ਹਰਿੰਦਰ ਨਿੱਕਾ
ਬਰਨਾਲਾ, 14 ਮਈ 2020 - ਜ਼ਿਲ੍ਹਾ ਬਰਨਾਲਾ ਵਿੱਚ ਭਲਕੇ (15 ਮਈ) ਤੋਂ 3 ਹੋਰ ਸੇਵਾ ਕੇਂਦਰ (ਕੁੱਲ 8) ਖੋਲ੍ਹੇ ਜਾਣਗੇ। ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਭਲਕੇ ਤੋਂ ਬੈਕਸਾਈਡ ਪ੍ਰੇ੍ਰਮ ਪ੍ਰਧਾਨ ਮਾਰਕੀਟ ਬਰਨਾਲਾ (ਨੇੜੇ ਬੱਸ ਸਟੈਂਡ ਬਰਨਾਲਾ) ਸੇਵਾ ਕੇਂਦਰ, ਵੈਟਰਨਰੀ ਹਸਪਤਾਲ ਹੰਡਿਆਇਆ ਸੇਵਾ ਕੇਂਦਰ ਤੇ ਜੀਜੀਜੀਐਸ ਸੰਘੇੜਾ ਸੇਵਾ ਕੇਂਦਰ ਸੇਵਾਵਾਂ ਦੇਣਗੇ। ਸੇਵਾ ਕੇਂਦਰ ਖੋਲ੍ਹਣ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੈ, ਜਿਸ ਵਿਚ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਬਿਨਾਂ ਅਪੁਆਇੰਟਮੈਂਟ ਅਤੇ ਦੁਪਹਿਰ 1 ਵਜੇ ਤੋਂ ਸ਼ਾਮ 5 ਵਜੇ ਤੱਕ ਕੋਵਾ ਐਪ ਜਾਂ dgrpg.punjab.gov.in ਤੋਂ ਲਈ ਗਈ ਅਪੁਆਇੰਟਮੈਂਟ ਦੁਆਰਾ ਹੀ ਸੇਵਾ ਕੇਂਦਰ ਵਿਚ ਨਾਗਰਿਕ ਪਹੁੰਚ ਕਰ ਸਕਣਗੇ।
ਉਨ੍ਹਾਂ ਦੱਸਿਆ ਕਿ ਬਰਨਾਲਾ ਵਿੱਚ 5 ਸੇਵਾ ਕੇਂਦਰ ਪਹਿਲਾਂ ਹੀ ਖੋਲ੍ਹੇ ਜਾ ਚੁੱਕੇ ਹਨ, ਜਿਨ੍ਹਾਂ ਵਿਚ ਸੇਵਾ ਕੇਂਦਰ ਡੀਸੀ ਦਫਤਰ ਬਰਨਾਲਾ, ਸੇਵਾ ਕੇਂਦਰ ਐਸਡੀਐਮ ਦਫਤਰ ਤਪਾ, ਸੇਵਾ ਕੇਂਦਰ ਸਬ ਤਹਿਸੀਲ ਭਦੌੜ, ਸੇਵਾ ਕੇਂਦਰ ਧਨੌਲਾ ਤੇ ਸੇਵਾ ਕੇਂਦਰ ਮਹਿਲ ਕਲਾਂ ਸ਼ਾਮਲ ਹਨ। ਇਨ੍ਹਾਂ ਸੇਵਾ ਕੇਂਦਰ ਵਿਚ ਪਹਿਲੇ ਪੜਾਅ ਅਧੀਨ ਪੰਜਾਬ ਸਰਕਾਰ ਵੱਲੋਂ ਨਿਰਧਾਰਿਤ 153 ਸੇਵਾਵਾਂ ਹੀ ਦਿੱੱਤੀਆਂ ਜਾ ਰਹੀਆਂ ਹਨ। ਉਨ੍ਹਾਂ ਆਖਿਆ ਕਿ ਸੇਵਾ ਕੇਂਦਰਾਂ ਦੇ ਅਮਲੇ ਨੂੰ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਕੋਵਿਡ 19 ਤੋਂ ਰੋਕਥਾਮ ਬਾਰੇ ਦਿਸ਼ਾ ਨਿਰਦੇਸ਼ਾਂ ਨੂੰ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਗਈ ਹੈ।