ਸਪਰੇਅ ਮਸ਼ੀਨਾਂ, ਫਾਇਰ ਟੈਂਡਰ ਅਤੇ ਹੈਂਡ ਪੰਪਾਂ ਦੀ ਕੀਤੀ ਜਾ ਰਹੀ ਹੈ ਵਰਤੋਂ
ਕਰਮਚਾਰੀਆਂ ਦੀ ਸੁਰੱਖਿਆ ਦਾ ਵੀ ਰੱਖਿਆ ਦਾ ਰਿਹੈ ਵਿਸ਼ੇਸ਼ ਧਿਆਨ
ਐਸ ਏ ਐਸ ਨਗਰ, 31 ਮਾਰਚ 2020: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਰੋਨਾਵਾਇਰਸ ਦੇ ਮੱਦੇਨਜ਼ਰ ਨਗਰ ਨਿਗਮ ਅਤੇ ਪੇਂਡੂ ਵਿਕਾਸ ਵਿਭਾਗ ਦੇ ਸਰਗਰਮ ਸਹਿਯੋਗ ਨਾਲ ਜ਼ਿਲ੍ਹੇ ਨੂੰ ਰੋਗਾਣੂ ਮੁਕਤ ਕਰਨ ਲਈ ਇੱਕ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਕਮਲ ਗਰਗ ਨੇ ਕਿਹਾ ਕਿ ਸ਼ਹਿਰ ਦੇ 3/4 ਤੋਂ ਵੱਧ ਹਿਸੇ ਨੂੰ ਸੋਡੀਅਮ ਹਾਈਪੋਕਲੋਰਾਈਟ ਨਾਲ ਕੀਟਾਣੂ ਮੁਕਤ ਕੀਤਾ ਜਾ ਚੁੱਕਾ ਹੈ। ਕਾਰਪੋਰੇਸ਼ਨ ਅਧੀਨ ਪੈਂਦੇ ਪਿੰਡਾਂ ਤੋਂ ਇਲਾਵਾ ਝੁੱਗੀਆਂ ਦੇ ਖੇਤਰ ਪਹਿਲ ਦੇ ਅਧਾਰ 'ਤੇ ਰੋਗਾਣੂ ਮੁਕਤ ਕੀਤੇ ਜਾ ਰਹੇ ਹਨ।
ਉਹਨਾਂ ਇਹ ਵੀ ਦੱਸਿਆ ਕਿ ਪਾਰਕ, ਬਾਜ਼ਾਰਾਂ, ਦਫਤਰਾਂ ਸਮੇਤ ਵੱਧ ਭੀੜ ਵਾਲੀਆਂ ਜਨਤਕ ਥਾਵਾਂ ਨੂੰ ਸਪਰੇਅ ਮਸ਼ੀਨਾਂ, ਫਾਇਰ ਟੈਂਡਰ ਅਤੇ ਹੈਂਡ ਪੰਪਾਂ ਦੀ ਵਰਤੋਂ ਨਾਲ ਰੋਗਾਣੂ ਮੁਕਤ ਕੀਤਾ ਗਿਆ।
ਨਗਰ ਨਿਗਮ ਦੇ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ੀਰਕਪੁਰ, ਖਰੜ, ਕੁਰਾਲੀ, ਬਨੂੜ, ਨਯਾਗਾਓਂ, ਡੇਰਾਬਸੀ ਅਤੇ ਲਾਲੜੂ ਵਿਖੇ ਰੋਗਾਣੂ-ਮੁਕਤ ਕਰਨ ਦਾ ਕੰਮ ਪੂਰਾ ਹੋ ਗਿਆ ਹੈ। ਪੇਂਡੂ ਖੇਤਰਾਂ ਵਿੱਚ ਇਹ ਡੀਡੀਪੀਓ ਮੁਹਾਲੀ ਦੀ ਨਿਗਰਾਨੀ ਹੇਠ ਕੀਤਾ ਜਾ ਰਿਹਾ ਹੈ। ਕਮਿਸ਼ਨਰ ਨੇ ਇਹ ਵੀ ਦੁਹਰਾਇਆ ਕਿ ਇੱਕ ਹਫ਼ਤੇ ਵਿੱਚ ਸ਼ਹਿਰ ਦੀਆਂ ਬਾਕੀ ਥਾਵਾਂ, ਆਸ ਪਾਸ ਦੀਆਂ ਕਲੋਨੀਆਂ ਅਤੇ ਸਮੂਹ ਹਾਊਸਿੰਗ ਸੁਸਾਇਟੀਆਂ ਵੀ ਰੋਗਾਣੂ ਮੁਕਤ ਕੀਤੀਆਂ ਜਾਣਗੀਆਂ।
ਉਨ੍ਹਾਂ ਇਹ ਵੀ ਕਿਹਾ ਕਿ ਨਗਰ ਨਿਗਮ ਕੁਆਰੰਟਾਈਨ ਘਰਾਂ ਦੇ ਕੂੜੇਦਾਨਾਂ ਦਾ ਨਿਪਟਾਰਾ ਵੀ ਕਰ ਰਿਹਾ ਹੈ। ਰੋਗਾਣੂ-ਮੁਕਤ ਕਰਨ ਵਿਚ ਲੱਗੇ ਕਰਮਚਾਰੀਆਂ ਨੂੰ ਮਾਸਕ, ਦਸਤਾਨੇ ਅਤੇ ਸੈਨੀਟਾਈਜ਼ਰ ਦੇ ਨਾਲ-ਨਾਲ ਉਨ੍ਹਾਂ ਦੀ ਡਾਕਟਰੀ ਜਾਂਚ ਨੂੰ ਯਕੀਨੀ ਬਣਾਇਆ ਗਿਆ ਹੈ।