ਰਜਨੀਸ਼ ਸਰੀਨ
- ਜ਼ਿਲ੍ਹੇ ਦੇ 325 ਵਪਾਰੀਆਂ/ਦੁਕਾਨਦਾਰਾਂ ਨੇ ਹੋਮ ਡਿਲਿਵਰੀ ਲਈ ਕਰਵਾਈ ਰਜਿਸਟ੍ਰੇਸ਼ਨ
- ਕੋਵਾ ਪੰਜਾਬ ਐਪ ਰਾਹੀਂ ਕਰਫ਼ਿਊ ਦੌਰਾਨ ਡਾਕਟਰ ਤੋਂ ਵੀ ਲਈ ਜਾ ਸਕੇਗੀ ਸਲਾਹ
ਨਵਾਂਸ਼ਹਿਰ, 4 ਅਪ੍ਰੈਲ 2020 - ਪੰਜਾਬ ਸਰਕਾਰ ਵੱਲੋਂ ਕੋਵਿਡ-19 ਸਬੰਧੀ ਜਾਣਕਾਰੀ ਦੇਣ ਲਈ ਐਂਡਰਾਇਡ ਅਤੇ ਆਈ ਫ਼ੋਨ ਮੋਬਾਇਲਾਂ ’ਤੇ ਡਾਊਨਲੋਡ ਹੋ ਸਕਣ ਵਾਲੀ ‘ਕੋਵ ਪੰਜਾਬ’ ਐਪ ਹੁਣ ਕਰਫ਼ਿਊ ਦੌਰਾਨ ਘਰਾਂ ’ਚ ਜ਼ਰੂਰੀ ਵਸਤਾਂ ਦੀ ਸਪਲਾਈ ਅਤੇ ਡਾਕਟਰੀ ਸਲਾਹ ਵੀ ਮੁੱਹਈਆ ਕਰਵਾਏਗੀ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿ ਪੰਜਾਬ ਸਰਕਾਰ ਵਲੋ ਲੋਕਾਂ ਤੱਕ ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾਉਣ ਲਈ ‘ਕੋਵਾ ਪੰਜਾਬ’ ਐਪ ਵਿੱਚ ਇੱਕ ਨਵਾਂ ਮੋਡਿਊਲ ਤਿਆਰ ਕੀਤਾ ਗਿਆ ਹੈ, ਜਿਸ ਨੂੰ ਸਾਰੇ ਦੁਕਾਨਦਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਆਪਣੇ ਨਾਲ ਸਬੰਧਿਤ ਕੰਮ ਲਈ ਵਰਤ ਸਕਦੇ ਹਨ। ਉਨ੍ਹਾਂ ਦੱਸਿਆਂ ਕਿ ਇਸ ਮੋਡਿਊਲ ਨੂੰ ਵਰਤਣ ਲਈ ਕੋਵਾ ਪੰਜਾਬ ਐਪ ਡਾਊਨ ਲੋਡ ਕਰਨੀ ਲਾਜ਼ਮੀ ਹੋਵੇਗੀ। ਉਨ੍ਹਾਂ ਅੱਗੇ ਦੱਸਿਆਂ ਕਿ ਐਪ ਡਾਊਨ ਲੋਡ ਕਰਨ ਤੋਂ ਪਹਿਲਾ ਕੋਈ ਵੀ ਦੁਕਾਨਦਾਰ ਵਸਤੂ ਦਾ ਰੇਟ ਐਮ.ਆਰ.ਪੀ. ਤੋਂ ਵੱਧ ਨਹੀਂ ਵੇਚੇਗਾ।
ਇਸ ਐਪ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਕਮਲ ਕੁਮਾਰ ਡੀ.ਟੀ.ਸੀ. ਨੇ ਦੱਸਿਆਂ ਕਿ ਇਹ ਐਪ ਕੇਵਲ ਉਨ੍ਹਾਂ ਦੁਕਾਨਦਾਰਾਂ ਦੀ ਲੋਕੇਸ਼ਨ ਦੱਸੇਗੀ, ਜਿਨ੍ਹਾਂ ਨੇ ਇਸ ਐਪ ਰਾਹੀਂ ਰਜਿਸਟਰੇਸ਼ਨ ਕਰਵਾਈ ਹੋਵੇਗੀ ਅਤੇ ਉਨ੍ਹਾਂ ਦੁਕਾਨਦਾਰਾਂ ਨੂੰ ਹੀ ਸਮਾਨ ਵੇਚਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਦੱਸਿਆਂ ਕਿ ਉਪਭੋਗਤਾ ਇਸ ਐਪ ਦੀ ਵਰਤੋਂ ਨਾਲ ਨੇੜੇ ਦੇ ਦੁਕਾਨਦਾਰ ਪਾਸ ਜ਼ਰੂਰੀ ਵਸਤਾਂ ਲਈ ਆਰਡਰ ਦੇ ਸਕਦਾ ਹੈ ਅਤੇ ਰੋਜ਼ਾਨਾ ਵਰਤੋਂ ਦਾ ਸਮਾਨ ਉਸਦੇ ਘਰ ਪਹੁੰਚਦਾ ਹੋ ਜਾਵੇਗਾ ਅਤੇ ਉਸ ਤੋਂ ਬਾਅਦ ਸਮਾਨ ਦਾ ਬਿੱਲ ਅਦਾ ਕੀਤਾ ਜਾਵੇਗਾ ਅਤੇ ਇਹ ਐਪ ਗੁਗਲ ਪਲੇਅ ਸਟੋਰ ਅਤੇ ਐਪਲ ਸਟੋਰ ਵਿੱਚੋਂ ਮੁਫ਼ਤ ਡਾਊਨ ਲੋਡ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਹੁਣ ਤੱਕ ਇਸ ਐਪ ’ਤੇ 325 ਵਪਾਰੀਆਂ/ਦੁਕਾਨਦਾਰਾਂ ਜਿਨ੍ਹਾਂ ’ਚ ਮੈਡੀਕਲ ਸਟੋਰ, ਕਰਿਆਨਾ, ਸਬਜ਼ੀਆਂ, ਦੁੱਧ ਆਦਿ ਸ਼ਾਮਿਲ ਹਨ, ਦੀ ਰਜਿਸਟ੍ਰੇਸ਼ਨ ਕੀਤੀ ਜਾ ਚੁੱਕੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਵਾ ਪੰਜਾਬ ਐਪ ਵਿੱਚ ਇੱਕ ਹੋਰ ਸੁਵਿਧਾ ‘ਡਾਕਟਰ ਨਾਲ ਜੁੜੋ’ (ਕੋਨੈਕਟ ਟੂ ਡਾਕਟਰ) ਸ਼ਾਮਿਲ ਕੀਤੀ ਗਈ ਹੈ। ਇਸਸ ਦੇ ਨਾਲ ਹੀ ਸਪੈਸ਼ਲ ਪੰਜਾਬ ਟੈਲੀ-ਕੰਨਸਲਟੇਸ਼ਨ ਹੈਲਪਲਾਈਨ ਨੰਬਰ 1800-180-4104 ਵੀ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਰਫ਼ਿਊ ਦੌਰਾਨ ਘਰ ਬੈਠੈ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਿਹਤ ਸਮੱਸਿਆ ਦੇ ਹੱਲ ਲਈ ਕੋਵਾ ਪੰਜਾਬ ਐਪ ਵਿੱਚ ‘ਡਾਕਟਰ ਨਾਲ ਜੁੜੋ’ ਐਪ ਅਤੇ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ, ਜਿਸ ਨਾਲ ਲੋਕ ਦੇਸ਼ ਭਰ ਦੇ ਕਰੀਬ 1800 ਸੀਨੀਅਰ ਡਾਕਟਰਾਂ ਤੋਂ ਕਰਫ਼ਿਊ ਦੌਰਾਨ ਕੋਵਿਡ-19 ਅਤੇ ਹੋਰ ਸਬੰਧਤ ਬਿਮਾਰੀਆਂ ਤੋਂ ਬਚਾਅ ਸਬੰਧੀ ਸਲਾਹ ਲੈ ਸਕਣਗੇ। ਇਸ ਤੋਂ ਇਲਾਵਾ ਇਸ ਐਪ ਰਾਹੀਂ ਕੋਰੋਨਾ ਤੋਂ ਬਚਾਅ ਸਬੰਧੀ ਜਾਗਰੂਕਤਾ, ਕਰਫ਼ਿਊ ਪਾਸ ਬਣਾਉਣ ਦੀ ਜਾਣਕਾਰੀ ਵੀ ਉਪਲਬਧ ਹੈ।