ਅਸ਼ੋਕ ਵਰਮਾ
ਬਠਿੰੰਡਾ, 15 ਜੂਨ 2020: ‘ਫਾਸ਼ੀ ਹਮਲਿਆਂ ਵਿਰੋਧੀ ਫਰੰਟ‘ ਵਿੱਚ ਸ਼ਾਮਲ ਪਾਰਟੀਆਂ ਦੀ ਜਿਲਾ ਪੱਧਰੀ ਸਾਂਝੀ ਮੀਟਿੰਗ ਸੀ.ਪੀ.ਆਈ. ਦਫਤਰ ਬਠਿੰਡਾ ਵਿਖੇ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾਈ ਆਗੂ ਸਾਥੀ ਮੁਖਤਿਆਰ ਸਿੰਘ ਪੂਹਲਾ ਦੀ ਪ੍ਰਧਾਨਗੀ ਹੇਠ ਹੋਈ। ਸਾਥੀ ਮਹੀਪਾਲ ਮੈਂਬਰ ਕੇਂਦਰੀ ਕਮੇਟੀ ਆਰ.ਐਮ.ਪੀ.ਆਈ., ਬਲਕਰਨ ਸਿੰਘ ਬਰਾੜ ਜਿਲਾ ਸਕੱਤਰ ਸੀ.ਪੀ.ਆਈ., ਜਗਜੀਤ ਸਿੰਘ ਲਹਿਰਾ ਮੁਹੱਬਤ ਜਿਲਾ ਆਗੂ ਇਨਕਲਾਬੀ ਕੇਂਦਰ ਪੰਜਾਬ, ਬਲਵੰਤ ਸਿੰਘ ਮਹਿਰਾਜ ਸੂਬਾਈ ਆਗੂ ਇਨਕਲਾਬੀ ਲੋਕ ਮੋਰਚਾ, ਜਗਦੇਵ ਸਿੰਘ ਲੋਕ ਸੰਗਰਾਮ ਮੰਚ, ਅਮਰਜੀਤ ਸਿੰਘ ਹਨੀ ਜਿਲਾ ਆਗੂ ਸੀ.ਪੀ.ਆਈ.( ਐਮ.ਐਲ.) ਨਿਊ ਡੈਮੋਕਰੇਸੀ, ਜਸਵੀਰ ਕੌਰ ਸਰਾਂ ਮੈਂਬਰ ਸੂਬਾ ਕੌਂਸਲ ਸੀ.ਪੀ. ਆਈ.ਨੇ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ।
ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਸਾਥੀ ਅਮਰਜੀਤ ਸਿੰਘ ਹਨੀ ਨੇ ਦੱਸਿਆ ਕਿ ਆਉਣ ਵਾਲੀ 8 ਜੁਲਾਈ ਨੂੰ ਸਥਾਨਕ ਰੋਜ ਗਾਰਡਨ ਦੇ ਸਾਹਮਣੇ ਫਲਾਈ ਓਵਰ ਦੇ ਥੱਲੇ ਵਿਸ਼ਾਲ ਰੋਸ ਰੈਲੀ ਅਤੇ ਸ਼ਹਿਰ ਵਿੱਚ ਰੋਹ ਭਰਪੂਰ ਮੁਜ਼ਾਹਰਾ ਕੀਤਾ ਜਾਵੇਗਾ।ਇਹ ਰੋਸ ਧਰਨੇ ਅਤੇ ਮੁਜਾਹਰੇ, ‘ਫਰੰਟ‘ ਦੀ ਸੂਬਾ ਕਮੇਟੀ ਦੀ ਲੰਘੀ 6 ਜੂਨ ਨੂੰ ਲੁੱਧਿਆਣਾ ਵਿਖੇ ਹੋਈ ਮੀਟਿੰਗ ਦੇ ਫੈਸਲਿਆਂ ਤਹਿਤ ਪੰਜਾਬ ਦਾ ਸਾਰੇ ਜਿਲਾ ਕੇਂਦਰਾਂ ਤੇ ਕੀਤੇ ਜਾ ਰਹੇ ਹਨ।
ਉਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਨਿੱਜੀਕਰਨ, ਉਦਾਰੀਕਰਨ, ਸੰਸਾਰੀਕਰਨ ਵਾਲੀਆਂ ਨਵਉਦਾਰਵਾਦੀ ਨੀਤੀਆਂ ਖਿਲਾਫ਼ ਲੋਕ ਦੋਖੀ- ਦੇਸ਼ ਵਿਰੋਧੀ ਨੀਤੀਆਂ ਅਤੇ ਫਿਰਕੂ-ਫਾਸੀ ਸਾਜਸ਼ਿਾਂ ਨੂੰ ਭਾਂਜ ਦੇਣ ਲਈ ਕੀਤੇ ਜਾ ਰਹੇ ਇੰਨਾਂ ਰੋਸ ਐਕਸ਼ਨਾਂ ਵਿੱਚ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਦੇ ਕਾਰਕੁੰਨ ਵੀ ਸ਼ਾਮਲ ਹੋਣਗੇ। ਉਨਾਂ ਕਿਹਾ ਕਿ ਕਰੋੜਾਂ ਦੇਸ਼ ਵਾਸੀਆਂ ਲਈ ਅਣਕਿਆਸੀਆਂ ਮੁਸੀਬਤਾਂ ਖੜੀਆਂ ਕਰਨ ਅਤੇ ਹਜਾਰਾਂ ਦੀ ਬਲੀ ਲੈਣ ਵਾਲੀ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਢੁਕਵੇਂ ਕਦਮ ਚੁੱਕਣ ਦੀ ਬਜਾਇ ਕੇਂਦਰ ਦੀ ਮੋਦੀ ਸਰਕਾਰ, ਕੇਂਦਰੀ ਹੁਕੂਮਤ ਨਾਲ ਅਸਹਿਮਤੀ ਰੱਖਣ ਵਾਲੇ ਬੁੱਧੀਜੀਵੀਆਂ, ਜਨਤਕ ਕਾਰਕੁੰਨਾਂ, ਪੱਤਰਕਾਰਾਂ ਅਤੇ ਅਗਾਂਹਵਧੂ ਸੋਚ ਦੇ ਧਾਰਨੀ ਲੋਕਾਂ ਨੂੰ ਝੂਠੇ ਕੇਸਾਂ ਵਿਚ ਫਸਾ ਕੇ ਜੇਲੀਂ ਡੱਕਣ ‘ਚ ਗਲਤਾਨ ਹੈ। ਉਨਾਂ ਸਮੂਹ ਹਮਖਿਆਲੀ ਲੋਕਾਂ ਨੂੰ ਰੋਸ ਮੁਜਾਹਰਿਆਂ ’ਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ ਹੈ।