ਅਸ਼ੋਕ ਵਰਮਾ
ਬਠਿੰਡਾ, 25 ਮਈ 2020: ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਬਿਜ਼ਨਸ ਸਟੱਡੀਜ਼ ਵਿਭਾਗ ਨੇ ‘ਲਾਕਡਾਊਨ ਇੱਕ ਮੁਸੀਬਤ ਜਾਂ ਮੌਕਾ’ ਬਾਰੇ ਵਾਦ-ਵਿਵਾਦ ਮੁਕਾਬਲਾ ਕਰਵਾਇਆ । ਇਸ ਮੁਕਾਬਲੇ ਦੀ ਸ਼ੁਰੂਆਤ ਵਿੱਚ ਡੀਨ (ਫੈਕਲਟੀ ਆਫ਼ ਮੈਨੇਜਮੈਂਟ ਐਂਡ ਕਾਮਰਸ), ਵੱਖ-ਵੱਖ ਵਿਭਾਗਾਂ ਦੇ ਮੁਖੀਆਂ, ਸਾਰੇ ਫੈਕਲਟੀ ਮੈਂਬਰਾਂ, ਹਿੱਸਾ ਲੈਣ ਵਾਲੇ ਵਿਦਿਆਰਥੀਆਂ ਅਤੇ ਹੋਰ ਸ਼ਾਮਲ ਹਾਜ਼ਰੀਨ ਦਾ ਰਸਮੀ ਸਵਾਗਤ ਕੀਤਾ ਗਿਆ। ਵਾਦ-ਵਿਵਾਦ ਮੁਕਾਬਲਾ ਸਹਿ-ਵਿੱਦਿਅਕ ਗਤੀਵਿਧੀਆਂ ਵਿੱਚੋਂ ਇੱਕ ਹੈ ਜੋ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਇੱਕ ਮੰਚ ਪ੍ਰਦਾਨ ਕਰਦਾ ਹੈ। ਇਸ ਮੁਕਾਬਲੇ ਵਿੱਚ ਦੋ-ਦੋ ਮੈਂਬਰਾਂ ਵਾਲੀਆਂ ਛੇ ਟੀਮਾਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥੀਆਂ ਨੂੰ ਇਸ ਮੁਕਾਬਲੇ ਦੇ ਨਿਯਮਾਂ ਤੋਂ ਜਾਣੂ ਕਰਵਾਇਆ ਗਿਆ । ਇੱਕ ਵਿਦਿਆਰਥੀ ਨੇ ਲਾਕਡਾਊਨ ਦੇ ਹੱਕ ਵਿੱਚ ਅਤੇ ਦੂਸਰੇ ਨੇ ਵਿਰੋਧ ਵਿੱਚ ਵਿਚਾਰ ਰੱਖੇ। ਇਸ ਤਰਾਂ ਸਾਰਿਆਂ ਨੇ ਲਾਕਡਾਊਨ ਦੇ ਸਕਾਰਾਤਮਿਕ ਅਤੇ ਨਕਾਰਾਤਮਿਕ ਪੱਖਾਂ ਨੂੰ ਬਾਖ਼ੂਬੀ ਪੇਸ਼ ਕੀਤਾ। ਉਨਾਂ ਨੇ ਵਰਤਮਾਨ ਅਤੇ ਲਾਈਵ ਉਦਾਹਰਨਾਂ ਸਹਿਤ ਦੱਸਿਆ ਕਿ ਲਾਕਡਾਊਨ ਕਿਵੇਂ ਸਮਾਜ ਅਤੇ ਦੇਸ਼ ਦੀ ਆਰਥਿਕਤਾ ਨੂੰ ਪ੍ਰਭਾਵਿਤ ਕਰ ਰਿਹਾ ਹੈ।
ਉਨਾਂ ਕਿਹਾ ਕਿ ਇੱਕ ਚੰਗਾ ਪੱਖ ਇਹ ਵੀ ਹੈ ਕਿ ਵਾਤਾਵਰਨ ਪ੍ਰਦੂਸ਼ਣ ਘੱਟ ਰਿਹਾ ਹੈ ਅਤੇ ਧਰਤੀ ਆਪਣੇ ਆਪ ਨੂੰ ਕੁਦਰਤੀ ਤੌਰ ਤੇ ਠੀਕ ਕਰ ਰਹੀ ਹੈ। ਹਾਜ਼ਰੀਨ ਨੂੰ ਵੀ ਆਪਣੇ ਵਿਚਾਰ ਰੱਖਣ ਦਾ ਮੌਕਾ ਦਿੱਤਾ ਗਿਆ। ਇਸ ਮੁਕਾਬਲੇ ਵਿੱਚ ਤਕਰੀਬਨ 60 ਵਿਦਿਆਰਥੀ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਸਰਗਰਮੀ ਨਾਲ ਸ਼ਾਮਲ ਹੋਏ। ਇਸ ਮੁਕਾਬਲੇ ’ਚ ਐਮ.ਬੀ.ਏ. ਪਹਿਲਾ ਸਾਲ ਦੀਆਂ ਵਿਦਿਆਰਥਣਾਂ ਪੂਜਾ ਅਤੇ ਮਨਦੀਪ ਕੌਰ ਜੇਤੂ ਰਹੀਆਂ । ਅੰਤ ਵਿੱਚ ਵਿਭਾਗ ਮੁਖੀ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਲਾਕਡਾਊਨ ਨੂੰ ਇੱਕ ਮੌਕੇ ਵਜੋਂ ਲੈਣ ਅਤੇ ਇਸ ਸਮੇਂ ਦਾ ਸਹੀ ਢੰਗ ਨਾਲ ਇਸਤੇਮਾਲ ਕਰ ਕੇ ਆਪਣੇ ਜ਼ਿੰਦਗੀ ਦੇ ਟੀਚੇ ਸਰ ਕਰਨ ਵੱਲ ਅੱਗੇ ਵਧਣ । ਸਮੁੱਚੇ ਰੂਪ ਵਿੱਚ ਇਹ ਮੁਕਾਬਲਾ ਬਹੁਤ ਹੀ ਦਿਲਚਸਪ ਅਤੇ ਵਧੀਆ ਢੰਗ ਨਾਲ ਆਯੋਜਿਤ ਕਰਵਾਇਆ ਗਿਆ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਕਾਲਜ ਦੇ ਪਿ੍ਰੰਸੀਪਲ ਡਾ. ਜੈ ਅਸੀਸ ਸੇਠੀ ਨੇ ਬਿਜ਼ਨਸ ਸਟੱਡੀਜ਼ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ।