21 ਜੂਨ ਤੋਂ ਟੀਕਾਕਰਨ ਮੁਹਿੰਮ ਦਾ ਦਾਇਰਾ ਹੋਰ ਵਧਾਇਆ ਜਾ ਰਿਹੈ - ਡਿਪਟੀ ਕਮਿਸ਼ਨਰ ਮੋਗਾ
ਗੁਰਪ੍ਰੀਤ ਸਿੰਘ ਮੰਡਿਆਣੀ
- ਸਕੂਲਾਂ ਦੇ ਅਧਿਆਪਕਾਂ, ਨਾਨ-ਟੀਚਿੰਗ ਸਟਾਫ਼, ਕਿਸਾਨਾਂ, ਮਜ਼ਦੂਰਾਂ, ਵਕੀਲਾਂ, ਦੁਕਾਨਦਾਰਾਂ, ਸਨਅਤੀ ਕਾਮਿਆਂ, ਵਿਦਿਆਰਥੀਆਂ ਅਤੇ ਸਾਰੇ ਵਰਗਾਂ ਨੂੰ ਟੀਕਾਕਰਨ ਮੁਹਿੰਮ ਦਾ ਲਾਭ ਲੈਣ ਦੀ ਅਪੀਲ
ਮੋਗਾ, 19 ਜੂਨ ,2021 - ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਕਿਹਾ ਹੈ ਕਿ ਜ਼ਿਲ੍ਹਾ ਮੋਗਾ ਦੇ ਲੋਕਾਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਟੀਕਾਕਰਨ ਦੀ ਮੁਹਿੰਮ ਨੂੰ 21 ਜੂਨ ਤੋਂ ਹੋਰ ਤੇਜ਼ ਕੀਤਾ ਜਾ ਰਿਹਾ ਹੈ। ਹੁਣ ਸਕੂਲਾਂ ਕਾਲਜਾਂ ਦੇ ਅਧਿਆਪਕ, ਨਾਨ-ਟੀਚਿੰਗ ਸਟਾਫ਼, ਕਿਸਾਨ, ਮਜ਼ਦੂਰ, ਵਕੀਲ, ਦੁਕਾਨਦਾਰ, ਸਨਅਤੀ ਕਾਮਿਆਂ, ਵਿਦਿਆਰਥੀਆਂ ਅਤੇ ਹਰ ਵਰਗ ਦਾ ਤਰਜੀਹੀ ਤੌਰ ਉੱਤੇ ਤੇਜ਼ੀ ਨਾਲ ਟੀਕਾਕਰਨ ਕੀਤਾ ਜਾਵੇਗਾ। ਜਿਸ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਉਹਨਾਂ ਦੱਸਿਆ ਕਿ ਸਿਹਤ ਵਿਭਾਗ ਨੂੰ 21 ਜੂਨ ਤੋਂ ਉਕਤ ਸਾਰੀਆਂ ਧਿਰਾਂ ਦਾ ਟੀਕਾਕਰਨ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਜ਼ਿਲ੍ਹਾ ਮੋਗਾ ਵਿਚਲੀਆਂ ਸੰਸਥਾਵਾਂ, ਜਨਤਕ ਥਾਵਾਂ ਅਤੇ ਅਦਾਰਿਆਂ ਨੂੰ ਸੁਰੱਖਿਅਤ ਢੰਗ ਨਾਲ ਜਲਦ ਤੋਂ ਜਲਦ ਖੋਲਿਆ ਜਾ ਸਕੇ। ਇਹ ਟੀਕਾਕਰਨ ਬਿਲਕੁਲ ਮੁਫ਼ਤ ਕੀਤਾ ਜਾਵੇਗਾ। ਇਸ ਸਬੰਧੀ ਰੋਜ਼ਾਨਾ ਵਾਰਡ ਵਾਰ ਕੈਂਪ ਆਦਿ ਲਗਾ ਕੇ ਜਾਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਟੀਕਾਕਰਨ ਮੁਹਿੰਮ ਚਲਾਈ ਜਾਵੇਗੀ। ਜਿਸ ਸਬੰਧੀ ਰੋਜ਼ਾਨਾ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ਉਪਰ ਜਾਣਕਾਰੀ ਸਾਂਝੀ ਕੀਤੀ ਜਾਇਆ ਕਰੇਗੀ। ਉਹਨਾਂ ਕਿਹਾ ਕਿ ਹੁਣ ਤੋਂ ਰੋਜ਼ਾਨਾ ਸ਼ਹਿਰ ਮੋਗਾ ਦੇ ਹਰੇਕ ਦੋ ਵਾਰਡਾਂ ਵਿੱਚ ਅਤੇ ਛੇ ਜਗ੍ਹਾ ਵਿਸ਼ੇਸ਼ ਕੈਂਪ ਲਗਾਏ ਜਾਇਆ ਕਰਨਗੇ।
ਉਹਨਾਂ ਨੇ ਵਿਭਾਗ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਸਾਰੇ ਸਹਿ-ਰੋਗਾਂ ਵਾਲੇ ਅਤੇ ਦਿਵਿਆਂਗ ਵਿਅਕਤੀਆਂ ਅਤੇ ਸਰਕਾਰੀ ਕਰਮਚਾਰੀਆਂ ਦਾ ਪਹਿਲ ਦੇ ਆਧਾਰ ’ਤੇ ਟੀਕਾਕਰਨ ਕੀਤਾ ਜਾਵੇ। ਉਨਾਂ ਕਿਹਾ ਕਿ ਪ੍ਰਾਹੁਣਚਾਰੀ ਉਦਯੋਗ, ਪਾਰਲਰ ਅਤੇ ਦੁਕਾਨਾਂ, ਰੈਸਟੋਰੈਂਟ, ਜਿੰਮ ਸਮੇਤ ਸਰਵਿਸ ਆਉਟਲੈਟਾਂ ਆਦਿ ਦੇ ਸਟਾਫ਼ ਨੂੰ ਵੀ ਜਲਦੀ ਟੀਕਾ ਲਗਾਇਆ ਜਾਵੇ।
ਉਹਨਾਂ ਨੇ ਕਿਹਾ ਕਿ ਨਿਆਂਇਕ ਅਧਿਕਾਰੀਆਂ ਅਤੇ ਵਕੀਲਾਂ ਨੂੰ ਵੀ ਟੀਕਾਕਰਨ ਲਈ ਪਹਿਲ ਦਿੱਤੀ ਜਾਵੇ ਤਾਂ ਜੋ ਆਮ ਅਦਾਲਤੀ ਕੰਮਕਾਜ ਸੁਰੱਖਿਅਤ ਢੰਗ ਨਾਲ ਮੁੜ ਤੋਂ ਸੁਰੂ ਹੋ ਸਕੇ। ਉਹਨਾਂ ਨੇ ਆਦੇਸ਼ ਦਿੱਤੇ ਕਿ ਜਿਨਾਂ ਸ਼ਹਿਰਾਂ/ਕਸਬਿਆਂ/ਦਿਹਾਤੀ ਖੇਤਰਾਂ ਵਿੱਚ ਪਾਜ਼ੇਟਿਵਟੀ/ਮੌਤ ਦਰ ਜ਼ਿਆਦਾ ਪਾਈ ਗਈ ਹੈ ਉੱਥੇ ਵਾਰਡ-ਵਾਰ ਅਤੇ ਪਿੰਡ-ਵਾਰ ਮੁਹਿੰਮਾਂ ਚਲਾਈਆਂ ਜਾਣ ਤਾਂ ਜੋ ਇਨਾਂ ਖੇਤਰਾਂ ਵਿੱਚ ਟੀਕਾਕਰਨ ਨੂੰ ਤਰਜੀਹ ਦਿੱਤੀ ਜਾ ਸਕੇ। ਉਹਨਾਂ ਆਈਲੈਟਸ ਸੈਂਟਰਾਂ ਦੇ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਸਟਾਫ ਅਤੇ ਵਿਦਿਆਰਥੀਆਂ ਦਾ ਤੁਰੰਤ ਟੀਕਾਕਰਨ ਕਰਾਉਣ ਤਾਂ ਜੌ ਇਹ ਸੈਂਟਰ ਜਲਦ ਖੋਲ੍ਹੇ ਜਾ ਸਕਣ।
ਇਹ ਦੱਸਿਆ ਕਿ ਅਧਿਆਪਕ, ਨਾਨ-ਟੀਚਿੰਗ ਸਟਾਫ਼, ਕਿਸਾਨ, ਮਜ਼ਦੂਰ, ਵਕੀਲ, ਦੁਕਾਨਦਾਰ, ਸਨਅਤੀ ਕਾਮੇ, ਵਿਦਿਆਰਥੀ ਉਹ ਲੋਕ ਹਨ ਜੌ ਨਿੱਤ ਦਿਨ ਦੇ ਜੀਵਨ ਦੌਰਾਨ ਵੱਡੀ ਗਿਣਤੀ ਵਿੱਚ ਬਾਹਰਲੇ ਲੋਕਾਂ ਦੇ ਸੰਪਰਕ ਵਿੱਚ ਆਉਂਦੇ ਹਨ। ਇਸ ਲਈ ਜਰੂਰੀ ਹੈ ਕਿ ਉਕਤ ਵਿਅਕਤੀ ਆਪਣਾ ਟੀਕਾਕਰਨ ਪਹਿਲ ਦੇ ਆਧਾਰ ਉੱਤੇ ਕਰਵਾਉਣ। ਉਹਨਾਂ ਕਿਹਾ ਕਿ ਜਿੰਨੀ ਜਲਦੀ ਇਹ ਲੋਕ ਆਪਣਾ ਟੀਕਾਕਰਨ ਕਰਵਾਉਣਗੇ ਓਹਨੀ ਹੀ ਜਲਦੀ ਇਹਨਾਂ ਨਾਲ ਸਬੰਧਤ ਕਾਰੋਬਾਰੀ ਅਤੇ ਹੋਰ ਗਤੀਵਿਧੀਆਂ ਚਾਲੂ ਕੀਤੀਆਂ ਜਾ ਸਕਣਗੀਆਂ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਆਪਣਾ ਟੀਕਾਕਰਨ ਕਰਾਉਣ, ਜਿੰਨੀ ਜਲਦੀ ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਨ ਹੋਵੇਗਾ, ਓਹਨੀ ਜਲਦੀ ਜਨਤਕ ਥਾਵਾਂ, ਜਿਵੇਂ ਕਿ ਪਾਰਕਾਂ ਅਤੇ ਬਾਜ਼ਾਰ ਆਦਿ ਖੋਲ੍ਹੇ ਜਾ ਸਕਣਗੇ ਅਤੇ ਹੋਰ ਛੋਟਾਂ ਦਿੱਤੀਆਂ ਜਾ ਸਕਣਗੀਆਂ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਨੂੰ ਸਫ਼ਲ ਕਰਨ ਲਈ ਪੂਰਨ ਸਹਿਯੋਗ ਦਿੱਤਾ ਜਾਵੇ।