ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 50 ਫੀਸਦੀ ਕਣਕ ਦੀ ਹੋ ਚੁੱਕੀ ਹੈ ਖਰੀਦ
ਹਰੀਸ ਕਾਲੜਾ
ਅਨੰਦਪੁਰ ਸਾਹਿਬ , 04 ਮਈ 2020: ਕਰੋਨਾ ਬਿਮਾਰੀ ਦੇ ਨਾਂਲ ਨਿੱਜਠਣ ਦੇ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਜਿਲ੍ਹੇ ਵਿੱਚ ਸਿਵਲ ਹਸਪਤਾਲ ਰੂਪਨਗਰ ਅਤੇ ਨੰਗਲ ਵਿਖੇ ਵੀ ਵਿਸ਼ੇਸ਼ ਆਈਸੋਲੇਸ਼ਨ ਵਾਰਡ ਬਣਾਏ ਗਏ ਹਨ ਅਤੇ ਇਸ ਜ਼ਿਲ੍ਹੇ ਵਿੱਚ ਬਣਾਏ ਗਏ ਕੁਆਰਨਟਾਇਨ ਸੈਂਟਰਾਂ ਵਿੱਚ ਹਰ ਇੱਕ ਸਹੂਲਤ ਮੁਹੱਈਆ ਕਰਵਾਈ ਗਈ ਹੈ।ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅੱਜ ਐਸ.ਡੀ.ਐਮ.ਦਫਤਰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਡੀ.ਐਮ. ਸ਼੍ਰੀ ਅਨੰਦਪੁਰ ਸਾਹਿਬ ਮੈਡਮ ਕੰਨੂ ਗਰਗ ਵੀ ਮੌਜੂਦ ਸਨ। ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕਣਕ ਦੀ ਖਰੀਦ ਦਾ ਕੰਮ ਵੀ ਸਚਾਰੂ ਢੰਗ ਨਾਲ ਚਲ ਰਿਹਾ ਹੈ। ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 50 ਫੀਸਦੀ ਕਣਕ ਦੀ ਖਰੀਦ ਕਰ ਲਈ ਗਈ ਹੈ ਅਤੇ ਖਰੀਦੀ ਗਈ ਕਣਕ ਵਿਚੋਂ 75 ਫੀਸਦੀ ਕਣਕ ਦੀ ਲਿਫਟਿੰਗ ਵੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਜਿਵੇਂ ਸਰਕਾਰ ਵੱਲੋਂ ਕਿਸਾਨਾਂ ਆੜਤੀਆਂ ਅਤੇ ਖਰੀਦ ਏਜੰਸੀਆਂ ਨੂੰ ਅਪੀਲ ਕੀਤੀ ਗਈ ਸੀ ਉਸ ਦਾ ਪੂਰਾ ਨੂੰ ਸਹਿਯੋਗ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਮੰਡੀਆਂ ਦੇ ਵਿੱਚ ਸ਼ੋਸ਼ਲ ਡਿਸਟੈਂਸ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਸਨ। ਕਿਸਾਨਾਂ ਵੱਲੋਂ ਵੀ ਕਰੋਨਾ ਵਾਇਰਸ ਸਬੰਧੀ ਲਾਗੂ ਕੀਤੇ ਗਏ ਕਈ ਤਰ੍ਹਾਂ ਦੇ ਨਿਯਮ ਅਪਣਾਏ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਉਂਝ ਤਾਂ ਜ਼ਿਲ੍ਹੇ ਵਿੱਚ ਕੁਆਰਨਟਾਇਨ ਸੈਂਟਰ ਸਮੇਤ ਆਈਸੋਲੇਸ਼ਨ ਵਾਰਡ ਅਤੇ ਹੋਰ ਸਾਰੇ ਪ੍ਰਬੰਧ ਮੁਕੰਮਲ ਹਨ, ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਦੀ ਹੋਰ ਲੋੜ ਪੈਂਦੀ ਹੈ ਤਾਂ ਐਸ.ਜੀ.ਪੀ.ਸੀ. ਨੇ ਵੀ ਆਪਣੀਆਂ ਸਰਾਂਵਾਂ ਦੇਣ ਸਬੰਧੀ ਸਹਿਮਤੀ ਜਤਾਈ ਹੈ ਅਤੇ ਇਸ ਤੋਂ ਪਹਿਲਾਂ ਵੀ ਐਸ.ਜੀ.ਪੀ.ਸੀ. ਵੱਲੋਂ ਹਰ ਤਰ੍ਹਾਂ ਦੀ ਸਹਾਇਤਾ ਕੀਤੀ ਜਾਂਦੀ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਨਾਂਦੇੜ ਸਾਹਿਬ ਸਬੰਧੀ ਸ਼ਰਧਾਲੂਆਂ ਤੇ ਰਾਜਨਿਤੀ ਕਰਨਾ ਮੰਦਭਾਗੀ ਗੱਲ ਹੈ। ਇਹ ਸਾਰੇ ਸ਼ਰਾਧਾਲੂ ਸਾਡੇ ਆਪਣੇ ਹਨ ਅਤੇ ਇਨ੍ਹਾਂ ਨੂੰ ਇਸ ਮੁਸ਼ਕਿਲ ਘੜੀ ਵਿਚੋਂ ਕੱਢਣਾ ਸਾਡਾ ਆਪਣਾ ਫਰਜ਼ ਬਣਦਾ ਹੈ।ਇਸ ਦੌਰਾਨ ਉਨ੍ਹਾਂ ਨੇ ਐਸ.ਡੀ.ਐਮ. ਸਮੇਤ ਸਮੂਹ ਅਧਿਕਾਰੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕਰੋਨਾ ਵਾਇਰਸ ਦੇ ਮੱਦੇਨਜਰ ਸਾਰੇ ਆਪਣਾ ਧਿਆਨ ਰੱਖਣ ਅਤੇ ਮਾਸਕ , ਸੈਨੀਟਾਈਜ਼ਰ ਦੀ ਵਰਤੋ ਅਤੇ ਸ਼ੋਸ਼ਲ ਡਿਸਟੈਂਸ ਦੀ ਵਰਤੋਂ ਨੂੰ ਯਕੀਨੀ ਬਣਾਉਣ।
ਇਸ ਮੌਕੇ ਹੋਰਨਾ ਤੋਂ ਇਲਾਵਾ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੈਅਰਮੈਨ ਰਮੇਸ਼ ਚੰਦਰ ਦਸਗਰਾਂਈ, ਮਾਰਕਿਟ ਕਮੇਟੀ ਦੇ ਚੈਅਰਮੇਨ ਹਰਬੰਸ ਲਾਲ ਮਹਿੰਦਲੀ , ਡਾਇਰੈਕਟਰ ਪੀ.ਆਰ.ਟੀ.ਸੀ. ਕਮਲ ਦੇਵ ਜ਼ੋਸ਼ੀ , ਬਲਾਕ ਅਨੰਦਪੁਰ ਕਾਂਗਰਸ ਪ੍ਰਧਾਨ ਪ੍ਰੇਮ ਸਿੰਘ ਬਾਸੋਵਾਲ , ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ, ਚੌਧਰੀ ਪਹੂਲਾਲ , ਸੰਜੀਵਨ ਰਾਣਾ ਸਰਪੰਚ ਅਗੰਮਪੁਰ, ਨਰਿੰਦਰ ਨਿੰਦਾ ਸਾਬਕਾ ਕੌਸਲਰ, ਸੁਰੇਸ਼ ਜ਼ੋਸ਼ੀ ਸਰਪੰਚ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।