ਅਸ਼ੋਕ ਵਰਮਾ
- ਵੱਡੇ ਪ੍ਰਾਈਵੇਟ ਹਸਪਤਾਲਾਂ ਨੂੰ ਸਰਕਾਰੀ ਹੱਥਾਂ ’ਚ ਲੈਣ ਦੀ ਮੰਗ
ਬਠਿੰਡਾ, 8 ਅਪ੍ਰੈਲ 2020 - ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਕੋਰੋਨਾ ਦੇ ਖੌਫ਼ ਤੇ ਕਰਫਿਊ ਕਾਰਨ ਸੰਕਟ ਮੂੰਹ ਧੱਕੇ ਗਰੀਬ ਮਜ਼ਦੂਰਾਂ, ਕਿਸਾਨਾਂ ਤੇ ਹੋਰ ਲੋੜਵੰਦਾਂ ਤੱਕ ਰਾਸ਼ਨ ਪੁਚਾਉਣ ਲਈ ਸ਼ੁਰੂ ਕੀਤੀ ‘‘ਕੋਈ ਨਾ ਸੌਵੇ ਭੁੱਖਾ’’ ਮੁਹਿੰਮ ਨੂੰ ਤੇਜ਼ ਕਰਦਿਆਂ 14 ਅਪ੍ਰੈਲ ਤੱਕ 50 ਲੱਖ ਰੁਪਏ ਦਾ ਰਾਸ਼ਨ ਲੋੜਵੰਦਾਂ ’ਚ ਵੰਡਣ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਦੋਹਾਂ ਜਥੇਬੰਦੀਆਂ ਦੇ ਆਗੂਆਂ ਦੀ ਹੋਈ ਅਹਿਮ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ ਤੇ ਖੇਤ ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ ਵੱਲੋਂ ਜਾਰੀ ਕੀਤੇ ਬਿਆਨ ਰਾਹੀਂ ਦਿੱਤੀ ਗਈ। ਦੋਹਾਂ ਜਥੇਬੰਦੀਆਂ ਨੇ ਆਪਣੇ ਆਗੂਆਂ ਵਰਕਰਾਂ ਤੇ ਦੇਸ਼ ਵਿਦੇਸ਼ ’ਚ ਵਸਦੇ ਆਪਣੇ ਹਮਾਇਤੀਆਂ ਨੂੰ ਸੱਦਾ ਦਿੱਤਾ ਕਿ ਉਹ ਇਸ ਟੀਚੇ ਨੂੰ ਪਾਰ ਕਰਨ ਲਈ ਤੇਜ਼ੀ ਨਾਲ ਹਰਕਤ ’ਚ ਆਉਣ।
ਉਹਨਾਂ ਦੱਸਿਆ ਕਿ ਹੁਣ ਤੱਕ ਇਹਨਾਂ ਜਥੇਬੰਦੀਆਂ ਵੱਲੋਂ 10 ਜ਼ਿਲਿਆਂ ਦੇ 200 ਤੋਂ ਵਧੇਰੇ ਪਿੰਡਾਂ ਤੇ ਸ਼ਹਿਰਾਂ ’ਚ 10 ਹਜ਼ਾਰ ਪਰਿਵਾਰਾਂ ਤੱਕ ਰਾਸ਼ਨ ਵੰਡਿਆਂ ਗਿਆ ਹੈ ਅਤੇ ਬਠਿੰਡੇ ਜ਼ਿਲੇ ’ਚ ਹੀ ਦਰਜਨ ਭਰ ਥਾਂਵਾਂ ’ਤੇ ਹੋਰਨਾਂ ਸਮਾਜਿਕ ਸੰਸਥਾਵਾਂ ਨਾਲ ਮਿਲਕੇ ਪਿਛਲੇ ਕਰੀਬ 10 ਦਿਨਾਂ ਤੋਂ ਪੱਕਿਆ ਹੋਇਆ ਲੰਗਰ ਰੋਜ਼ਾਨਾਂ ਸੈਂਕੜੇ ਪਰਿਵਾਰਾਂ ’ਚ ਪਹੁੰਚਦਾ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਮੀਟਿੰਗ ਦੌਰਾਨ ਇਸ ਸੰਕਟ ਦੇ ਦੌਰ ’ਚ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਲੋੜਵੰਦਾਂ ਤੱਕ ਰਾਸ਼ਨ, ਦੁੱਧ ਤੇ ਦਵਾਈਆਂ ਪੁਚਾਉਣ ਤੋਂ ਇਲਾਵਾ ਕਰੋਨਾ ਦੇ ਟਾਕਰੇ ਲਈ ਵੱਡੇ ਪੱਧਰ ’ਤੇ ਡਾਕਟਰਾਂ ਤੇ ਸਟਾਫ਼ ਨਰਸਾਂ ਦੀ ਭਰਤੀ ਕਰਨ, ਵੱਡੇ ਨਿੱਜੀ ਹਸਪਤਾਲਾਂ ਨੂੰ ਸਰਕਾਰੀ ਹੱਥਾਂ ’ਚ ਲੈ ਕੇ ਇਹਨਾਂ ਡਾਕਟਰਾਂ ਤੇ ਲੈਬੋਰੇਟਰੀਆਂ ਨੂੰ ਇਸ ਕੰਮ ’ਤੇ ਲਾਉਣ, ਟੈਸਟਾਂ ਤੇ ਵੈਂਟੀਲੇਟਰਾਂ ਦਾ ਪ੍ਰਬੰਧ ਕਰਨ ਅਤੇ ਮੈਡੀਕਲ ਸਟਾਫ਼ ਲਈ ਬਚਾਓ ਕਿੱਟਾਂ ਮੁਹੱਈਆਂ ਕਰਾਉਣ ਆਦਿ ’ਚ ਨਾਕਾਮ ਰਹਿਣ ’ਤੇ ਨਰਾਜ਼ਗੀ ਜਾਹਰ ਕਰਦਿਆਂ ਇਹਨਾਂ ਸਭਨਾਂ ਲੋੜਾਂ ਦੀ ਪੂਰਤੀ ਲਈ ਤੁਰੰਤ ਕਦਮ ਚੁੱਕਣ ਦੀ ਮੰਗ ਕੀਤੀ ਹੈ।
ਉਹਨਾਂ ਆਖਿਆ ਕਿ ਸਿਹਤ ਸੇਵਾਵਾਂ ਦੇ ਨਿੱਜੀਕਰਨ ਦੀ ਨੀਤੀ ਅਪਣਾਉਣ ਦਾ ਹੀ ਸਿੱਟਾ ਅੱਜ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਨਿੱਜੀ ਮਾਲਕੀ ਵਾਲੇ ਵੱਡੇ ਹਸਪਤਾਲਾਂ, ਲੈਬੋਰੇਟਰੀਆਂ ਤੇ ਵੈਂਟੀਲੇਟਰਾਂ ਆਦਿ ਦੇ ਪ੍ਰਬੰਧ ਨਾਲ ਜੁੜੀ ਸਨਅਤ ਨਿਰੋਲ ਮੁਨਾਫ਼ੇ ’ਤੇ ਅਧਾਰਤ ਉੱਸਰੀ ਹੋਈ ਹੈ ਇਸੇ ਕਾਰਨ ਹੁਣ ਜਦੋਂ ਕਰੋਨਾ ਦੇ ਬਚਾਓ ਤੇ ਇਲਾਜ ’ਚ ਉਹਨਾਂ ਨੂੰ ਮੁਨਾਫ਼ੇ ਦੇ ਥਾਂ ਖਤਰੇ ਦਿਖਾਈ ਦਿੱਤੇ ਹਨ ਤਾਂ ਉਹਨਾਂ ਨੇ ਨਾ ਸਿਰਫ਼ ਕਰੋਨਾ ਪੀੜਤਾਂ ਤੋਂ ਦਰਵਾਜੇ ਬੰਦ ਕਰ ਲਏ ਸਗੋਂ ਹੋਰਨਾਂ ਬਿਮਾਰੀਆਂ ਤੋਂ ਪੀੜਤਾਂ ਦੇ ਇਲਾਜ ਨੂੰ ਵੀ ਤਿਲਾਂਜਲੀ ਦੇ ਕੇ ਮਰਨ ਲਈ ਛੱਡ ਦਿੱਤਾ। ਮੁਨਾਫ਼ੇ ’ਤੇ ਅਧਾਰਤ ਖੜੇ ਕੀਤੇ ਸਿਹਤ ਪ੍ਰਬੰਧਾਂ ਦਾ ਅੰਤ ਇਹੋ ਨਤੀਜਾ ਨਿਕਲਣਾ ਤਹਿ ਸੀ ਜਿਸ ਬਾਰੇ ਹਕੂਮਤਾਂ ਤੇ ਨੀਤੀ ਘਾੜੇ ਪਹਿਲਾਂ ਹੀ ਜਾਣੂੰ ਸਨ ਪਰ ਲੋਕਾਂ ਦੀ ਪ੍ਰਵਾਹ ਕੀਤੇ ਬਿਨਾਂ ਇਹਨਾਂ ਵੱਲੋਂ ਮੁਨਾਫ਼ੇ ਨੂੰ ਮੁੱਖ ਰੱਖਕੇ ਸਰਕਾਰੀ ਸਿਹਤ ਸੇਵਾਵਾਂ ਨੂੰ ਖਤਮ ਕਰਨ ਅਤੇ ਨਿੱਜੀ ਮਾਲਕੀ ਵਾਲੇ ਸਿਹਤ ਢਾਂਚੇ ਨੂੰ ਪ੍ਰਫੁੱਲਤ ਕਰਨ ’ਤੇ ਜੋਰ ਦਿੱਤਾ ਗਿਆ।
ਉਹਨਾਂ ਕਿਹਾ ਕਿ ਹੁਣ ਵੀ ਜਦੋਂ ਸਮੁੱਚੇ ਲੋਕ ਵੱਡੇ ਖਤਰੇ ਮੂੰਹ ਆਏ ਹਨ ਤਾਂ ਸੂਬਾ ਤੇ ਕੇਂਦਰ ਸਰਕਾਰ ਵੱਲੋਂ ਨਿੱਜੀ ਸਿਹਤ ਸੇਵਾਵਾਂ ਨੂੰ ਸਰਕਾਰੀ ਹੱਥਾਂ ’ਚ ਲੈਣ, ਸਿਹਤ ਜਾਗਰੂਤਾ ਫੈਲਾਉਣ ਅਤੇ ਸਮੁੱਚੀਆਂ ਸਿਹਤ ਸੇਵਾਵਾਂ ਦੀ ਬਿਹਤਰੀ ਲਈ ਲੋੜੀਂਦੇ ਬਜਟ ਜਾਰੀ ਕਰਨ ਤੋਂ ਜਾਣ ਬੁੱਝ ਕੇ ਟਾਲਾ ਵੱਟਿਆ ਜਾ ਰਿਹਾ ਹੈ। ਬੱਸ ਲਾਕਡਾਊਨ ਤੇ ਕਰਫਿਊ ਮੜਕੇ ਲੋਕਾਂ ਨੂੰ ਡਾਂਗ ਦੇ ਜ਼ੋਰ ਅੰਦਰਾਂ ’ਚ ਡੱਕਿਆ ਜਾ ਰਿਹਾ ਹੈ।
ਉਹਨਾਂ ਆਖਿਆ ਕਿ ਕਰੋਨਾ ਤੋਂ ਬਚਾਓ ਲਈ ਬਿਨਾਂ ਸ਼ੱਕ ਸਮਾਜਿਕ ਦੂਰੀ ਬਣਾਕੇ ਰੱਖਣਾ ਜ਼ਰੂਰੀ ਹੈ ਪਰ ਦੇਸ਼ ਦੀ 60 ਫੀਸਦੀ ਕਰੀਬ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੀ ਆਬਾਦੀ ਕੋਲ ਘਰਾਂ ਤੇ ਥਾਂਵਾਂ ਦੀ ਏਨੀ ਤੰਗੀ ਹੈ ਕਿ ਉਹ ਚਾਹ ਕੇ ਵੀ ਸਮਾਜਿਕ ਦੂਰੀ ਨਹੀਂ ਬਣਾ ਸਕਦੇ। ਹਕੂਮਤਾਂ ਨੂੰ ਇਹਨਾਂ ਦੀ ਕੋਈ ਪ੍ਰਵਾਹ ਨਹੀਂ ਅਤੇ ਉਹਨਾਂ ਦੇ ਬਚਾਓ ਅਤੇ ਹੋਰਨਾਂ ਲੋੜਾਂ ਦੀ ਪੂਰਤੀ ਲਈ ਢੁੱਕਵੇਂ ਕਦਮ ਨਹੀਂ ਲਏ ਜਾ ਰਹੇ, ਜੋ ਇਹਨਾਂ ਪ੍ਰਤੀ ਸਰਕਾਰਾਂ ਦੀ ਵਿਤਕਰੇ ਵਾਲੀ ਨੀਤੀ ਦਾ ਸਿੱਟਾ ਹੈ। ਇਸ ਮੀਟਿੰਗ ’ਚ ਸੁਖਦੇਵ ਸਿੰਘ ਕੋਕਰੀ ਕਲਾਂ, ਲਛਮਣ ਸਿੰਘ ਸੇਵੇਵਾਲਾ, ਝੰਡਾ ਸਿੰਘ ਜੇਠੂਕੇ, ਜੋਰਾ ਸਿੰਘ ਨਸਰਾਲੀ, ਹਰਿੰਦਰ ਕੌਰ ਬਿੰਦੂ ਅਤੇ ਸ਼ਿੰਗਾਰਾ ਸਿੰਘ ਮਾਨ ਵੀ ਮੌਜੂਦ ਸਨ।