ਡਿਪਟੀ ਕਮਿਸ਼ਨਰ ਵੱਲੋਂ ਕੋਵਿਡ-19 ਪਾਬੰਦੀਆਂ ਦੇ ਮੱਦੇਨਜ਼ਰ ਅਧਿਕਾਰੀਆਂ ਨਾਲ ਮੀਟਿੰਗ
ਨਵਾਂਸ਼ਹਿਰ, 05 ਅਪਰੈਲ 2020: ਪੰਜਾਬ ਸਰਕਾਰ ਵੱਲੋਂ ਕਣਕ ਦੀ ਫ਼ਸਲ ਦੀ ਖਰੀਦ ਲਈ 15 ਅਪਰੈਲ ਤੋਂ ਸ਼ੁਰੂ ਕੀਤੇ ਜਾਣ ਵਾਲੇ ਖਰੀਦ ਸੀਜ਼ਨ ਦੇ ਮੱਦੇਨਜ਼ਰ ਜ਼ਿਲ੍ਹੇ ਦੀਆਂ ਮੰਡੀਆਂ ’ਚ ਕੋਵਿਡ-19 ਪਾਬੰਦੀਆਂ ਦੇ ਮੱਦੇਨਜ਼ਰ ਇਕੱਠ ਰੋਕਣ ਲਈ ਖੰਡ ਮਿੱਲ ਵਾਂਗ ਪਰਚੀ ਪ੍ਰਣਾਲੀ ਲਾਗੂ ਕਰਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਦੱਸਿਆ ਕਿ ਜ਼ਿਲ੍ਹੇ ’ਚ ਕੋਵਿਡ-19 ਦੇ ਪਾਜ਼ੇਟਿਵ ਕੇਸਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਬਹੁਤ ਹੀ ਸਾਵਧਾਨੀ ਨਾਲ ਖਰੀਦ ਪ੍ਰਬੰਧਾਂ ਨੂੰ ਨੇਪਰੇ ਚਾੜ੍ਹ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਮੰਡੀਆਂ ’ਚ ਆਮਦ ਨੂੰ ਖੁੱਲ੍ਹਾ ਛੱਡਿਆ ਗਿਆ ਤਾਂ ਇਸ ਨਾਲ ‘ਸਮਾਜਿਕ ਫ਼ਾਸਲਾ’ ਰੱਖਣ, ਭੀੜ ਨਾ ਕਰਨ ਦੇ ਨਿਯਮਾਂ ਦੀ ਉਲੰਘਣਾ ਹੋਵੇਗੀ ਅਤੇ ਲੋਕਾਂ ਦੀ ਜਾਨ ਖਤਰੇ ’ਚ ਆ ਜਾਵੇਗੀ।
ਉਨ੍ਹਾਂ ਦੱਸਿਆ ਕਿ ਕਲ੍ਹ ਇਸ ਸਬੰਧੀ ਐਸ ਐਸ ਪੀ, ਐਸ ਡੀ ਐਮਜ਼, ਡੀ ਐਫ ਐਸ ਸੀ, ਜ਼ਿਲ੍ਹਾ ਮੰਡੀ ਅਫ਼ਸਰ ਅਤੇ ਹੋਰ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ’ਚ ਜ਼ਿਲ੍ਹੇ ’ਚ ਖਰੀਦ ਲਈ ਚਲਾੇ ਜਾਣ ਵਾਲੇ 30 ਖਰੀਦ ਕੇਂਦਰਾਂ ’ਚ ਆਮਦ ਦੀ ਰਫ਼ਤਾਰ ਨੂੰ ਯੋਜਨਾਬੱਧ ਅਤੇ ਮੱਠ ਰਫ਼ਤਾਰ ਨਾਲ ਰੱਖਣ ਦਾ ਫ਼ੈਸਲਾ ਲਿਆ ਗਿਆ। ਉਨ੍ਹਾਂ ਕਿਹਾ ਕਿ ਖਰੀਦ ਦੀ ਮੱਠੀ ਰਫ਼ਤਾਰ ਨਾਲ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਵੇਗੀ ਕਿਉਂ ਜੋ ਖਰੀਦ ਦਾ ਸਮਾਂ 15 ਅਪਰੈਲ ਤੋਂ 15 ਜੂਨ ਤੱਕ ਰੱਖਿਆ ਗਿਆ ਹੈ।
ਸ੍ਰੀ ਬਬਲਾਨੀ ਨੇ ਮੀਟਿੰਗ ’ਚ ਸ਼ਾਮਿਲ ਸਬ ਡਵੀਜ਼ਨਲ ਮੈੀਜਸਟ੍ਰੇਟਾਂ ਨੂੰ ਹਦਾਇਤ ਕੀਤੀ ਕਿ ਉਹ ਆਪੋ-ਆਪਣੀਆਂ ਸਬ ਡਵੀਜ਼ਨਾਂ ਦੇ ਆੜ੍ਹਤੀਆਂ ਅਤੇ ਜਿਮੀਂਦਾਰਾਂ ’ਚ ਕਣਕ ਦੀ ਕਟਾਈ, ਮੰਡੀਆਂ ’ਚ ਆਮਦ ਦੀ ਰਫ਼ਤਾਰ ਨੂੰ ਮੱੁਖ ਰੱਖ ਕੇ ਕਰਵਾਉਣ ਅਤੇ ਜੇਕਰ ਖੰਡ ਮਿੱਲ ਵਾਂਗ ਪਰਚੀ ਸਿਸਟਮ ’ਤੇ ਨਿਰਣਾ ਅੰਤਮ ਹੋ ਜਾਂਦਾ ਹੈ ਤਾਂ ਆਪਣੀ ਪਰਚੀ ਦੀ ਵਾਰੀ ਮੁਤਾਬਕ ਹੀ ਮੰਡੀਆਂ ’ਚ ਆਉਣ।
ਉਨ੍ਹਾਂ ਨੇ ਜ਼ਿਲ੍ਹਾ ਮੰਡੀ ਅਫ਼ਸਰ ਨੂੰ ਮੰਡੀਆਂ ’ਚ ਉਚਿੱਤ ਢੰਗ ਨਾਲ ਸਫ਼ਾਈ ਅਤੇ ਸੈਨੀਟਾਈਜ਼ੇਸ਼ਨ ਕਰਵਾਉਣ ਲਈ ਵੀ ਆਖਿਆ ਤਾਂ ਜੋ ਕਿਸੇ ਨੂੰ ਵੀ ਮਾਨਵੀ ਸੰਪਰਕ ’ਚ ਆਉਣ ਨਾਲ ਕੋਵਿਡ ਦਾ ਖਤਰਾ ਨਾ ਬਣੇ। ਇਸ ਤੋਂ ਇਲਾਵਾ ਡੀ ਐਫ ਐਸ ਸੀ ਨੂੰ ਵੀ ਸਮੁੱਚੀਆਂ ਖਰੀਦ ਏਜੰਸੀਆਂ ਨਾਲ ਇਸ ਸਬੰਧੀ ਤਾਲਮੇਲ ਬਣਾਉਣ ਲਈ ਕਿਹਾ ਗਿਆ।
ਮੀਟਿੰਗ ’ਚ ਐਸ ਐਸ ਪੀ ਅਲਕਾ ਮੀਨਾ, ਐਸ ਡੀ ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਐਸ ਡੀ ਐਮ ਬਲਾਚੌਰ ਜਸਬੀਰ ਸਿੰਘ, ਐਸ ਡੀ ਐਮ ਗੌਤਮ ਜੈਨ, ਐਸ ਪੀ (ਡੀ) ਵਜੀਰ ਸਿੰਘ ਖਹਿਰਾ, ਡੀ ਐਫ ਐਸ ਸੀ ਰਾਕੇਸ਼ ਭਾਸਕਰ, ਜ਼ਿਲ੍ਹਾ ਮੰਡੀ ਅਫ਼ਸਰ ਮੁਕੇਸ਼ ਕੈਲੇ ਤੇ ਹੋਰ ਅਧਿਕਾਰੀ ਮੌਜੂਦ ਸਨ।