ਐਸ.ਏ.ਐਸ. ਨਗਰ, ਜੂਨ 10, 2020: ਗਰਾਮ ਪੰਚਾਇਤ ਸਮਗੋਲੀ ਵਲੋਂ ਸ਼ਾਮਲਾਤ ਜ਼ਮੀਨ ਕੁੱਲ ਰਕਬਾ 106 ਵਿਘੇ 7 ਵਿਸਵੇ ਜਿਸ ਉਪਰ ਵੱਖ-ਵੱਖ ਵਿਅਕਤੀਆਂ ਦਾ ਨਜਾਇਜ ਕਬਜਾ ਸੀ ਸਬੰਧੀ ਬੇਦਖਲੀ ਪਟੀਸ਼ਨ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਐਸ.ਏ.ਐਸ.ਨਗਰ ਦੀ ਅਦਾਲਤ ਵਿੱਚ ਦਾਇਰ ਕੀਤੀ ਸੀ ।ਜਿਸ ਦੇ ਸਬੰਧ ਵਿੱਚ ਉਕਤ ਅਦਾਲਤ ਵਲੋਂ ਫੈਸਲਾ ਗਰਾਮ ਪੰਚਾਇਤ ਸਮਗੋਲੀ ਦੇ ਹੱਕ ਵਿੱਚ ਮਿਤੀ 09.12.2014 ਨੂੰ ਕਰ ਦਿੱਤਾ ਸੀ ।
ਇਹ ਜਾਣਕਾਰੀ ਦਿੰਦੇ ਹੋਏ ਏਡੀਸੀ ਆਸ਼ਿਕਾ ਜੈਨ ਨੇ ਦੱਸਿਆ ਕਿ ਇਸ ਉਪਰੰਤ ਮਾਨਯੋਗ ਉਕਤ ਅਦਾਲਤ ਵਲੋਂ ਮਿਤੀ 03.06.2015 ਨੂੰ ਉਕਤ ਜ਼ਮੀਨ ਦਾ ਕਬਜਾ ਲੈਣ ਲਈ ਵਾਰੰਟ ਕਬਜਾ ਜਾਰੀ ਕੀਤਾ ਸੀ ਜਿਸ ਦੇ ਸਬੰਧ ਵਿੱਚ ਅੱਜ ਮਿਤੀ 10.06.2020 ਨੂੰ ਮਾਲ ਮਹਿਕਮੇ ਦੀ ਹਾਜਰੀ ਵਿੱਚ ਸਮੇਤ ਪੁਲਿਸ ਫੋਰਸ ਨਜਾਇਜ ਕਬਜੇਦਾਰ ਪਾਸੋ ਉਕਤ ਜ਼ਮੀਨ ਵਿਚੋ 57 ਵਿਘੇ 16 ਵਿਸਵੇ ਵਾਹੀਯੋਗ ਜਮੀਨ ਦਾ ਕਬਜਾ ਗਰਾਮ ਪੰਚਾਇਤ ਸਮਗੋਲੀ ਨੂੰ ਮੌਕੇ ਤੇ ਦਵਾਇਆ ਗਿਆ ਅਤੇ ਬਾਕੀ ਜ਼ਮੀਨ ਗੈਰ ਮੁਮਕਿਨ ਹੈ ਜਿਸ ਵਿੱਚ ਵਾਟਰ ਵਰਕਸ ,ਸਕੂਲ ,ਸ਼ਮਸ਼ਾਨ ਘਾਟ ਅਤੇ ਥੇਹ ਹੈ ਜਿਸ ਦਾ ਕਬਜਾ ਗਰਾਮ ਪੰਚਾਇਤ ਸਮਗੋਲੀ ਪਾਸ ਹੀ ਹੈ । ਹੁਣ ਗਰਾਮ ਪੰਚਾਇਤ ਉਕਤ 57 ਵਿਘੇ 16 ਵਿਸਵੇ ਜ਼ਮੀਨ ਦੀ ਪਹਿਲੀ ਵਾਰ ਬੋਲੀ ਕਰਵਾਏਗੀ। ਕਬਜਾ ਕਾਰਵਾਈ ਕਰਨ ਸਮੇਂ ਸ੍ਰੀਮਤੀ ਜਸਵੀਰ ਕੌਰ ਨਾਇਬ ਤਹਿਸੀਲਦਾਰ ਬਤੌਰ ਡਿਊਟੀ ਮੈਜਿਸਟਰੇਟ ਹਾਜਰ ਸੀ । ਇਸ ਤੋਂ ਇਲਾਵਾ ਮੌਕੇ ਤੇ ਸ਼੍ਰੀ ਜਗਾਰ ਸਿੰਘ ਪੰਚਾਇਤ ਅਫਸਰ ,ਸ੍ਰੀਮਤੀ ਸੈਲੀ ਜੋਤੀ ਪੰਚਾਇਤ ਸਕੱਤਰ ਗਰਾਮ ਪੰਚਾਇਤ ਸਮਗੋਲੀ ਹਾਜਰ ਸਨ।