ਮਨਪ੍ਰੀਤ ਸਿੰਘ ਜੱਸੀ
- ਕਰੰਸੀ ਨੋਟਾਂ ਨੂੰ ਹੱਥ ਲਗਾਉਣ ਮਗਰੋਂ ਹੱਥ ਸਾਬੁਣ ਨਾਲ ਚੰਗੀ ਤਰਾਂ ਧੋਵੋ
ਅੰਮ੍ਰਿਤਸਰ, 27 ਮਾਰਚ 2020 - ਕਰਫਿਊ ਦੇ ਸਮੇਂ ਭਾਵੇਂ ਪ੍ਰਸ਼ਾਸਨ ਵੱਲੋਂ ਜ਼ਰੂਰੀ ਵਸਤਾਂ ਲਈ ਥੋੜ੍ਹੀ ਛੋਟ ਦਿੱਤੀ ਗਈ ਹੈ, ਪਰ ਇਸ ਮੌਕੇ ਵੀ ਸਾਵਧਾਨੀ ਵਜੋਂ ਪਰਿਵਾਰ ਦੇ ਇਕ ਮੈਂਬਰ ਨੂੰ ਹੀ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ। ਇਹ ਸਲਾਹ ਦਿੰਦੇ ਸਿਵਲ ਸਰਜਨ ਅੰਮ੍ਰਿਤਸਰ ਡਾ. ਪ੍ਰਭਦੀਪ ਕੌਰ ਜੌਹਲ ਨੇ ਕਿਹਾ ਕਿ ਸਿਹਤ ਵਿਭਾਗ ਪੰਜਾਬ ਵੱਲੋਂ ਇਸ ਬੰਦ ਦੌਰਾਨ ਘਰਾਂ ਵਿਚ ਹੀ ਰਹਿਣ ਦੀ ਹਦਾਇਤ ਤਹਾਨੂੰ ਕੀਤੀ ਜਾਂਦੀ ਹੈ। ਉਨਾਂ ਕਿਹਾ ਕਿ ਪਰਿਵਾਰਕ ਮੈਂਬਰ ਵੀ ਖੰਘਦੇ ਸਮੇਂ ਮੂੰਹ ਰੁਮਾਲ ਜਾਂ ਟਿਸ਼ੂ ਨਾਲ ਢੱਕਣਾ ਯਕੀਨੀ ਬਨਾਉਣ। ਇਸ ਤੋਂ ਇਲਾਵਾ ਘਰਾਂ ਵਿਚ ਆਉਂਦੇ ਦੁੱਧ ਦੇ ਪੈਕਟ, ਭਾਂਡੇ, ਦਰਵਾਜੇ ਦੀ ਘੰਟੀ, ਕੂੜੇਦਾਨ, ਝੂਲੇ, ਕੱਚੀਆਂ ਸਬਜੀਆਂ ਤੇ ਫਲ, ਦਰਵਾਜਿਆਂ ਦੀਆਂ ਚਿਟਕਣੀਆਂ, ਬੂਟ ਤੇ ਚੱਪਲਾਂ ਆਦਿ ਨੂੰ ਵੀ ਸਮੇਂ-ਸਮੇਂ ਸਿਰ ਸੈਨੇਟਾਇਜ਼ ਕਰਦੇ ਰਹੋ। ਸਿਵਲ ਸਰਜਨ ਨੇ ਦੱਸਿਆ ਕਿ ਕਰੰਸੀ ਨੋਟਾਂ ਨੂੰ ਹੱਥ ਲਗਾਉਣ ਮਗਰੋ ਵੀ ਹੱਥ ਸਾਬੁਣ ਨਾਲ ਚੰਗੀ ਤਰ੍ਹਾਂ ਧੋਣੇ ਚਾਹੀਦੇ ਹਨ।
ਉਨਾਂ ਕਿਹਾ ਕਿ ਆਪੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਨਾ ਛੂਹੋ। ਇਸ ਤੋਂ ਇਲਾਵਾ ਦਿਨ ਵਿਚ ਵੱਧ ਤੋਂ ਵੱਧ ਵਾਰ ਆਪਣੇ ਹੱਥ ਸਾਬਣ ਜਾਂ ਅਲਕੋਹਲ ਯੁਕਤ ਸੈਨੇਟਾਇਜ਼ਰ ਨਾਲ 20 ਸੈਕਿੰਡ ਲਈ ਧੋਵੋ, ਤਾਂ ਜੋ ਵਾਇਰਸ ਤੁਹਾਡੇ ਸਰੀਰ ਵਿਚ ਨਾ ਜਾ ਸਕੇ। ਉਨਾਂ ਕਿਹਾ ਕਿ ਖੁੱਲੇ ਵਿਚ ਨਾ ਥੁੱਕੋ ਅਤੇ ਘਰ ਦੇ ਬਜ਼ੁਰਗਾਂ, ਸਰੀਰਕ ਤੌਰ ਉਤੇ ਕਮਜ਼ੋਰ ਵਿਅਕਤੀਆਂ, ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਹੋਰ ਬਿਮਾਰੀ ਤੋਂ ਪੀੜਤ ਵਿਅਕਤੀ ਜਿਸਦੀ ਰੋਗਾਂ ਨਾਲ ਲੜਨ ਦੀ ਸਰੀਰਕ ਸ਼ਕਤੀ ਘੱਟ ਹੋਵੇ, ਦਾ ਖਾਸ ਖਿਆਲ ਰੱਖਿਆ ਜਾਵੇ ਅਤੇ ਉਸ ਨੂੰ ਦੂਸਰੇ ਮੈਂਬਰਾਂ ਦੇ ਸੰਪਰਕ ਤੋਂ ਦੂਰ ਕੀਤਾ ਜਾਵੇ, ਕਿਉਂਕਿ ਅਜਿਹੇ ਮੈਂਬਰ ਨੂੰ ਵਾਇਰਸ ਦਾ ਖ਼ਤਰਾ ਵੱਧ ਹੈ।। ਉਨਾਂ ਕਿਹਾ ਕਿ ਜੇਕਰ ਕਿਸੇ ਨੂੰ ਬੁਖ਼ਾਰ, ਖਾਂਸੀ ਜਾਂ ਸਾਹ ਲੈਣ ਵਿਚ ਤਕਲੀਫ ਹੈ, ਤਾਂ ਉਹ ਨੈਸ਼ਨਲ ਕਾਲ ਸੈਂਟਰ ਦੇ ਨੰਬਰ 1123978046 ਜਾਂ ਸਟੇਟ ਕੰਟਰੋਲ ਰੂਮ 8872090029 ਉਤੇ ਸੰਪਰਕ ਕਰੇ ਅਤੇ ਡਾਕਟਰ ਦੀ ਸਲਾਹ ਤੱਕ ਘਰ ਤੋਂ ਬਾਹਰ ਨਾ ਨਿਕਲੇ।