ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਲਾਗੂ ਰਹੇਗਾ ਕਰਫਿਊ
ਅਸ਼ੋਕ ਵਰਮਾ
ਬਠਿੰਡਾ,18 ਮਈ 2020: ਬਠਿੰਡਾ ਦੇ ਜ਼ਿਲਾ ਮੈਜਿਸਟ੍ਰੇਟ ਬੀ ਸ੍ਰੀ ਨਿਵਾਸਨ ਆਈ.ਏ.ਐਸ. ਨੇ ਲਾਕਡਾਉਨ ਸਬੰਧੀ ਨਵੇਂ ਹੁਕਮ ਜਾਰੀ ਕੀਤੇ ਹਨ ਜਿਸ ਅਨੁਸਾਰ ਹੁਣ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਪਹਿਲਾਂ ਦੀ ਤਰਾਂ ਕਰਫਿਊ ਲਾਗੂ ਰਹੇਗਾ ਜਦੋਂਕਿ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਲੋਕਾਂ ਨੂੰ ਛੋਟਾਂ ਦਿੱਤੀਆਂ ਗਈਆਂ ਹਨ। ਇਹ ਹੁਕਮ 18 ਤੋਂ 31 ਮਈ 2020 ਤੱਕ ਲਾਗੂ ਰਹਿਣਗੇ। ਆਮ ਲੋਕਾਂ ਦੀ ਰਾਤ ਦੇ ਕਰਫਿਊ ਸਮੇਂ ਆਵਾਜਾਈ ਤੇ ਰੋਕ ਰਹੇਗੀ। ਇਸੇ ਤਰਾਂ 65 ਸਾਲ ਤੋਂ ਵੱਧ ਉਮਰ ਦੇ ਬਜੁਰਗ, 10 ਸਾਲ ਤੋਂ ਘੱਟ ਉਮਰ ਦੇ ਬੱਚੇ, ਗਰਭਵਤੀ ਔਰਤਾਂ ਜਾਂ ਕਿਸੇ ਗੰਭੀਰ ਬਿਮਾਰੀ ਤੋਂ ਪੀੜਤਾਂ ਨੂੰ ਵੀ ਘਰਾਂ ਦੇ ਅੰਦਰ ਰਹਿਣ ਲਈ ਕਿਹਾ ਗਿਆ ਹੈ।
ਜ਼ਿਲਾ ਮੈਜਿਸਟ੍ਰੇਟ ਬੀ ਸ੍ਰੀ ਨਿਵਾਸਨ ਨੇ ਕਿਹਾ ਕਿ ਜਿੰਨਾਂ ਖੇਤਰਾਂ ਜਾਂ ਕੰਮਾਂ ਲਈ ਛੋਟ ਦਿੱਤੀ ਗਈ ਹੈ ਉਥੇ ਸਮਾਜਿਕ ਦੂਰੀ ਦੇ ਸਿਧਾਂਤ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇ ਅਤੇ ਦੋ ਮਨੁੱਖਾਂ ਵਿਚ 6 ਫੁੱਟ ਦੀ ਦੂਰੀ ਰੱਖਣੀ ਲਾਜ਼ਮੀ ਹੋਵੇਗੀ। 50 ਫੀਸਦੀ ਸਟਾਫ ਨਾਲ ਕੰਮ ਕਰਨ ਦੀ ਪ੍ਰਥਾ ਵਿਕਸਤ ਕਰਨ ਲਈ ਕਿਹਾ ਗਿਆ ਹੈ। ਦੁਕਾਨਦਾਰ ਦੁਕਾਨਾਂ ਬਾਹਰ ਸਰਕਲ ਲਗਾਉਣਗੇ ਤਾਂਕਿ ਗ੍ਰਾਹਕਾਂ ਵਿਚਕਾਰ ਸਮਾਜਿਕ ਦੂਰੀ ਬਣੇ ਰਹੇ। ਗ੍ਰਾਹਕ ਅਤੇ ਦੁਕਾਨਦਾਰ ਮਾਸਕ ਪਹਿਣਨਗੇ ਅਤੇ ਹੋਰ ਸਾਰੀਆਂ ਸਿਹਤ ਸਲਾਹਾਂ ਦਾ ਪਾਲਣ ਕਰਣਗੇ। ਉਨਾਂ ਅਪੀਲ ਕੀਤੀ ਕਿ ਕਰੋਨਾ ਦਾ ਪਸਾਰ ਰੋਕਣ ਲਈ ਲੋਕ ਪਹਿਲਾਂ ਦੀ ਤਰਾਂ ਪ੍ਰਸ਼ਾਸਨ ਦਾ ਸਹਿਯੋਗ ਕਰਦੇ ਰਹਿਣ ਅਤੇ ਨਿਯਮਾਂ ਦਾ ਪਾਲਣ ਕਰਨ। ਉਨਾਂ ਨੇ ਲੋਕਾਂ ਵੱਲੋਂ ਹੁਣ ਤੱਕ ਦਿੱਤੇ ਸਹਿਯੋਗ ਲਈ ਉਨਾਂ ਦਾ ਧੰਨਵਾਦ ਵੀ ਕੀਤਾ।
ਕੀ ਕੁੱਝ ਖੁੱਲੇਗਾ
ਜ਼ਿਲਾ ਮੈਜਿਸਟ੍ਰੇਟ ਨੇ ਦੱਸਿਆ ਕਿ ਹਰ ਪ੍ਰਕਾਰ ਦੀਆਂ ਦੁਕਾਨਾਂ ਸਮੇਤ ਬਾਰਬਰ ਸ਼ਾਪ, ਸਲੂਨ, ਸਪਾਅ ਆਦਿ ਮੇਨ ਬਜਾਰ, ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿਚ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਖੁੱਲ ਸਕਣਗੀਆਂ। ਪਰ ਮੇਨ ਬਾਜਾਰ, ਰੇਹੜੀ ਬਜਾਰ ਆਦਿ ਸਮੇਤ ਦੁਕਾਨਾਂ ਤੇ ਸਮਾਜਿਕ ਦੂਰੀ ਦੇ ਸਿਧਾਂਤ ਦੀ ਸਖ਼ਤੀ ਨਾਲ ਪਾਲਣਾ ਕਰਨੀ ਹੋਵੇਗੀ। ਇਸੇ ਤਰਾਂ ਸਪੋਰਟਸ ਕੰਪਲੈਕਸ ਖੁੱਲ ਸਕਣਗੇ ਪਰ ਦਰਸ਼ਕ ਨਹੀਂ ਆ ਸਕਣਗੇ। ਹਰ ਪ੍ਰਕਾਰ ਦੀ ਇੰਡਸਟਰੀ ਦਿਹਾਤੀ ਅਤੇ ਸ਼ਹਿਰੀ ਦੋਹਾਂ ਖੇਤਰਾਂ ਵਿਚ ਕੰਮ ਕਰ ਸਕੇਗੀ। ਨਿਰਮਾਣ ਕਾਰਜ ਵੀ ਸ਼ਹਿਰੀ ਅਤੇ ਦਿਹਾਤੀ ਦੋਹਾਂ ਖੇਤਰਾਂ ਵਿਚ ਹੋ ਸਕਦੇ ਹਨ। ਇਸ ਤੋਂ ਬਿਨਾਂ ਖੇਤੀ, ਬਾਗਬਾਨੀ, ਪਸ਼ੂ ਪਾਲਣ, ਵੈਟਰਨਰੀ ਸੇਵਾਵਾਂ ਨਾਲ ਸਬੰਧਤ ਕੰਮ ਹੋ ਸਕਣਗੇ। ਈ ਕਾਮਰਸ ਨੂੰ ਆਗਿਆ ਦਿੱਤੀ ਗਈ ਹੈ। ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰ ਘੱਟ ਸਟਾਫ ਨਾਲ ਖੋਲਣ ਦੀ ਆਗਿਆ ਦਿੱਤੀ ਗਈ ਹੈ।
ਪਾਸ ਸਬੰਧੀ ਕੀ ਹਨ ਹਦਾਇਤਾਂ
ਉਦਯੋਗਾਂ ਜਾਂ ਹੋਰ ਅਦਾਰਿਆਂ ਨੂੰ ਕੰਮ ਸ਼ੁਰੂ ਕਰਨ ਲਈ ਕੋਈ ਵੱਖਰੀ ਪ੍ਰਵਾਨਗੀ ਨਹੀਂ ਚਾਹੀਦੀ ਹੋਵੇਗੀ। ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਸਰਕਾਰੀ ਅਤੇ ਨਿੱਜੀ ਅਦਾਰਿਆਂ ਦੇ ਕਰਮਚਾਰੀ ਬਿਨਾਂ ਕਿਸੇ ਪਾਸ ਦੇ ਆਪਣੇ ਕੰਮ ਦੇ ਸਥਾਨ ਤੇ ਆ ਜਾ ਸਕਣਗੇ।
ਵਾਹਨਾਂ ਸਬੰਧੀ ਹਦਾਇਤਾਂ
ਸਾਰੇ ਭਾਰ ਢੋਣ ਵਾਲੇ ਵਾਹਨ ਚਾਹੇ ਉਹ ਭਰੇ ਹੋਣ ਜਾਂ ਖਾਲੀ ਚੱਲਣ ਦੀ ਆਗਿਆ ਦਿੱਤੀ ਗਈ ਹੈ। ਸਾਰੇ 4 ਪਹੀਆ ਵਾਹਨ, 3 ਪਹੀਆ ਵਾਹਨ, ਟੈਕਸੀ ਵਿਚ ਡਰਾਇਵਰ ਨਾਲ ਦੋ ਯਾਤਰੀ, ਦੋ ਪਹੀਆ ਵਾਹਨ ਤੇ ਇਕ ਸਵਾਰ, ਸਾਈਕਲ, ਰਿਕਸ਼ਾ ਅਤੇ ਆਟੋ ਰਿਕਸ਼ਾ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਕੀਤੀ ਜਾਣ ਵਾਲੀ ਐਸ.ਓ.ਪੀ. ਦੇ ਨਿਯਮਾਂ ਅਨੁਸਾਰ ਚੱਲ ਸਕਣਗੇ।
ਹਾਲੇ ਕੀ ਰਹੇਗਾ ਪੂਰੀ ਤਰਾਂ ਬੰਦ
ਜ਼ਿਲਾ ਮੈਜਿਸਟ੍ਰੇਟ ਨੇ ਹੁਕਮ ਕੀਤੇ ਹਨ ਕਿ ਸਕੂਲ, ਕਾਲਜ, ਸਿੱਖਿਆ ਸੰਸਥਾਨ, ਕੋਚਿੰਗ ਸੰਸਥਾਨ ਇਸ ਸਮੇਂ ਦੌਰਾਨ ਬੰਦ ਰਹਿਣਗੇ। ਹੋਟਲ, ਰੈਸਟੋਰੈਂਟ, ਪ੍ਰਾਹੁਣਚਾਰੀ ਸੇਵਾਵਾਂ, ਇਟਿੰਗ ਪੁਆਇੰਟ, ਅਹਾਤੇ ਅਤੇ ਭੋਜਨ ਦੀ ਹੋਮ ਡਲੀਵਰੀ ਤੇ ਵੀ ਪਾਬੰਦੀ ਬਰਕਰਾਰ ਹੈ। ਇਸੇ ਤਰਾਂ ਸਿਨੇਮਾ ਹਾਲ, ਮਾਲ, ਕਲੱਬ ਜਿੰਮ, ਸਵਿਮਿੰਗ ਪੂਲ, ਇੰਟਰਟੇਨਮੈਂਟ ਪਾਰਕ, ਥੀਏਟਰ, ਬਾਰ, ਆਡੀਟੋਰੀਅਮ, ਐਸੰਬਲੀ ਹਾਲ ਅਤੇ ਹੋੋਰ ਅਜਿਹੀਆਂ ਥਾਂਵਾਂ ਬੰਦ ਰਹਿਣਗੀਆਂ। ਸ਼ਾਪਿੰਗ ਕੰਪਲੈਕਸ ਜਿਵੇਂ ਕਿ ਬਿਗ ਬਜਾਰ, ਰਿਲਾਇੰਸ ਮਾਲ, ਵਾਲ ਮਾਰਟ, ਇਜੀ ਡੇਅ, ਵਿਸ਼ਾਲ ਮੈਗਾ ਮਾਰਟ, ਆਦਿ ਬੰਦ ਰਹਿਣਗੇ ਪਰ ਉਹ ਸਮਾਨ ਦੀ ਹੋਮ ਡਲੀਵਰੀ ਕਰ ਸਕਣਗੇ। ਹਰ ਪ੍ਰਕਾਰ ਦੇ ਸਮਾਜਿਕ, ਧਾਰਮਿਕ, ਸਿਆਸੀ, ਖੇਡ, ਮੰਨੋਰਜਨ, ਅਕਾਦਮਿਕ, ਸਭਿਆਚਾਰਕ ਸਮਾਗਮਾਂ ਅਤੇ ਇੱਕਠਾਂ ਤੇ ਵੀ ਰੋਕ ਬਰਕਰਾਰ ਰਹੇਗੀ। ਇਸ ਤੋਂ ਬਿਨਾਂ ਕੰਨਟੋਨਮੈਂਟ ਖੇਤਰਾਂ ਵਿਚ ਕੇਵਲ ਅਤਿ ਜਰੂਰੀ ਸੇਵਾਵਾਂ ਨੂੰ ਛੱਡ ਕੇ ਸਭ ਕੁਝ ਬੰਦ ਰਹੇਗਾ।