ਰਜਨੀਸ਼ ਸਰੀਨ
- ਕਨੌਣ, ਚੱਕਦਾਨਾ, ਅਲਾਚੌਰ, ਮੇਹਲੀ ਤੇ ਆਸਰੋਂ ਨਾਕਿਆਂ ਰਾਹੀਂ ਹੀ ਆ ਸਕੇਗੀ ਜ਼ਿਲ੍ਹੇ ’ਚ ਲੇਬਰ
- ਏ ਡੀ ਸੀ ਅਦਿਤਿਆ ਉੱਪਲ ਵੱਲੋਂ ਖਰੀਦ ਏਜੰਸੀਆਂ ਅਤੇ ਲਿਫ਼ਟਿੰਗ ਠੇਕੇਦਾਰਾਂ ਨਾਲ ਮੀਟਿੰਗ ’ਚ ਦਿੱਤੀਆਂ ਗਈਆਂ ਹਦਾਇਤਾਂ
ਨਵਾਂਸ਼ਹਿਰ, 14 ਅਪਰੈਲ 2020 - ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਕੋਵਿਡ-19 ਤੋਂ ਬਚਾਉਣ ਦੇ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਕਣਕ ਦੀ ਵਾਢੀ ਮੌਕੇ ਜ਼ਿਲ੍ਹੇ ’ਚ ਬਾਹਰੋਂ ਆਉਣ ਵਾਲੇ ਕਿਸੇ ਵੀ ਮਜ਼ਦੂਰ ਜਾਂ ਕੰਬਾਇਨ ਚਾਲਕਾਂ ਦੀ ਵਿਸ਼ੇਸ਼ ਚੈਕਿੰਗ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ। ਜ਼ਿਲ੍ਹੇ ’ਚ ਲੇਬਰ ਕਨੌਣ (ਮਾਛੀਵਾੜਾ-ਰਾਹੋਂ ਪੁੱਲ), ਚੱਕਦਾਨਾ (ਫ਼ਿਲੌਰ-ਰਾਹੋਂ ਰੋਡ), ਅਲਾਚੌਰ (ਗੜ੍ਹਸ਼ੰਕਰ ਰੋਡ), ਮੇਹਲੀ (ਫ਼ਗਵਾੜਾ-ਜਲੰਧਰ ਰੋਡ) ਤੇ ਆਸਰੋਂ ਨਾਕਿਆਂ ਰਾਹੀਂ ਹੀ ਆ ਸਕੇਗੀ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਦੀ ਪ੍ਰਧਾਨਗੀ ਹੇਠ ਖਰੀਦ ਏਜੰਸੀਆਂ ਅਤੇ ਲਿਫ਼ਟਿੰਗ ਠੇਕੇਦਾਰਾਂ ਦੀ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਅਦਿਤਿਆ ਉੱਪਲ ਨੇ ਕਿਹਾ ਕਿ ਜ਼ਿਲ੍ਹੇ ’ਚ ਬਾਹਰੋਂ ਆਉਣ ਵਾਲੀ ਲੇਬਰ ਕੇਵਲ ਪੰਜ ਅੰਤਰ ਜ਼ਿਲ੍ਹਾ ਰਸਤਿਆਂ ਰਾਹੀਂ ਆਉਣ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਕੋਈ ਲੇਬਰ ਕਿਸੇ ਹੋਰ ਰਸਤੇ ਰਾਹੀਂ ਜ਼ਿਲ੍ਹੇ ’ਚ ਦਾਖਲ ਹੋਈ ਤਾਂ ਪ੍ਰਸ਼ਾਸਨ ਵੱਲੋਂ ਪੁਲਿਸ ਨੂੰ ਬਣਦੀ ਕਾਰਵਾਈ ਕਰਨ ਦੇ ਆਦੇਸ਼ ਪਹਿਲਾਂ ਹੀ ਦੇ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪਹਿਲਾਂ ਹੀ ਕੋਵਿਡ-19 ਨਾਲ ਵੱਡੀ ਲੜਾਈ ਲੜ ਕੇ ਹਟਿਆ ਹੈ ਅਤੇ ਛੋਟੀ ਜਿਹੀ ਲਾਪ੍ਰਵਾਹੀ ਜ਼ਿਲ੍ਹੇ ਨੂੰ ਫ਼ੇਰ ਤੋਂ ਵੱਡੇ ਸੰਕਟ ਵੱਲ ਧੱਕ ਸਕਦੀ ਹੈ। ਇਸ ਲਈ ਜ਼ਿਲ੍ਹੇ ’ਚ ਕਣਕ ਦੀ ਵਾਢੀ ਸਮੇਂ ਆਉਣ ਵਾਲੀ ਲੇਬਰ ਅਤੇ ਬਾਹਰੋਂ ਆਉਣ ਵਾਲੇ ਕੰਬਾਇਨ ਚਾਲਕਾਂ ਤੇ ਸਟਾਫ਼ ਦੀ ਦੂਸਰੇ ਜ਼ਿਲ੍ਹਿਆਂ ਨਾਲ ਲੱਗਦੇ ਨਾਕਿਆਂ ’ਤੇ ਚੈਕਿੰਗ ਜ਼ਰੂਰੀ ਕਰ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਨਾਕਿਆਂ ਰਾਹੀਂ ਲੇਬਰ ਦੀ ਚੈਕਿੰਗ ਦੇ ਪ੍ਰਬੰਧ ਕੀਤੇ ਗਏ ਹਨ, ਉਨ੍ਹਾਂ ’ਚ ਲੁਧਿਆਣਾ ਜ਼ਿਲ੍ਹੇ ਨਾਲ ਲੱਗਦੀਆਂ ਸੀਮਾਵਾਂ ’ਤੇ ਸਤਲੁੱਜ ਪੁੱਲ ਅਤੇ ਫ਼ਿਲੌਰ-ਰਾਹੋਂ ਰੋਡ ’ਤੇ ਚੱਕਦਾਨਾ, ਹੁਸ਼ਿਆਰਪੁਰ ਜ਼ਿਲ੍ਹੇ ਨਾਲ ਲੱਗਦੀ ਸੀਮਾ ’ਤੇ ਗੜ੍ਹਸ਼ੰਕਰ ਰੋਡ ’ਤੇ, ਜਲੰਧਰ ਜ਼ਿਲ੍ਹੇ ਨਾਲ ਲੱਗਦੀ ਸੀਮਾ ’ਤੇ ਮੇਹਲੀ ਨਾਕੇ ਰਾਹੀਂ ਅਤੇ ਰੂਪਨਗਰ ਨਾਲ ਲੱਗਦੀ ਸੀਮਾ ’ਤੇ ਆਸਰੋਂ ਨਾਕੇ ਰਾਹੀਂ ਲੇਬਰ ਦੀ ਮੈਡੀਕਲ ਟੀਮਾਂ ਪਾਸੋਂ ‘ਸਕਰੀਨਿੰਗ’ ਕਰਵਾ ਕੇ ਹੀ ਲੇਬਰ ਨੂੰ ਜ਼ਿਲ੍ਹੇ ਅੰਦਰ ਲਿਆਂਦਾ ਜਾ ਸਕਦਾ ਹੈ।
ਉਨ੍ਹਾਂ ਨੇ ਮੀਟਿੰਗ ’ਚ ਸ਼ਾਮਿਲ ਡੀ ਐਫ ਐਸ ਸੀ ਰਾਕੇਸ਼ ਭਾਸਕਰ ਨੂੰ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿਹਾ ਕਿ ਸਾਰੀਆਂ ਏਜੰਸੀਆਂ ਨਾਲ ਸਬੰਧਤ ਲਿਫ਼ਟਿੰਗ ਠੇਕੇਦਾਰਾਂ ਵੱਲੋਂ ਲਿਆਂਦੀ ਜਾਣ ਵਾਲੀ ਲੇਬਰ ਇਨ੍ਹਾਂ ਨਾਕਿਆਂ ਤੋਂ ਸਿਹਤ ਜਾਂਚ ਕਰਵਾ ਕੇ ਹੀ ਜ਼ਿਲ੍ਹੇ ਅੰਦਰ ਦਾਖਲ ਹੋਵੇ।
ਮੁੱਖ ਖੇਤੀਬਾੜੀ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਡਾ. ਸੁਰਿੰਦਰ ਸਿੰਘ ਨੇ ਕਣਕ ਦੀ ਫ਼ਸਲ ਪੱਕ ਕੇ ਤਿਆਰ ਹੋਣ ’ਤੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਜ਼ਰੂਰੀ ਗੱਲਾਂ ਧਿਆਨ ’ਚ ਰੱਖਣ ਦੀ ਅਪੀਲ ਕੀਤੀ ਹੈ।
ਅੱਜ ਇੱਥੇ ਜਾਰੀ ਇੱਕ ਪ੍ਰੈੱਸ ਬਿਆਨ ’ਚ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਵਿਨੈ ਬਬਲਾਨੀ ਵਲੋਂ ਜਾਰੀ ਹੁਕਮਾਂ ਦੀ ਪਾਲਣਾ ਜ਼ਰੂਰ ਕੀਤੀ ਜਾਵੇ। ਖੜ੍ਹੀ ਕਣਕ ਅਤੇ ਕੱਟੀ ਹੋਈ ਕਣਕ ਨੂੰ ਅੱਗ ਤੋਂ ਬਚਾਉਣ ਲਈ ਖੇਤਾਂ ਵਿਚ ਪਾਣੀ ਦਾ ਪ੍ਰਬੰਧ ਅਗੇਤੇ ਤੌਰ ’ਤੇ ਜ਼ਰੂਰ ਕੀਤਾ ਜਾਵੇ। ਇਸ ਲਈ ਸਪਰੇਅ ਕਰਨ ਵਾਲੀਆਂ ਢੋਲੀਆਂ ਵਿਚ ਪਾਣੀ ਭਰ ਕੇ ਰੱਖਿਆ ਜਾਵੇ। ਆਪਣੇ ਖੇਤਾਂ ਵਿਚੋਂ ਟਰਾਂਸਫਾ੍ਰਮਰਾਂ ਨੇੜਿਓਂ ਹੱਥ ਨਾਲ ਕਣਕ ਦੀ ਕਟਾਈ ਕਰ ਦੇਣੀ ਚਾਹੀਦੀ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।
ਜੇਕਰ ਕਿਤੇ ਤਾਰਾਂ ਦੀ ਕੋਈ ਸਪਾਰਕਿੰਗ ਦਾ ਪਤਾ ਲੱਗੇ ਤਾਂ ਬਿਜਲੀ ਬੋਰਡ ਦੇ ਅਧਿਕਾਰੀਆਂ\ਕਰਮਚਾਰੀਆਂ ਨੂੰ ਫੌਰੀ ਸੂਚਿਤ ਕਰ ਕੇ ਨੁਕਸ ਠੀਕ ਕਰਵਾਇਆ ਜਾਵੇ। ਖੇਤ ’ਚ ਲਿਆਉਣ ਤੋਂ ਪਹਿਲਾਂ ਆਪਣੀਆਂ ਕੰਬਾਈਨਾਂ ਦੀ ਚੰਗੀ ਤਰਾਂ ਰਿਪੇਅਰ ਕਰਵਾਈ ਜਾਵੇ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਡਾ. ਸੁਰਿੰਦਰ ਸਿੰਘ ਨੇ ਕਿਹਾ ਕਿ ਖੇਤਾਂ ਅਤੇ ਮੰਡੀਆਂ ਵਿਚ ਵੀ ‘ਸੋਸ਼ਲ ਡਿਸਟੈਂਸਿੰਗ’ ਦਾ ਧਿਆਨ ਜ਼ਰੂਰ ਰੱਖਿਆ ਜਾਵੇ। ਕਿਸਾਨ ਆਪਣੀ ਪੱਕੀ ਅਤੇ ਸੁੱਕੀ ਕਣਕ ਹੀ ਮੰਡੀਆਂ ਵਿਚ ਲੈ ਕੇ ਜਾਣ ਅਤੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ।