਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਡਾਕਟਰ, ਨਰਸਾਂ, ਪੈਰਾਮੈਡੀਕਲ ਸਟਾਫ਼ ਦੀ ਇਹੋ ਕੋਸ਼ਿਸ਼ ਹੈ ਕਿ ਇਸ ਸੰਕਟਮਈ ਸਮੇਂ ਵਿਚ ਵੀ ਲੋਕਾਂ ਨੂੰ ਚੰਗੀਆਂ ਅਤੇ ਮਿਆਰੀ ਸਿਹਤ ਸਹੂਲਤਾਂ ਦਿਤੀਆਂ ਜਾਣ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਛੋਟੀ-ਮੋਟੀ ਤਕਲੀਫ਼ ਹੋਣ 'ਤੇ ਹਸਪਤਾਲਾਂ ਵਿਚ ਆਉਣ ਦੀ ਬਜਾਏ ਸਿਹਤ ਵਿਭਾਗ ਦੀ ਹੈਲਪਲਾਈਨ ਨੰਬਰ 104 'ਤੇ ਸੰਪਰਕ ਕਰ ਕੇ ਡਾਕਟਰੀ ਸਲਾਹ ਲੈ ਸਕਦੇ ਹਨ।
ਡਾ. ਮਨਜੀਤ ਸਿੰਘ ਨੇ ਕਿਹਾ ਕਿ ਹਸਪਤਾਲਾਂ ਵਿਚ ਸਿਹਤ ਸੇਵਾਵਾਂ ਦੇਣ ਸਮੇਂ ਇਕ ਦੂਜੇ ਤੋਂ ਜ਼ਰੂਰੀ ਫ਼ਾਸਲਾ ਰੱਖਣ, ਮਾਸਕ ਪਾਉਣ ਅਤੇ ਇਮਾਰਤ ਤੇ ਕਮਰਿਆਂ ਨੂੰ ਰੋਗਾਣੂ-ਮੁਕਤ ਕਰਨ ਦੇ ਨਿਯਮਾਂ ਦੀ ਵੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਕਿਸੇ ਵੀ ਥਾਂ ਮਰੀਜ਼ਾਂ ਜਾਂ ਉਨ੍ਹਾਂ ਦੇ ਤੀਮਾਰਦਾਰਾਂ ਨੂੰ ਇਕੱਠੇ ਨਹੀਂ ਹੋਣ ਦਿਤਾ ਜਾ ਰਿਹਾ ਤਾਕਿ ਇਸ ਮਹਾਮਾਰੀ ਤੋਂ ਬਚਿਆ ਜਾ ਸਕੇ। ਡਾ. ਮਨਜੀਤ ਸਿੰਘ ਨੇ ਹਸਪਤਾਲਾਂ ਵਿਚ ਸੇਵਾਵਾਂ ਦੇ ਰਹੇ ਡਾਕਟਰਾਂ, ਨਰਸਾਂ ਅਤੇ ਹੋਰ ਸਿਹਤ ਮੁਲਾਜ਼ਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਪੂਰੀ ਤਨਦੇਹੀ ਅਤੇ ਮਿਹਨਤ ਨਾਲ ਲੋਕਾਂ ਦੀ ਸੇਵਾ ਵਿਚ ਜੁਟੇ ਹੋਏ ਹਨ ਅਤੇ ਅਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਪੂਰੀ ਅਹਿਤਿਆਤ ਨਾਲ ਦਿਨ-ਰਾਤ ਡਾਕਟਰੀ ਸੇਵਾਵਾਂ ਦੇ ਰਹੇ ਹਨ। ਇਸ ਤੋਂ ਇਲਾਵਾ ਬੀਮਾਰੀ ਦੀ ਰੋਕਥਾਮ ਲਈ ਫ਼ੀਲਡ ਵਿਚ ਵੀ ਸਿਹਤ ਅਮਲਾ ਪੂਰੀ ਤਰ੍ਹਾਂ ਡਟਿਆ ਹੋਇਆ ਹੈ।