- ਜਥੇਬੰਦੀ ਕਿਸੇ ਵੀ ਕਿਸਾਨ ਦਾ ਝੋਨਾ ਨਹੀਂ ਵਾਹੁਣ ਦੇਵੇਗੀ
ਫਿਰੋਜ਼ਪੁਰ 10 ਮਈ 2020 : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿਲ੍ਹਾ ਕੌਰ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕੱਲ੍ਹੀਵਾਲਾ ਦੀ ਪ੍ਰਧਾਨਗੀ ਹੇਠ ਕਿਸੇ ਅਣਦੱਸੀ ਥਾਂ 'ਤੇ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਝੋਨੇ ਦੀ ਲਵਾਈ ਸ਼ੁਰੂ ਕਰਨ ਦਾ ਸਮਾਂ 10 ਜੂਨ ਦਾ ਤੈਅ ਕੀਤਾ ਹੈ, ਜਥੇਬੰਦੀ ਇਸ ਨੂੰ ਸਿਰੇ ਤੋਂ ਰੱਦ ਕਰਦੀ ਹੈ ਤੇ ਸਰਕਾਰ ਤੋਂ ਮੰਗ ਕਰਦੀ ਹੈ ਝੋਨੇ ਦੀ ਲਵਾਈ 1 ਜੂਨ ਤੋਂ ਸ਼ੁਰੂ ਕਰਨ ਦੀ ਖੁੱਲ੍ਹ ਦਿੱਤੀ ਜਾਵੇ, ਜਿਸ ਦਾ ਕੋਰ ਕਮੇਟੀ ਵੱਲੋਂ ਮਤਾ ਪਾਸ ਕੀਤਾ ਗਿਆ।
ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਪ੍ਰਤੀ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਜ਼ਮੀਨੀ ਹਕੀਕਤ ਨੂੰ ਸਮਝਣਾ ਜ਼ਰੂਰੀ ਹੁੰਦਾ ਹੈ, ਏਸੀ ਕਮਰਿਆਂ ਵਿਚ ਬੈਠ ਕੇ ਲੈ ਗਏ ਫੈਸਲੇ ਹਮੇਸ਼ਾ ਗਲਤ ਸਿੱਧ ਹੁੰਦੇ ਹਨ। ਕੋਵਿਡ-19 ਤੇ ਲਾਕਡਾਊਨ ਦੌਰਾਨ ਪ੍ਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਚਲੇ ਗਏ ਹਨ ਤੇ ਪੰਜਾਬ ਵਿਚ ਲੇਬਰ ਦੀ ਵੱਡੀ ਪੱਧਰ ਤੇ ਘਾਟ ਹੈ ਜੇਕਰ 10 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੁੰਦੀ ਹੈ ਤਾਂ ਇਹ ਅੱਧ ਜੁਲਾਈ ਤੱਕ ਵੀ ਮੁਕੰਮਲ ਨਹੀਂ ਹੋਵੇਗੀ। ਜਿਹੜੇ ਕਿਸਾਨ ਪਹਿਲੀ ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕਰਨਗੇ ਜਥੇਬੰਦੀ ਉਨ੍ਹਾਂ ਦਾ ਡਟ ਕੇ ਸਾਥ ਦੇਵੇਗੀ ਤੇ ਕਿਸਾਨਾਂ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ, ਕਿਸੇ ਵੀ ਕਿਸਾਨ ਦਾ ਪ੍ਰਸ਼ਾਸਨ ਵੱਲੋਂ ਝੋਨਾ ਵਾਹੁਣ ਨਹੀਂ ਦਿੱਤਾ ਜਾਵੇਗਾ।
ਪਾਸ ਕੀਤੇ ਮਤੇ ਵਿੱਚ ਸਰਕਾਰ ਤੋਂ ਮੰਗ ਕੀਤੀ ਕਿ ਕਣਕ ਦੇ ਨਾੜ ਨੂੰ ਕਿਸਾਨ ਅੱਗ ਨਹੀਂ ਲਾਉਣਾ ਚਾਹੁੰਦੇ, ਪਰ ਇਸ ਦੀ ਸਾਂਭ ਸੰਭਾਲ ਲਈ ਪ੍ਰਤੀ ਏਕੜ 6 ਹਜ਼ਾਰ ਰੁਪਏ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਕਣਕ ਝੋਨੇ ਸਮੇਤ 23 ਫਸਲਾਂ ਦੀ ਕੀਮਤ ਦਾ ਐਲਾਨ ਡਾ. ਸਵਾਮੀਨਾਥਨ ਦੀ ਰਿਪੋਰਟ ਮੁਤਾਬਿਕ ਲਾਗਤ ਖਰਚਿਆਂ ਵਿਚ 50 ਪ੍ਰਤੀਸ਼ਤ ਮੁਨਾਫ਼ਾ ਜੋੜ ਦਿੱਤਾ ਜਾਵੇ ਤੇ ਇਸ ਤਰ੍ਹਾਂ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਪ੍ਰਤੀ ਕੁਇੰਟਲ 200 ਰੁਪਏ ਬੋਨਸ ਦਿੱਤਾ ਜਾਵੇ ਜਾਂ ਪ੍ਰਤੀ ਏਕੜ 6 ਹਜ਼ਾਰ ਰੁਪਏ ਮੁਆਵਜ਼ੇ ਦਾ ਵੀ ਹੁਣ ਤੋਂ ਹੀ ਐਲਾਨ ਕੀਤਾ ਜਾਵੇ ਤੇ ਜੋ ਮੋਦੀ ਸਰਕਾਰ ਵੱਲੋਂ ਪ੍ਰਤੀ ਕੁਇੰਟਲ ਕਣਕ ਤੇ 4.81 ਰੁਪਏ ਤੋਂ 24 ਰੁਪਏ ਤੱਕ ਕੁਆਲਟੀ ਕੱਟ ਲਾਇਆ ਜਾ ਰਿਹਾ ਹੈ, ਉਸ ਨੂੰ ਵੀ ਤੁਰੰਤ ਬੰਦ ਕੀਤਾ ਜਾਵੇ ਤੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਦਬਾਅ ਥੱਲੇ ਆਣ ਕੇ ਕੁਆਲਿਟੀ ਕੱਟ ਨਾ ਕਟਾਉਣ।
ਨਹਿਰਾਂ ਦੀ ਸਾਫ ਸਫਾਈ ਦਾ ਪ੍ਰਬੰਧ ਮੁਕੰਮਲ ਕੀਤਾ ਜਾਵੇ ਤੇ 1 ਜੂਨ ਤੋਂ ਹਰੇਕ ਟੇਲਾਂ ਤੇ ਪਾਣੀ ਦੀ ਪਹੁੰਚ ਯਕੀਨੀ ਬਣਾਈ ਜਾਵੇ ਤੇ ਜਿਹੜੇ ਆਰਜ਼ੀ ਮੋਗੀਆਂ ਦਾ ਐਗਰੀਮੈਂਟ ਕੀਤਾ ਜਾਂਦਾ ਹੈ ਉਹ ਵੀ 1 ਜੂਨ ਤੋਂ ਕੀਤਾ ਜਾਵੇ। ਇਸ ਮੌਕੇ ਮੀਟਿੰਗ ਵਿਚ ਸਾਹਿਬ ਸਿੰਘ ਦੀਨੇਕੇ, ਰਣਬੀਰ ਸਿੰਘ ਰਾਣਾ, ਧਰਮ ਸਿੰਘ ਸਿੱਧੂ, ਨਰਿੰਦਰਪਾਲ ਸਿੰਘ ਜਤਾਲਾ, ਬਲਜਿੰਦਰ ਸਿੰਘ ਤਲਵੰਡੀ ਨਿਪਾਲਾ, ਰਸ਼ਪਾਲ ਸਿੰਘ ਗੱਟਾ ਬਾਦਸ਼ਾਹ, ਸੁਰਿੰਦਰ ਸਿੰਘ ਘੁੱਦੂ ਵਾਲਾ, ਮੰਗਲ ਸਿੰਘ, ਗੁਰਦਿਆਲ ਸਿੰਘ ਟਿੱਬੀ ਕਲਾਂ, ਅੰਗਰੇਜ਼ ਸਿੰਘ, ਫੁੰਮਣ ਸਿੰਘ, ਅਮਨਦੀਪ ਸਿੰਘ, ਰਣਜੀਤ ਸਿੰਘ, ਕੈਪਟਨ ਨਛੱਤਰ ਸਿੰਘ ਆਦਿ ਆਗੂ ਹਾਜ਼ਰ ਸਨ।