ਐਸ ਐਸ ਪੀ ਅਲਕਾ ਮੀਨਾ ਦੀ ਅਗਵਾਈ ’ਚ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਾਈ ਹਰਜੀਤ ਸਿੰਘ ਦੇ ਨਾਮ ਵਾਲੀ ਪੱਟੀ
‘ਹੈਲਪਿੰਗ ਹੈਂਡ ਐਸ ਬੀ ਐਸ ਨਗਰ ਪੁਲਿਸ’ ਨਾਲ ਜੁੜੇ ਸਮਾਜ ਸੇਵੀ ਵਾਲੰਟੀਅਰਾਂ ਨੇ ਵੀ ਮੁਹਿੰਮ ’ਚ ਪਾਇਆ ਯੋਗਦਾਨ
ਨਵਾਂਸ਼ਹਿਰ, 27 ਅਪਰੈਲ 2020: ਪੰਜਾਬ ਪੁਲਿਸ ਵੱਲੋਂ ਪਟਿਆਲਾ ਵਿਖੇ ਕੋਵਿਡ ਕਰਫ਼ਿਊ ਦੌਰਾਨ ਆਪਣੀ ਡਿਊਟੀ ਦੌਰਾਨ ਸਮਾਜ ਵਿਰੋਧੀ ਅਨਸਰਾਂ ਦੀ ਚਣੌਤੀ ਦਾ ਟਾਕਰਾ ਕਰਦਿਆਂ ਆਪਣਾ ਹੱਥ ਕਟਵਾਉਣ ਬਾਅਦ ਵੀ ਅਸਾਧਾਰਨ ਬਹਾਦਰੀ ਦਾ ਪ੍ਰਗਟਾਵਾ ਕਰਨ ਤੋਂ ਬਾਅਦ ਏ ਐਸ ਆਈ ਹਰਜੀਤ ਸਿੰਘ ਜਿਹੇ ਬਹਦਾਰ ਪੁਲਿਸ ਮੁਲਾਜ਼ਮਾਂ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕਰਨ ਹਿੱਤ ਅੱਜ ਰਾਜ ਭਰ ’ਚ ਆਰੰਭੀ ‘ਮੈਂ ਵੀ ਹਰਜੀਤ ਸਿੰਘ’ ਮੁਹਿੰਮ ਨੂੰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਵੀ ਭਰਵਾਂ ਹੁੰਗਾਰਾ ਮਿਲਿਆ।
ਐਸ ਐਸ ਪੀ ਅਲਕਾ ਮੀਨਾ ਦੀ ਅਗਵਾਈ ’ਚ ਅੱਜ ਸਮੁੱਚੀ ਪੁਲਿਸ ਨੇ ਆਪਣੀਆਂ ਨਾਵਾਂ ਵਾਲੀਆਂ ਪੱਟੀਆਂ ’ਤੇ ਹਰਜੀਤ ਸਿੰਘ ਲਿਖ ਕੇ ਜਿੱਥੇ ਪੰਜਾਬ ਪੁਲਿਸ ਦੀ ਕੋਵਿਡ ਦੀ ਸਥਿਤੀ ਨਾਲ ਨਜਿੱਠਣ ਲਈ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ ਉੱਥੇ ‘ਹੈਲਪਿੰਗ ਹੈਂਡ ਐਸ ਬੀ ਐਸ ਨਗਰ ਪੁਲਿਸ’ ਨਾਲ ਜੁੜੇ ਸਮਾਜ ਸੇਵੀ ਵਾਲੰਟੀਅਰਾਂ ਨੇ ਵੀ ‘ਮੈਂ ਵੀ ਹਰਜੀਤ ਸਿੰਘ ਦੇ ਨਾਮ ਵਾਲੀਆਂ ਤਖ਼ਤੀਆਂ ਫੜ ਕੇ ਪੁਲਿਸ ਦੀ ਇਸ ਚਣੌਤੀ ਭਰਪੂਰ ਹਾਲਾਤ ’ਚ ਆਪਣੀ ਡਿਊਟੀ ਦੇ ਨਾਲ-ਨਾਲ ਮਾਨਵਤਾ ਪ੍ਰਤੀ ਸੇਵਾ-ਭਾਵਨਾ ਪ੍ਰਤੀ ਸਤਿਕਾਰ ਦਾ ਪ੍ਰਗਟਾਵਾ ਕੀਤਾ। ਜ਼ਿਲ੍ਹਾ ਪੁਲਿਸ ਦੇ ਫ਼ੇਸ ਬੁੱਕ ਪੇਜ ਅਤੇ ਟਵਿੱਟਰ ਅਕਾਊਂਟ ’ਤੇ ਜ਼ਿਲ੍ਹਾ ਪੁਲਿਸ ਮੁਖੀ ਅਲਕਾ ਮੀਨਾ ਦੀ ਹਰਜੀਤ ਸਿੰਘ ਦੀ ‘ਨੇਮ ਪਲੇਟ’ ਵਾਲੀ ਤਸਵੀਰ ਸਾਰਿਆਂ ਲਈ ਪ੍ਰੇਰਨਾ ਸ੍ਰੋਤ ਬਣੀ ਰਹੀ।
ਐਸ ਐਸ ਪੀ ਸ੍ਰੀਮਤੀ ਮੀਨਾ ਨੇ ਦੱਸਿਆ ਕਿ ਅੱਜ ਦਾ ਦਿਨ ਹਰਜੀਤ ਸਿੰਘ ਵਰਗੇ ਕਰਮੱਠ ਪੁਲਿਸ ਮੁਲਾਜ਼ਮਾਂ ਦੀ ਬਹਾਦਰੀ ਨੂੰ ਯਾਦ ਕਰਨ ਵਜੋਂ ਅਤੇ ਸਮੁੱਚੀ ਫ਼ੋਰਸ ਨੂੰ ਖੁਦ ਨੂੰ ਉਸ ਦੇ ਹੌਂਸਲੇ ਤੋਂ ਸੇਧ ਲੈਣ ਲਈ ਪ੍ਰਤੀਕ ਵਜੋਂ ਰੱਖਿਆ ਗਿਆ ਸੀ, ਜਿਸ ਦਾ ਮੰਤਵ ਇਸ ਗੱਲ ਦਾ ਅਹਿਸਾਸ ਕਰਵਾਉਣਾ ਸੀ ਕਿ ਪੰਜਾਬ ਪੁਲਿਸ ਆਪਣੇ ਅਮਨ ਤੇ ਕਾਨੂੰਨ ਦੇ ਫ਼ਰਜ਼ਾਂ ਦੀ ਪਾਲਣਾ ਤੋਂ ਵੀ ਅੱਗੇ ਵਧ ਕੇ ਇਸ ਬਿਪਤਾ ਦੀ ਘੜੀ ’ਚ ਲੋਕਾਂ ਤੱਕ ਰਾਸ਼ਨ, ਮਰੀਜ਼ਾਂ ਦੀ ਸੰਭਾਲ, ਡਾਕਟਰਾਂ ਅਤੇ ਸਫ਼ਾਈ ਅਮਲੇ ਦੀ ਹੌਂਸਲਾ ਅਫ਼ਜ਼ਾਈ ਜਿਹੇ ਕਾਰਜਾਂ ’ਚ ਵੀ ਯੋਗਦਾਨ ਪਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ‘ਮੈਂ ਵੀ ਹਰਜੀਤ ਸਿੰਘ’ ਮੁਹਿੰਮ ਨਾਲ ਜਿੱਥੇ ਪੁਲਿਸ ਫ਼ੋਰਸ ਦਾ ਹੌਂਸਲਾ ਬੁਲੰਦ ਹੋਇਆ ਹੈ, ਉੱਥੇ ਸਮਾਜ ਵਿਰੋਧੀ ਅਨਸਰਾਂ ਨੂੰ ਵੀ ਇਹ ਸੁਨੇਹਾ ਗਿਆ ਹੈ ਕਿ ਇਨਸਾਨੀਅਤ ’ਤੇ ਆਈ ਮੁਸੀਬਤ ਦੀ ਘੜੀ ’ਚ ਅਸੀਂ ਸਾਰੇ ਇੱਕਜੁੱਟ ਹਾਂ ਅਤੇ ਸਾਡੇ ਹੌਂਸਲੇ ਬੁਲੰਦ ਹਨ।
ਉਨ੍ਹਾਂ ਨੇ ਪੁਲਿਸ ਫ਼ੋਰਸ ਦੀ ਇਸ ਮੁਹਿੰਮ ’ਚ ਸਵੈ-ਇੱਛਾ ਨਾਲ ਹਿੱਸਾ ਪਾਉਣ ਵਾਲੇ ਆਮ ਲੋਕਾਂ ਦਾ ਵੀ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।