- ਡੀ.ਜੀ.ਪੀ. ਨੂੰ ਮੁੱਖ ਮੰਤਰੀ ਅਤੇ ਹੋਰ ਵੀ.ਵੀ.ਆਈ.ਪੀ. ਸੁਰੱਖਿਆ 'ਚ ਤਾਇਨਾਤ ਫੋਰਸ ਨੂੰ ਫੀਲਡ ਵਿੱਚ ਤਾਇਨਾਤ ਦੀ ਆਗਿਆ ਦਿੱਤੀ,
- ਮੁੱਖ ਮੰਤਰੀ ਨੇ ਨਿਤੀਸ਼ ਕੁਮਾਰ ਨੂੰ ਫੋਨ ਕਰ ਕੇ ਪੰਜਾਬ ਵਿੱਚ ਬਿਹਾਰ ਦੇ ਪਰਵਾਸੀ ਮਜ਼ਦੂਰਾਂ ਲਈ ਪੂਰੇ ਪ੍ਰਬੰਧ ਕਰਨ ਦਾ ਵਿਸ਼ਵਾਸ ਦਿਵਾਇਆ
ਚੰਡੀਗੜ੍ਹ, 31 ਮਾਰਚ 2020 - ਸੂਬੇ ਵਿੱਚ ਲੱਗੇ ਕਰਫਿਊ/ਲੌਕਡਾਊਨ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸੇਵਾ ਮੁਕਤ ਹੋਣ ਜਾ ਰਹੇ ਪੰਜਾਬ ਪੁਲਿਸ ਅਤੇ ਹੋਮ ਗਾਰਡਜ਼ ਦੇ ਕਰਮੀਆਂ ਦੇ ਸੇਵਾ ਕਾਲ ਵਿੱਚ ਦੋ ਮਹੀਨੇ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਜ਼ਮੀਨੀ ਪੱਧਰ 'ਤੇ ਲੋਕਾਂ ਦੀ ਮੱਦਦ ਲਈ ਲੱਗੇ ਪ੍ਰਬੰਧਨ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
ਇਸ ਤੋਂ ਇਲਾਵਾ ਫੀਲਡ ਵਿੱਚ ਕਰਫਿਊ ਦੀਆਂ ਬੰਦਸ਼ਾਂ ਕਾਰਨ ਜੰਗੀ ਪੱਧਰ 'ਤੇ ਕੰਮ ਕਰਨ ਵਿੱਚ ਜੁਟੇ 44, 546 ਪੁਲਿਸ ਫੋਰਸ 'ਤੇ ਦਬਾਅ ਘਟਾਉਂਦਿਆਂ 1300 ਦੇ ਕਰੀਬ ਪੁਲਿਸ ਕਰਮੀਆਂ ਨੂੰ ਵੀ.ਵੀ.ਆਈ.ਪੀਜ਼ ਡਿਊਟੀ ਤੋਂ ਵਾਪਸ ਬੁਲਾ ਲਿਆ ਗਿਆ ਜਿਨ੍ਹਾਂ ਵਿੱਚ ਮੁੱਖ ਮੰਤਰੀ ਸੁਰੱਖਿਆ ਵਿੱਚ ਤਾਇਨਾਤ ਅਮਲੇ ਦੀ ਵੀ ਚੋਖੀ ਗਿਣਤੀ ਸ਼ਾਮਲ ਹੈ। ਇਹ ਵਾਪਸ ਬੁਲਾਏ ਕਰਮੀ ਕੋਵਿਡ-19 ਕਾਰਨ ਲੱਗੇ ਲੌਕਡਾਊਨ ਨੂੰ ਲਾਗੂ ਕਰਵਾਉਣ ਲਈ ਫੀਲਡ ਵਿੱਚ ਤਾਇਨਾਤ ਕੀਤੇ ਜਾਣਗੇ।
ਕੈਪਟਨ ਅਮਰਿੰਦਰ ਸਿੰਘ ਨੇ ਇਸ ਤੋਂ ਪਹਿਲਾਂ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਉਨ੍ਹਾਂ (ਮੁੱਖ ਮੰਤਰੀ) ਸਮੇਤ ਸਾਰੇ ਵੀ.ਵੀ.ਆਈ.ਪੀਜ਼ ਦੀ ਸੁਰੱਖਿਆ ਵਿੱਚ ਤਾਇਨਾਤ ਪੁਲਿਸ ਫੋਰਸ ਵਿੱਚੋਂ ਵੀ ਲੋੜ ਅਨੁਸਾਰ ਬੁਲਾਉਣ ਲਈ ਅਧਿਕਾਰਤ ਕੀਤਾ ਸੀ ਤਾਂ ਜੋ ਸੰਕਟ ਦੀ ਘੜੀ ਵਿੱਚ ਉਨ੍ਹਾਂ ਨੂੰ ਫੀਲਡ ਵਿੱਚ ਤਾਇਨਾਤ ਜਾ ਸਕੇ। ਪਿਛਲੇ ਕਈ ਦਿਨਾਂ ਤੋਂ ਬਿਨਾਂ ਆਰਾਮ ਅਤੇ ਰਾਹਤ ਤੋਂ ਡਿਊਟੀ ਨਿਭਾ ਰਹੇ ਹਜ਼ਾਰਾਂ ਪੁਲਿਸ ਕਰਮੀਆਂ ਦੀ ਭਲਾਈ ਅਤੇ ਮਨੋਬਲ ਦੀ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਆਦੇਸ਼ ਦਿੱਤੇ ਕਿ ਸੁਰੱਖਿਆ ਡਿਊਟੀ ਤੋਂ ਹਟਾ ਕੇ ਵੱਧ ਤੋਂ ਵੱਧ ਪੁਲਿਸ ਫੋਰਸ ਜੁਟਾਈ ਜਾਵੇ।
ਡੀ.ਜੀ.ਪੀ. ਨੇ ਅੱਗੇ ਦੱਸਿਆ ਕਿ ਹੋਰ ਵਾਪਸ ਬੁਲਾਉਣ ਦਾ ਫੈਸਲਾ ਸੰਕਟ ਦੇ ਡਰ ਨੂੰ ਦੇਖਦਿਆਂ ਸਾਰੀ ਸਥਿਤੀ ਦਾ ਮੁਲਾਂਕਣ ਕਰਨ ਤੋਂ ਬਾਅਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲਾ ਫੋਰਸ ਅਤੇ ਆਰਮਡ ਬਟਾਲੀਅਨਾਂ ਵਿੱਚੋਂ ਸੁਰੱਖਿਆ ਕਰਮੀਆਂ ਨੂੰ ਵਾਪਸ ਬੁਲਾ ਕੇ ਸੇਵਾਵਾਂ ਨਿਭਾਉਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫੋਰਸ ਦੀ ਵਿਆਪਕ ਲਾਮਬੰਦੀ ਦੀ ਯੋਜਨਾ ਉਲੀਕੀ ਗਈ ਹੈ ਅਤੇ ਪੜਾਅਵਾਰ ਇਹ ਕੰਮ ਕੀਤਾ ਜਾਵੇਗਾ। ਡੀ.ਜੀ.ਪੀ. ਨੇ ਕਿਹਾ ਕਿ ਜਿੱਥੋਂ ਤੱਕ ਸੰਭਵ ਹੋਵੇ ਪੁਲਿਸ ਕਰਮਚਾਰੀਆਂ ਨੂੰ ਉਨ੍ਹਾਂ ਦੇ ਘਰੇਲੂ ਜ਼ਿਲ੍ਹਿਆਂ ਵਿੱਚ ਤਾਇਨਾਤ ਕਰਨ ਦਾ ਖਿਆਲ ਰੱਖਿਆ ਜਾ ਰਿਹਾ ਹੈ।
ਮੁੱਖ ਮੰਤਰੀ ਜੋ ਕੋਵਿਡ-19 ਅਤੇ ਕਰਫਿਊ ਦੇ ਚੱਲਦਿਆਂ ਪੈਦਾ ਹੋਈ ਸਥਿਤੀ ਦੀ ਰੋਜ਼ਾਨਾ ਨਿੱਜੀ ਤੌਰ 'ਤੇ ਨਿਗਰਾਨੀ ਅਤੇ ਸਮੀਖਿਆ ਕਰ ਰਹੇ ਹਨ, ਨੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੂੰ ਕਿਹਾ ਕਿ ਅਚਾਨਕ ਲੌਕਡਾਊਨ ਕਾਰਨ ਪੰਜਾਬ ਵਿੱਚ ਫਸੇ ਪਰਵਾਸੀ ਮਜ਼ਦੂਰਾਂ ਅਤੇ ਬੇਘਰਿਆਂ ਦੀ ਰੱਖਿਆ ਅਤੇ ਰਾਹਤ ਲਈ ਸਾਰੇ ਕਦਮ ਚੁੱਕੇ ਜਾਣੇ। ਇਸੇ ਸਬੰਧ ਵਿੱਚ ਉਨ੍ਹਾਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਗੱਲ ਕਰਕੇ ਇਸ ਗੱਲ ਤੋਂ ਜਾਣੂੰ ਕਰਵਾਇਆ ਕਿ ਬਿਹਾਰ ਦੇ ਪਰਵਾਸੀ ਮਜ਼ਦੂਰਾਂ ਲਈ ਸਾਰੇ ਕਦਮ ਚੁੱਕੇ ਜਾ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਬਿਹਾਰ ਦੇ ਆਪਣੇ ਹਮਰੁਤਬਾ ਨੂੰ ਆਖਿਆ ਕਿ ਉਹ ਬਿਹਾਰ ਵਿੱਚ ਇਥੋਂ ਦੇ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਇਹ ਵਿਸ਼ਵਾਸ ਦਿਵਾ ਦੇਣ ਕਿ ਇਨ੍ਹਾਂ ਪਰਖ ਦੀਆਂ ਘੜੀਆਂ ਵਿੱਚ ਪੰਜਾਬ ਤੇ ਪੰਜਾਬੀਆਂ ਵੱਲੋਂ ਉਨ੍ਹਾਂ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ।
ਫਰੰਟਲਾਈਨ 'ਤੇ ਡਟੇ ਵਰਕਰਾਂ ਦਾ ਮਨੋਬਲ ਵਧਾਉਣ ਲਈ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵੀ ਦਿਨ ਵੇਲੇ ਡਾਕਟਰਾਂ, ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਨਿੱਜੀ ਤੌਰ 'ਤੇ ਫੋਨ ਉਤੇ ਗੱਲਬਾਤ ਕੀਤੀ। ਉਨ੍ਹਾਂ ਗੱਲਬਾਤ ਦੌਰਾਨ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਇਸ ਅਣਕਿਆਸੇ ਸੰਕਟ ਖਿਲਾਫ ਲੜਾਈ ਵਿੱਚ ਉਨ੍ਹਾਂ ਨੂੰ ਪੂਰਾ ਸਹਿਯੋਗ ਦੇ ਰਹੀ ਹੈ।
ਇਸੇ ਦੌਰਾਨ ਵਿੱਚ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਉਪਜੀ ਸਥਿਤੀ ਦੇ ਮੱਦੇਨਜ਼ਰ ਯਕਮੁਸ਼ਤ ਕਦਮ ਦੇ ਤੌਰ 'ਤੇ ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ ਦੇ ਨੋਟੀਫਿਕੇਸ਼ਨ ਮੁਤਾਬਕ ਪੰਜਾਬ ਸਰਕਾਰ ਵਿੱਚ ਕੰਮ ਕਰਦੇ ਵਰਦੀਧਾਰੀ ਪੁਲੀਸ ਮੁਲਾਜ਼ਮ ਅਤੇ ਪੰਜਾਬ ਹੋਮ ਗਾਰਡਜ਼ ਆਪਣੀ ਸੇਵਾ-ਮੁਕਤੀ ਦੀ ਤਰੀਕ ਦੀ ਬਜਾਏ 31 ਮਈ 2020 ਤੱਕ ਕੰਮ ਕਰਦੇ ਹਨ। ਨੋਟੀਫਿਕੇਸ਼ਨ ਅਨੁਸਾਰ ਇਹ ਹੁਕਮ ਉਨ੍ਹਾਂ ਅਫਸਰਾਂ/ਕਰਮਚਾਰੀਆਂ 'ਤੇ ਵੀ ਲਾਗੂ ਹੋਣਗੇ ਜਿਨ੍ਹਾਂ ਦੀ ਸੇਵਾ-ਮੁਕਤੀ ਦੇ ਹੁਕਮ ਜਾਰੀ ਹੋ ਗਏ ਸਨ। ਇਸ ਨੋਟੀਫਿਕੇਸ਼ਨ ਮੁਤਾਬਕ ਵਾਧੇ ਦੇ ਸਮੇਂ ਦੌਰਾਨ ਇਹ ਮੁਲਾਜ਼ਮਾਂ ਕਿਸੇ ਵੀ ਤਰੱਕੀ ਜਾਂ ਵਾਧੂ ਭੱਤਿਆਂ ਲਈ ਯੋਗ ਨਹੀਂ ਹੋਣਗੇ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੋਵਿਡ-19 ਕਾਰਨ ਪੈਦਾ ਹੋਈ ਹੰਗਾਮੀ ਸਥਿਤੀ ਅਤੇ ਉਸ ਤੋਂ ਬਾਅਦ ਲੌਕਡਾਊਨ ਕਾਰਨ ਇਨ੍ਹਾਂ ਮੁਲਾਜ਼ਮਾਂ ਦੀਆਂ ਸੇਵਾਵਾਂ ਜਾਰੀ ਰੱਖਣ ਦਾ ਕਦਮ ਚੁੱਕਣਾ ਜ਼ਰੂਰੀ ਬਣ ਗਿਆ ਸੀ। ਸੂਬਾ ਸਰਕਾਰ ਨੇ ਇਸ ਤੋਂ ਪਹਿਲਾਂ ਸੇਵਾ-ਮੁਕਤ ਹੋ ਰਹੇ ਡਾਕਟਰਾਂ ਤੇ ਸਿਹਤ ਅਮਲੇ ਦੇ ਨਾਲ-ਨਾਲ ਸੈਨੀਟੇਸ਼ਨ ਵਰਕਰਾਂ ਦੇ ਸੇਵਾਕਾਲ ਵਿੱਚ ਵੀ ਵਾਧਾ ਕੀਤਾ ਸੀ।
ਇਸੇ ਦੌਰਾਨ ਡੀ.ਜੀ.ਪੀ. ਦਿਨਕਰ ਗੁਪਤਾ ਮੁਤਾਬਕ ਕਰਫਿਊ/ਘਰ 'ਚ ਏਕਾਂਤਵਾਸ ਦੀ ਉਲੰਘਣਾ ਕਰਨ 'ਤੇ ਅੱਜ 107 ਐਫ.ਆਈ.ਆਰਜ਼ ਦਰਜ ਕੀਤੀਆਂ ਗਈਆਂ ਹਨ ਅਤੇ 132 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਡਿਊਟੀ ਨਿਭਾਅ ਰਹੇ ਪੁਲੀਸ ਮੁਲਾਜ਼ਮਾਂ ਨੂੰ ਸੰਵੇਦਨਸ਼ੀਲ ਢੰਗ ਨਾਲ ਬੰਦਸ਼ਾਂ ਦੀ ਪਾਲਣਾ ਕਰਵਾਉਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ।
ਡੀ.ਜੀ.ਪੀ. ਨੇ ਦੱਸਿਆ ਕਿ ਜ਼ਿਲ੍ਹਾ ਭਰ ਵਿੱਚ ਪੁਲੀਸ ਟੀਮਾਂ ਰਾਹਤ ਕਾਰਜਾਂ ਵਿੱਚ ਵੀ ਨਿਰੰਤਰ ਜੁਟੀਆਂ ਹੋਈਆਂ ਹਨ ਅਤੇ ਲੋੜਵੰਦਾਂ ਅਤੇ ਗਰੀਬਾਂ ਤੱਕ ਰਾਸ਼ਨ ਤੇ ਹੋਰ ਜ਼ਰੂਰੀ ਵਸਤਾਂ ਪਹੁੰਚਾ ਰਹੀਆਂ ਹਨ। ਹੁਣ ਤੱਕ 1.42 ਕਰੋੜ ਤਿਆਰ ਤੇ ਸੁੱਕਾ ਭੋਜਨ ਪਰਵਾਸੀ ਮਜ਼ਦੂਰਾਂ, ਉਸਾਰੀ ਕਿਰਤੀਆਂ, ਦਿਹਾੜੀਦਾਰਾਂ ਅਤੇ ਇਸ ਔਖੀ ਘੜੀ ਵਿੱਚ ਵਸੀਲਿਆਂ ਤੋਂ ਮੁਥਾਜ ਹੋਰ ਲੋਕਾਂ ਨੂੰ ਵੰਡਿਆ ਜਾ ਚੁੱਕਾ ਹੈ।
ਇਹਤਿਆਦ ਕਦਮ ਵਜੋਂ ਮਨੋਬਲ ਉੱਚਾ ਕਰਨ ਲਈ ਪਟਿਆਲਾ ਪੁਲੀਸ ਦੇ ਡਾਕਟਰ ਸਜੀਲਾ ਖਾਨ ਅਤੇ ਉਨ੍ਹਾਂ ਦੇ ਸਟਾਫ ਮੈਂਬਰਾਂ ਨੇ ਪੁਲੀਸ ਨਾਕਿਆਂ ਦਾ ਦੌਰਾ ਕੀਤਾ ਅਤੇ ਥਰਮਲ ਸਕੈਨਰਾਂ ਦੀ ਮਦਦ ਨਾਲ ਡਿਊਟੀ 'ਤੇ ਤਾਇਨਾਤ ਮੁਲਾਜ਼ਮਾਂ ਦੀ ਜਾਂਚ ਕੀਤੀ। ਡੀ.ਜੀ.ਪੀ. ਨੇ ਕਿਹਾ ਕਿ ਕੋਵਿਡ-19 ਵਿਰੁੱਧ ਲੜਾਈ ਵਿੱਚ ਮੂਹਰਲੀ ਕਤਾਰ 'ਚ ਹੋ ਕੇ ਲੜ ਰਹੇ ਪੁਲੀਸ ਮੁਲਾਜ਼ਮਾਂ ਨੂੰ ਡਿਊਟੀ, ਸਫਰ ਅਤੇ ਆਪਣੇ ਘਰ ਵਿੱਚ ਵੀ ਚੁੱਕੇ ਜਾਣ ਵਾਲੇ ਲੋੜੀਂਦੇ ਇਹਤਿਆਦੀ ਕਦਮਾਂ ਬਾਰੇ ਨਿਰੰਤਰ ਜਾਗਰੂਕ ਕੀਤੀ ਜਾ ਰਿਹਾ ਹੈ।
ਇਸ ਦੌਰਾਨ ਬਹੁਤ ਸਾਰੀਆਂ ਹੋਰ ਸੰਸਥਾਵਾਂ ਨੇ ਮੌਜੂਦਾ ਸੰਕਟ ਵਿੱਚ ਸੂਬਾ ਸਰਕਾਰ ਦੀ ਮਦਦ ਲਈ ਹੱਥ ਵਧਾਇਆ ਹੈ। ਰਾਧਾ ਸੁਆਮੀ ਸਤਿਸੰਗ ਬਿਆਸ ਅਤੇ ਸੰਤ ਨਿਰੰਕਾਰੀ ਮਿਸ਼ਨ ਤੋਂ ਬਾਅਦ ਹੁਣ ਨਾਮਧਾਰੀ ਸੰਪਰਦਾ ਦੇ ਮੁਖੀ ਸਤਿਗੁਰੂ ਸ੍ਰੀ ਉਦੈ ਸਿੰਘ ਨੇ ਵੀ ਸੂਬਾ ਸਰਕਾਰ ਨੂੰ ਕੋਵਿਡ-19 ਵਿਰੁੱਧ ਲੜਾਈ ਵਿੱਚ ਪੂਰਨ ਸਹਿਯੋਗ ਤੇ ਮਦਦ ਦੀ ਪੇਸ਼ਕਸ਼ ਕੀਤੀ ਹੈ। ਮੁੱਖ ਮੰਤਰੀ ਨੇ ਲੁਧਿਆਣਾ ਦੇ ਸਿਵਲ ਤੇ ਪੁਲੀਸ ਪ੍ਰਸ਼ਾਸਨ ਨੂੰ ਦਿੱਤੇ ਜਾ ਰਹੇ ਸਹਿਯੋਗ ਲਈ ਸਤਿਗੁਰੂ ਉਦੈ ਸਿੰਘ ਦਾ ਧੰਨਵਾਦ ਕੀਤਾ ਅਤੇ ਸ੍ਰੀ ਭੈਣੀ ਸਾਹਿਬ ਵਿਖੇ ਪਿੰਡਾਂ ਵਿੱਚ ਗਰੀਬਾਂ ਤੇ ਲੋੜਵੰਦ ਲੋਕਾਂ ਨੂੰ ਰੋਜ਼ਾਨਾ ਲੰਗਰ ਤਿਆਰ ਕਰਕੇ ਵੰਡਣ ਦੇ ਨਾਲ-ਨਾਲ ਸੈਨੀਟਾਈਜ਼ ਮੁਹੱਈਆ ਕਰਵਾਉਣ ਤੋਂ ਇਲਾਵਾ ਜਨਤਕ ਥਾਵਾਂ ਦੀ ਸਫਾਈ ਲਈ ਛਿੜਕਾਅ ਕੀਤਾ ਜਾ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਨਾਮਧਾਰੀ ਸ਼ਹੀਦ ਸਮਾਰਕ, ਮਲੇਰਕੋਟਲਾ ਵੱਲੋਂ ਸੰਗਰੂਰ ਜ਼ਿਲ੍ਹੇ ਦੇ ਪੇਂਡੂ ਤੇ ਝੁੱਗੀ-ਝੌਂਪੜੀਆਂ ਵਿੱਚ ਸੈਂਕੜੇ ਲੋਕਾਂ ਨੂੰ ਸੁੱਕੇ ਰਾਸ਼ਨ ਦੇ ਪੈਕੇਟ ਵੀ ਵੰਡੇ ਜਾ ਰਹੇ ਹਨ।