ਅਸ਼ੋਕ ਵਰਮਾ
ਬਠਿੰਡਾ, 6 ਮਈ 2020 - ਬਾਬਾ ਫ਼ਰੀਦ ਕਾਲਜ ਦੇ ਗਣਿਤ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨ ਅਤੇ ਗਣਿਤ ਵਿਸ਼ੇ ਪ੍ਰਤੀ ਉਨਾਂ ਨੂੰ ਉਤਸ਼ਾਹਿਤ ਕਰਨ ਲਈ ‘ਗਣਿਤ ਅਤੇ ਇਸ ਦੇ ਉਪਯੋਗ’ ਬਾਰੇ ਇੱਕ ਵੈਬੀਨਾਰ ਕਰਵਾਇਆ ਗਿਆ। ਇਸ ਭਾਸ਼ਣ ਦੇ ਮੁੱਖ ਬੁਲਾਰੇ ਪ੍ਰੋ. (ਡਾ.) ਮਹਿਮਤ ਸੇਨੋਲ (ਡਿਪਾਰਟਮੈਂਟ ਆਫ਼ ਮੈਥੇਮੇਟਿਕਸ, ਫੈਕਲਟੀ ਆਫ਼ ਸਾਇੰਸ ਐਂਡ ਆਰਟ, ਨੇਵਸੇਹੀਰ ਹੈਕ ਬੇਕਟਸ ਵੇਲੀ ਯੂਨੀਵਰਸਿਟੀ, ਨੇਵਸੇਹੀਰ (ਤੁਰਕੀ) ਸਨ। ਇਸ ਵੈਬੀਨਾਰ ਵਿੱਚ ਗਣਿਤ ਵਿਸ਼ੇ ਵਾਲੇ 140 ਅੰਡਰ ਗਰੈਜੂਏਟ ਅਤੇ ਪੋਸਟ ਗਰੈਜੂਏਟ ਵਿਦਿਆਰਥੀਆਂ ਨੇ ਆਨਲਾਈਨ ਸ਼ਿਰਕਤ ਕੀਤੀ । ਗਣਿਤ ਵਿਭਾਗ ਦੇ ਸਾਰੇ ਫੈਕਲਟੀ ਮੈਂਬਰ ਵੀ ਇਸ ਵੈਬੀਨਾਰ ਵਿੱਚ ਮੌਜੂਦ ਸਨ
ਪ੍ਰੋਫੈਸਰ ਸੇਨੋਲ ਨੇ ਵਿਸ਼ੇ ਸੰਬੰਧੀ ਸੰਖੇਪ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਮੈਥੇਮੈਟਿਕਾ ਇਕ ਆਧੁਨਿਕ ਤਕਨੀਕੀ ਕੰਪਿਊਟਿੰਗ ਪ੍ਰਣਾਲੀ ਹੈ ਜੋ ਤਕਨੀਕੀ ਕੰਪਿਊਟਿੰਗ ਦੇ ਵਿਭਿੰਨ ਖੇਤਰਾਂ ਵਿਚ ਫੈਲੀ ਹੋਈ ਹੈ- ਜਿਸ ਵਿਚ ਨਿਊਰਲ ਨੈੱਟਵਰਕ, ਮਸ਼ੀਨ ਲਰਨਿੰਗ, ਇਮੇਜ ਪ੍ਰਾਸੈਸਿੰਗ, ਜਿਓਮੈਟਰੀ, ਡਾਟਾ ਸਾਇੰਸ, ਵਿਜ਼ੂਅਲਾਈਜ਼ੇਸ਼ਨ ਅਤੇ ਹੋਰ ਸ਼ਾਮਲ ਹਨ। ਇਹ ਪ੍ਰਣਾਲੀ ਦੀ ਵਰਤੋਂ ਕਈ ਤਕਨੀਕੀ, ਵਿਗਿਆਨਕ, ਇੰਜੀਨਅਰਿੰਗ, ਗਣਿਤ ਅਤੇ ਕੰਪਿਊਟਿੰਗ ਖੇਤਰਾਂ ਵਿੱਚ ਕੀਤੀ ਜਾਂਦੀ ਹੈ। ਉਨਾਂ ਨੇ ਮੈਥੇਮੈਟੀਕਾ ਸਾਫ਼ਟਵੇਅਰ ਦੀ ਵਰਤੋਂ ਕਰ ਕੇ ਵਿਭਿੰਨ ਸਮੀਕਰਨ, 2ਡੀ ਅਤੇ 3ਡੀ ਪਲਾਟਿੰਗ, ਮਲਟੀਪਲ ਗ੍ਰਾਫ, ਮੈਟਿ੍ਰਕਸ, ਈਗੇਨ ਵੈਲਯੂ ਅਤੇ ਵੈਕਟਰ, ਪੋਲੀਨੋਮੀਅਲਜ਼ ਦੇ ਹੱਲ, ਐਨੀਮੇਟਡ ਸ਼ਲੂਸਨਜ਼, ਏਕੀਕਰਨ ਅਤੇ ਭਿੰਨਤਾ ਆਦਿ ਦੇ ਹੱਲ ਕਰਨ ਬਾਰੇ ਵਿਹਾਰਕ ਜਾਣਕਾਰੀ ਦਿੱਤੀ ।
ਵੈਬੀਨਾਰ ਵਿੱਚ ਸਾਂਝੀ ਕੀਤੀ ਗਈ ਜਾਣਕਾਰੀ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਸੀ। ਇਸ ਵੈਬੀਨਾਰ ਵਿੱਚ ਵਿਦਿਆਰਥੀਆਂ ਨੇ ਅਸਲ ਜੀਵਨ ਵਿੱਚ ਅਤੇ ਗਣਿਤ ਦੇ ਅਸਲ ਕਾਰਜਾਂ ਵਿੱਚ ਕੰਪਿਊਟੇਸ਼ਨਲ ਤਕਨੀਕ ਦੀ ਮਹੱਤਤਾ ਬਾਰੇ ਜਾਣਿਆ। ਕੰਪਿਊਟੇਸ਼ਨਲ ਤਕਨੀਕਾਂ ਬਾਰੇ ਜਾਗਰੂਕਤਾ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਅਤੇ ਇਸ ਕਿਸਮ ਦੇ ਸਾਫ਼ਟਵੇਅਰਾਂ ਦੀ ਵਰਤੋਂ ਨਾਲ ਵਿਦਿਆਰਥੀਆਂ ਵਿੱਚ ਕੰਪਿਊਟਿੰਗ ਸੋਚ ਦਾ ਵਿਕਾਸ ਹੁੰਦਾ ਹੈ। ਅੰਤ ਵਿੱਚ ਗਣਿਤ ਵਿਭਾਗ ਦੇ ਮੁਖੀ ਨੇ ਵਿਦਿਆਰਥੀਆਂ ਨੂੰ ਵਡਮੁੱਲੀ ਜਾਣਕਾਰੀ ਪ੍ਰਦਾਨ ਕਰਨ ਅਤੇ ਆਪਣਾ ਕੀਮਤੀ ਸਮਾਂ ਦੇਣ ਲਈ ਮੁੱਖ ਬੁਲਾਰੇ ਦਾ ਧੰਨਵਾਦ ਕੀਤਾ । ਬਾਬਾ ਫ਼ਰੀਦ ਕਾਲਜ ਦੇ ਪਿ੍ਰੰਸੀਪਲ ਡਾ. ਪ੍ਰਦੀਪ ਕੌੜਾ ਅਤੇ ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਗਣਿਤ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ।