- ਪੰਜਾਬ ਸਰਕਾਰ ਵੱਲੋਂ ਇਸ ਟ੍ਰੇਨ ਲਈ ਕੀਤਾ ਗਿਆ 8 ਲੱਖ 40 ਹਜ਼ਾਰ ਦਾ ਖਰਚਾ : ਡਿਪਟੀ ਕਮਿਸ਼ਨਰ
ਫਿਰੋਜ਼ਪੁਰ 17 ਮਈ 2020 : ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਤੋਂ ਅੱਜ ਸ਼ਾਮ 7 ਵਜੇ 1200 ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਬਿਹਾਰ ਦੇ ਕਿਸ਼ਨਗੰਜ ਲਈ ਟ੍ਰੇਨ ਰਵਾਨਾ ਹੋਈ। ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਟ੍ਰੇਨ ਦਾ ਸਾਰਾ ਖ਼ਰਚ 8.40 ਲੱਖ ਰੁਪਏ ਪੰਜਾਬ ਸਰਕਾਰ ਵੱਲੋਂ ਚੁੱਕਿਆ ਗਿਆ ਹੈ ਅਤੇ ਫਿਰੋਜ਼ਪੁਰ ਕੈਟ ਰੇਲਵੇ ਸਟੇਸ਼ਨ ਤੋਂ ਇਹ ਟ੍ਰੇਨ ਰਵਾਨਾ ਹੋਈ ਹੈ। ਇਸ ਤੋਂ ਪਹਿਲਾਂ ਫਿਰੋਜ਼ਪੁਰ ਤੋਂ ਪੰਜ ਟ੍ਰੇਨਾਂ ਰਾਹੀਂ ਕਰੀਬ 6 ਹਜ਼ਾਰ ਪ੍ਰਵਾਸੀ ਮਜ਼ਦੂਰਾਂ ਨੂੰ ਉੱਤਰ ਪ੍ਰਦੇਸ਼ ਪਹੁੰਚਾਇਆ ਗਿਆ ਹੈ। ਇਨ੍ਹਾਂ ਟ੍ਰੇਨਾਂ ਦਾ ਸਾਰਾ ਖਰਚ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਖ਼ਰਚ ਕੀਤਾ ਗਿਆ ਹੈ । ਹੁਣ ਬਿਹਾਰ ਲਈ ਇਹ ਪਹਿਲੀ ਟਰੇਨ ਰਵਾਨਾ ਕੀਤੀ ਗਈ ਹੈ।
ਪੰਜਾਬ ਸਰਕਾਰ ਦੇ ਕੀਤੇ ਗਏ ਉਪਰਾਲਿਆਂ ਪ੍ਰਤਿ ਆਪਣਾ ਸਮਮਾਨ ਵਿਖਾਉਣ ਲਈ ਟ੍ਰੇਨ ਦੀ ਰਵਾਨਗੀ ਵੇਲੇ ਅੰਦਰ ਬੈਠੇ ਸਾਰੇ ਪਰਵਾਸੀ ਮਜ਼ਦੂਰਾਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਮਜ਼ਦੂਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਹੀ ਉਹ ਇਸ ਔਖੀ ਘੜੀ ਵਿਚ ਆਪਣੇ ਘਰ ਪਰਤ ਰਹੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਟ੍ਰੇਨ ਬਿਹਾਰ ਦੇ ਕਿਸ਼ਨਗੰਜ ਲਈ ਰਵਾਨਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਾਰੇ ਪਰਵਾਸੀ ਮਜ਼ਦੂਰਾਂ ਨੂੰ ਵਾਪਸ ਆਪਣੇ ਘਰ ਪਰਤਣ ਲਈ ਪੰਜਾਬ ਸਰਕਾਰ ਦੇ ਪੋਰਟਲ ਉੱਤੇ ਰਜਿਸਟਰੇਸ਼ਨ ਕਰਵਾਇਆ ਸੀ ਅਤੇ ਇਨ੍ਹਾਂ ਨੂੰ ਯਾਤਰਾ ਲਈ ਐਸਐਮਐਸ ਦੇ ਜ਼ਰੀਏ ਯਾਤਰਾ ਬਾਰੇ ਸੂਚਨਾ ਭੇਜੀ ਗਈ ਸੀ। ਉਨ੍ਹਾਂ ਕਿਹਾ ਕਿ ਮੈਡੀਕਲ ਟੀਮਾਂ ਵੱਲੋਂ ਸਿਹਤ ਜਾਂਚ ਕਰਨ ਦੇ ਬਾਅਦ ਮਜ਼ਦੂਰਾਂ ਨੂੰ ਫਿਰੋਜਪੁਰ ਕੈਂਟ ਰੇਲਵੇ ਸਟੇਸ਼ਨ ਲੈ ਜਾਇਆ ਗਿਆ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੈਡੀਕਲ ਸਕਰੀਨਿੰਗ ਤੋਂ ਲੈ ਕੇ ਮੁਸਾਫ਼ਰਾਂ ਨੂੰ ਟ੍ਰੇਨ ਤੱਕ ਪਹੁੰਚਾਉਣ ਲਈ ਖ਼ਾਸ ਇੰਤਜ਼ਾਮ ਕੀਤੇ ਗਏ ਸਨ, ਖ਼ਾਸਕਰ ਸੋਸ਼ਲ ਡਿਸਟੇਂਸਿੰਗ ਨੂੰ ਲੈ ਕੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੈਂਟ ਰੇਲਵੇ ਸਟੇਸ਼ਨ ਉੱਤੇ ਵੀ ਪਰਵਾਸੀ ਮਜ਼ਦੂਰਾਂ ਲਈ ਵਿਵਸਥਾ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਉਪਲਬਧ ਕਰਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ । ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਕੁਲਵੰਤ ਸਿੰਘ, ਐਸਡੀਐਮ ਸ਼੍ਰੀ ਅਮਿਤ ਗੁਪਤਾ, ਰੈਡਕਰਾਸ ਸੋਸਾਇਟੀ ਦੇ ਸੈਕਰੇਟਰੀ ਸ਼੍ਰੀ ਅਸ਼ੋਕ ਬਹਿਲ ਸਮੇਤ ਕਈ ਅਫਸਰ ਅਤੇ ਮੁਲਾਜਿਮ ਮੌਜੂਦ ਸੀ।