ਰਜਨੀਸ਼ ਸਰੀਨ
- ‘ਨੋਸ਼’ ’ਤੇ ਰਜਿਸਟ੍ਰੇਸ਼ਨ ਤੋਂ ਬਾਅਦ ਸਬੰਧਤ ਐਸ ਡੀ ਐਮ ਵੱਲੋਂ ਜਾਰੀ ਕੀਤਾ ਜਾਂਦਾ ਹੈ ‘ਗੇਟ ਪਾਸ’
- ਹੁਣ ਤੱਕ ਜ਼ਿਲ੍ਹੇ ’ਚ 64 ਸੰਸਥਾਂਵਾਂ ਨੇ ਕਰਵਾਈ ਰਜਿਸਟ੍ਰੇਸ਼ਨ
ਨਵਾਂਸ਼ਹਿਰ, 11 ਅਪਰੈਲ 2020 - ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਕੋਵਿਡ-19 ਕਰਫ਼ਿੳ ਦੌਰਾਨ ਰਾਸ਼ਨ/ਲੰਗਰ ਦੀ ਵੰਡ ’ਚ ਲੱਗੀਆਂ ਗੈਰ-ਸਰਕਾਰੀ ਸੰਸਥਾਂਵਾਂ ਲਈ ‘ਨੋਸ਼’ ਪ੍ਰੋਗਰਾਮ ਤਹਿਤ ਰਜਿਸਟ੍ਰੇਸ਼ਨ ਲਾਜ਼ਮੀ ਕਰਦਿਆਂ, ਬਿਨਾਂ ਰਜਿਸਟ੍ਰੇਸ਼ਨ ਤੋਂ ਕੰਮ ਕਰ ਰਹੀਆਂ ਸੰਸਥਾਂਵਾਂ/ਵਿਅਕਤੀਆਂ ਖ਼ਿਲਾਫ਼ ਧਾਰਾ 144 ਦੀ ਉਲੰਘਣਾ ਤਹਿਤ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਭਾਵੇਂ ਇਨ੍ਹਾਂ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਲੋੜਵੰਦ ਲੋਕਾਂ ਦੀ ਮੱਦਦ ਦੇ ਕਾਰਜ ਦੀ ਭਰਪੂਰ ਸ਼ਲਾਘਾ ਕਰਦਾ ਹੈ ਪਰੰਤੂ ਇਸ ਦੇ ਨਾਲ ਹੀ ‘ਕੋਵਿਡ-19’ ਤਹਿਤ ਨਿਰਧਾੋਰਤ ਪ੍ਰੋਟੋਕਾਲਾਂ ਦੀ ਉਲੰਘਣਾ ਹੋਣ ਕਾਰਨ ਰਾਸ਼ਨ/ਲੰਗਰ ਲੈਣ ਵਾਲੀਆਂ ਹਜ਼ਾਰਾਂ ਜਾਨਾਂ ਵੀ ਖਤਰੇ ’ਚ ਨਹੀਂ ਪੈਣ ਦਿੱਤੀਆਂ ਜਾ ਸਕਦੀਆਂ।
ਸ੍ਰੀ ਬਬਲਾਨੀ ਨੇ ਕਿਹਾ ਕਿ ਕੋਈ ਵੀ ਸੰਸਥਾ ਜੋ ਕਿ ਰਾਸ਼ਨ/ਲੰਗਰ ਵੰਡ ’ਚ ਲੱਗੀ ਹੋਈ ਹੈ, ਉਹ ਤੁਰੰਤ ਜ਼ਿਲ੍ਹੇ ਦੀ ਵੈਬਸਾਈਟ ’ਤੇ ਜਾ ਕੇ ‘ਨੋਸ਼’ (ਨੋ ਵਨ ਸਲੀਪ ਹੰਗਰੀ) ਪ੍ਰੋਗਰਾਮ ਤਹਿਤ ਬਣਾਏ ਗਏ ਆਨਲਾਈਨ ਪ੍ਰਫ਼ਾਰਮੇ ’ਤੇ ਆਪਣੀ ਰਸਿਜਟ੍ਰੇਸ਼ਨ ਕਰਵਾਏ। ਜੇਕਰ ਕਿਸੇ ਸੰਸਥਾ ਜਾਂ ਵਿਅਕਤੀ ਨੂੰ ਆਨਲਾਈਨ ਪ੍ਰਫ਼ਾਰਮੇ ’ਤੇ ਕੋਈ ਦਿੱਕਤ ਆ ਰਹੀ ਹੈ ਤਾਂ ਉਹ ਆਪਣੀ ਸਬ ਡਵੀਜ਼ਨ ਦੇ ਐਸ ਡੀ ਐਮ ਦਫ਼ਤਰ ਨਾਲ ਸੰਪਰਕ ਕਰਕੇ, ਉੱਥੇ ਆਨਲਾਈਨ ਫ਼ਾਰਮ ਭਰ ਕੇ ਆਪਣਾ ‘ਗੇਟ ਪਾਸ’ ਪ੍ਰਾਪਤ ਕਰੇ।
ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ’ਚ ਪੰਜਾਬ ਦੇ ਦੂਸਰੇ ਜ਼ਿਲ੍ਹਿਆਂ ’ਚ ਰਾਸ਼ਨ/ਲੰਗਰ ਦੀ ਵੰਡ ਕਰਨ ਵਾਲੇ ਕੁੱਝ ਵਿਅਕਤੀਆਂ ਦਾ ‘ਕੋਵਿਡ-19’ ਟੈਸਟ ਪਾਜ਼ੇਟਿਵ ਆਉਣ ਕਾਰਨ ਇਹ ਲਾਜ਼ਮੀ ਹੋ ਗਿਆ ਹੈ ਕਿ ਵੰਡ ਕਰਨ ਵਾਲੀ ਹਰੇਕ ਸੰਸਥਾ ਆਪਣੀ ਰਜਿਟ੍ਰੇਸ਼ਨ ਕਰਵਾਏ, ਆਪਣੇ ਨਾਲ ਸਹਿਯੋਗ ਕਰ ਰਹੇ ਵਿਅਕਤੀਆਂ ਦਾ ਪੂਰਾ ਨਾਮ ਤੇ ਪਤਾ ਨੋਟ ਕਰਕੇ ਰੱਖੇ ਅਤੇ ਜਿਸ ਇਲਾਕੇ ’ਚ ਉਨ੍ਹਾਂ ਨੂੰ ਐਸ ਡੀ ਐਮ ਵੱਲੋਂ ਮਨਜੂਰੀ ਮਿਲੀ ਹੈ, ਉਸ ਇਲਾਕੇ ਤੋਂ ਬਾਹਰ ਕਿਧਰੇ ਰਾਸ਼ਨ/ਲੰਗਰ ਦੀ ਵੰਡ ਨਾ ਕਰੇ।
ਡਿਪਟੀ ਕਮਿਸ਼ਨਰ ਅਨੁਸਾਰ ਹੁਣ ਤੱਕ ‘ਨੋਸ਼’ ਪ੍ਰੋਗਰਾਮ ਤਹਿਤ 64 ਵਿਅਕਤੀ/ਸੰਸਥਾਂਵਾਂ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ ਅਤੇ ਜੇਕਰ ਇੰਨੀ ਵੱਡੀ ਗਿਣਤੀ ’ਚ ਇਹ ਸੰਸਥਾਂਵਾਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੀਆਂ ਹਨ ਤਾਂ ਫ਼ਿਰ ਹੋਰ ਕਿਸੇ ਵੀ ਸੰਸਥਾ ਨੂੰ ਸਮੱਸਿਆ ਨਹੀਂ ਆਉਣੀ ਚਾਹੀਦੀ।
ਉਨ੍ਹਾਂ ਕਿਹਾ ਕਿ ‘ਕੋਵਿਡ-19’ ਦੇ ਨਿਰਧਾਰਤ ਪ੍ਰੋਟੋਕਾਲ ਅਨੁਸਾਰ ਕੋਰੋਨਾ ਦਾ ਫੈਾਅ ਰੋਕਣ ਲਈ ਇਹ ਜ਼ਰੂਰੀ ਹੈ ਕਿ ਲੰਗਰ/ਖਾਣ ਪੀਣ ਵਾਲੀਆਂ ਵਸਤਾਂ ਦੀ ਵੰਡ ਕਰਨ ਵਾਲੀਆਂ ਸੰਸਥਾਂਵਾਂ ਇਹ ਸੁਨਿਸ਼ਚਿਤ ਕਰਨ ਕਿ ਲੰਗਰ ਬਣਾਉਣ/ਵੰਡਣ ਵਾਲਾ ਵਿਅਕਤੀ ਕੋਰਨਾ ਪੀੜਤ ਨਾ ਹੋਵੇ, ਹਰੇਕ ਵਿਅਕਤੀ ਦੇ ਮੂੰਹ ’ਤੇ ਮਾਸਕ ਹੋਵੇ, ਲੰਗਰ ਬਣਾਉਣ ਵਾਲੀ ਥਾਂ ਨਿਰੰਤਰ ਰੂਪ ’ਚ ਸੈਨੇਟਾਈਜ਼ ਹੋਵੇ, ਹੱਥ ਵਾਰ-ਵਾਰ ਧੋਤੇ ਜਾਣ, ਬਣਾਉਣ ਅਤੇ ਵੰਡਣ ਵੇਲੇ ਦੋ-ਦੋ ਮੀਟਰ ਦੀ ਦੂਰੀ ਹਰ ਹਾਲ ’ਚ ਬਣਾਈ ਜਾਵੇ। ਇਸ ਗੱਲ ਨੂੰ ਵੀ ਯਕਨਿੀ ਬਣਾਇਆ ਜਾਵੇ ਕਿ ਜੇਕਰ ਸੰਸਥਾ ਨਾਲ ਲੰਗਰ ਤਿਆਰ ਕਰਨ ਜਾਂ ਵੰਡ ਕਰਨ ਦੇ ਕਾਰਜ ’ਚ ਜੁਟੇ ਵਿਅਕਤੀ ਨੂੰ ਕੋਵਿਡ-19 ਦੇ ਲੱਛਣ ਜਿਵੇਂ ਤੇਜ਼ ਬੁਖਾਰ, ਸੁੱਕੀ ਖੰਘ, ਜ਼ੁਕਾਮ ਜਾਂ ਸਾਹ ’ਚ ਤਕਲੀਫ਼ ਆਦਿ ਸਮੱਸਿਆ ਹੈ ਤਾਂ ਉਸ ਨੂੰ ਤੁਰੰਤ ਰਿਸ ਗਤੀਵਿਧੀ ਤੋਂ ਅਲੱਗ ਕਰਕੇ ਘਰ ਰਹਿਣ ਲਈ ਆਖਿਆ ਜਾਵੇ।