ਨਵਾਂਸ਼ਹਿਰ, 20 ਅਪਰੈਲ 2020: ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਸ੍ਰੀ ਵਿਨੈ ਬਬਲਾਨੀ ਨੇ ਕੋਵਿਡ-19 ਪਾਬੰਦੀਆਂ ਦੇ ਮੱਦੇਨਜ਼ਰ ਭਾਰਤ ਸਰਕਾਰ ਦੇ ਗ੍ਰਹਿ ਮਾਮਲੇ ਮੰਤਰਾਲੇ ਵੱਲੋਂ ਜਾਰੀ 15 ਅਪਰੈਲ 2020 ਦੇ ਹੁਕਮਾਂ ਦੀ ਰੌਸ਼ਨੀ ’ਚ ਆਪਣੇ ਪਹਿਲੇ ਜਾਰੀ ਹੁਕਮਾਂ ਦੇ ਪੈਰ੍ਹਾ ਨੰ. 5 ’ਚ ਅੰਸ਼ਿਕ ਸੋਧ ਕੀਤੀ ਹੈ।
ਇਸ ਸੋਧ ਅਨੁਸਾਰ ਫੈਕਟਰੀ ਮਾਲ ਆਪਣੇ ਕੋਲ ਕੰਮ ਕਰਨ ਵਾਲੀ ਲੇਬਰ/ਵਰਕਰ/ਕਰਮਚਾਰੀ ਨੂੰ ਫ਼ੈਕਟਰੀ ’ਚ ਰੱਖਣ ਤੋਂ ਇਲਾਵਾ ਨਾਲ ਲਗਦੀ ਇਮਾਰਤ ’ਚ ਰੱਖ ਸਕਦੇ ਹਨ। ਫ਼ੈਕਟਰੀ ’ਚ ਬਾਹਰ ਤੋਂ ਕੰਮ ਕਰਨ ਆਉਣ ਵਾਲੀ ਲੇਬਰ/ਵਰਕਰ/ਕਰਮਚਾਰੀ ਲਈ ਕੰਮ ਵਾਲੀ ਥਾਂ ’ਤੇ ਆਉਣ ਲਈ ਜਨਤਕ ਟ੍ਰਾਂਸਪੋਰਟ ’ਤੇ ਨਿਰਭਰ ਨਾ ਕਰਦੇ ਹੋਏ, ਵਿਸ਼ੇਸ਼ ਨਿੱਜੀ ਟ੍ਰਾਂਸਪੋਰਟੇਸ਼ਨ ਦਾ ਪ੍ਰਬੰਧ ਕੀਤਾ ਜਾਵੇ ਅਤੇ ਵਾਹਨ ’ਚ ਸੋਸ਼ਲ ਡਿਸਟੈਂਸਿੰਗ ਬਣਾਈ ਰੱਖਣ ਲਈ ਕੁੱਲ ਸੀਟਾਂ ਦਾ 30 ਤੋਂ 40 ਫ਼ੀਸਦੀ ਹੀ ਭਰਿਆ ਜਾਵੇ। ਇਸ ਮੰਤਵ ਲਈ ਦਫ਼ਤਰਾਂ, ਕੰਮ ਵਾਲੇ ਸਥਾਨਾਂ, ਫ਼ੈਕਟਰੀਆਂ ਅਤੇ ਅਦਾਰਿਆਂ ਲਈ ਨਿਰਧਾਰਿਤ ‘ਸਟੈਂਡਰਡ ਓਪਰੇਟਿੰਗ ਪ੍ਰੋਸੀਡਰ ਫ਼ਾਰ ਸੋਸ਼ਲ ਡਿਸਟੈਂਸਿੰਗ’ ਦੀ ਪਾਲਣਾ ਕਰਨੀ ਲਾਜ਼ਮੀ ਹੈ। ਇਹ ਹੁਕਮ ਕੰਨਟੇਨਮੈਂਟ ਜ਼ੋਨ ਦੇ 15 ਪਿੰਡਾਂ ’ਚ ਲਾਗੂ ਨਹੀਂ ਹੋਣਗੇ। ਜ਼ਿਲ੍ਹੇ ’ਚ ਇਹ ਨਵੇਂ ਹੁਕਮ 21 ਅਪਰੈਲ ਤੋਂ ਲਾਗੂ ਹੋਣਗੇ।