ਹਰਿੰਦਰ ਨਿੱਕਾ
ਸੰਗਰੂਰ, 21 ਅਪ੍ਰੈਲ 2020 - ਜ਼ਿਲ੍ਹਾ ਕੁਲੈਕਟਰ ਘਨਸ਼ਿਆਮ ਥੋਰੀ ਵੱਲੋਂ ਜ਼ਿਲ੍ਹਾ ਸੰਗਰੂਰ ਵਿੱਚ ਪਿਛਲੇ ਦਿਨੀਂ ਹੋਈ ਭਾਰੀ ਬਾਰਸ਼ ਅਤੇ ਤੇਜ਼ ਹਨ੍ਹੇਰੀ ਨਾਲ ਫ਼ਸਲਾਂ ਦੇ ਹੋਏ ਨੁਕਸਾਨ ਦੀ ਸਪੈਸ਼ਲ ਗਿਰਦਾਵਰੀ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹਾੜ੍ਹੀ ਦੀ ਫ਼ਸਲ ਦੇ ਹੋਏ ਨੁਕਸਾਨ ਦੀ ਸਪੈਸ਼ਲ ਗਿਰਦਾਵਰੀ ਰੋਜ਼ਾਨਾ ਪਟਵਾਰੀ ਵੱਲੋਂ ਖੇਤ ਮਾਲਕ, ਕਾਸ਼ਤਕਾਰ, ਸਰਪੰਚ ਅਤੇ ਨੰਬਰਦਾਰ ਦੀ ਹਾਜ਼ਰੀ ਵਿੱਚ ਕੀਤੀ ਜਾਵੇਗੀ ।ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਖਰਾਬੇ ਸਬੰਧੀ ਫੀਲਡ ਕਾਨੂੰਗੋ ਅਤੇ ਹਲਕਾ ਮਾਲ ਅਫ਼ਸਰ 100 ਪ੍ਰਤੀਸ਼ਤ, ਉਪ ਮੰਡਲ ਮੈਜਿਸਟਰੇਟ 50 ਪ੍ਰਤੀਸ਼ਤ ਪੜਤਾਲ ਕਰਨ ਦੇ ਜ਼ਿੰਮੇਵਾਰ ਹੋਣਗੇ।
ਸ੍ਰੀ ਥੋਰੀ ਨੇ ਕਿਹਾ ਕਿ ਇਹ ਗਿਰਦਾਵਰੀ ਇੱਕ ਹਫ਼ਤੇ ਦੇ ਅੰਦਰ ਅੰਦਰ ਮੁਕੰਮਲ ਕੀਤੀ ਜਾਵੇ ਤਾਂ ਜੋ ਕਿਸਾਨਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਸਮੇਂ ਸਿਰ ਦੇਣ ਲਈ ਅਗਲੀ ਕਾਰਵਾਈ ਜਲਦੀ ਅਮਲ ਵਿੱਚ ਲਿਆਂਦੀ ਜਾ ਸਕੇ। ਉਨ੍ਹਾਂ ਉੱਪ ਮੰਡਲ ਮੈਜ਼ਿਸਟਰੇਟ, ਫ਼ੀਲਡ ਕਾਨੂੰਗੋ ਅਤੇ ਹਲਕਾ ਮਾਲ ਅਫ਼ਸਰ ਨੂੰ ਇਸਦੀ ਪੜਤਾਲ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਦੱਸਿਆ ਕਿ ਗਿਰਦਾਵਰੀ ਦੇ ਕਾਰਜ਼ ਦੀ ਉਨ੍ਹਾਂ ਦੇ ਦਫ਼ਤਰ ਵੱਲੋਂ ਵੀ ਰੈਂਡਮ ਚੈਕਿੰਗ ਕੀਤੀ ਜਾਵੇਗੀ।ਗਿਰਦਾਵਰੀ ਖ਼ਤਮ ਹੋਣ ਉਪਰੰਤ ਫ਼ਸਲਾਂ ਦੇ ਹੋਏ ਨੁਕਸਾਨ ਦੀ ਰਿਪੋਰਟ ਤੁਰੰਤ ਡੀ.ਸੀ ਦਫ਼ਤਰ ਦੀ ਡੀ.ਆਰ.ਏ (ਟੀ) ਸ਼ਾਖਾ ਨੂੰ ਭੇਜਣ ਦੀ ਹਦਾਇਤ ਕੀਤੀ ਗਈ ਹੈ।