ਡੀ ਸੀ ਫਰੀਦਕੋਟ ਫੇਸਬੁੱਕ ਲਾਈਵ ਰਾਹੀਂ ਜ਼ਿਲ੍ਹਾ ਵਾਸੀਆਂ ਦੇ ਹੋਏ ਰੂਬਰੂ
ਪਰਵਿੰਦਰ ਸਿੰਘ ਕੰਧਾਰੀ
- ਕਰੋਨਾ ਤੋਂ ਬਚਾਅ ਲਈ ਟੈਸਟਿੰਗ, ਟੀਕਾਕਰਨ ਕਰਵਾਉਣ ਤੇ ਸਾਵਧਾਨੀਆਂ ਵਰਤਨ ਦੀ ਅਪੀਲ
ਫ਼ਰੀਦਕੋਟ 3 ਜੂਨ 2021 - ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਬੀਤੀ ਸ਼ਾਮ ਆਪਣੇ ਫੇਸਬੁੱਕ ਲਾਈਵ ਰਾਹੀਂ ਜਿਲਾ ਵਾਸੀਆਂ ਦੇ ਰੂਬਰੂ ਹੋ ਕੇ ਕਰੋਨਾ ਸਬੰਧੀ ਤਾਜ਼ਾ ਸਥਿਤੀ, ਇਸ ਤੋਂ ਬਚਾਅ ਆਦਿ ਸਮੇਤ ਹੋਰ ਮੁੱਦਿਆਂ ਬਾਰੇ ਗੱਲ ਕੀਤੀ।
ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਕਿਹਾ ÇÕ ਕਰੋਨਾ ਮਹਾਂਮਾਰੀ ਦੇ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਹੁਣ ਇਸ ਬਿਮਾਰੀ ਨੇ ਸ਼ਹਿਰਾਂ ਤੋਂ ਬਾਅਦ ਪਿੰਡਾਂ ਵਿੱਚ ਜ਼ਿਆਦਾ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਜਿਲ੍ਹੇ ਵਿੱਚ ਕਰੋਨਾ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ-2 ਤਹਿਤ ਕਰੋਨਾ ਮੁਕਤ ਪਿੰਡ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ ।ਜਿਸ ਤਹਿਤ ਫਰੀਦਕੋਟ ਜਿਲੇ ਵਿੱਚ ਆਸ਼ਾ ਵਰਕਰਾਂ ,ਸਿਹਤ ਵਿਭਾਗ ਵੱਲੋਂ ਪਿੰਡਾਂ ਵਿਚ ਘਰ-ਘਰ ਜਾ ਕੇ ਜਿਥੇ ਕਰੋਨਾ ਸਬੰਧੀ ਸਰਵੇਖਣ ਕੀਤਾ ਜਾ ਰਿਹਾ ਹੈ , ਉਥੇ ਹੀ ਜਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਕਰੋਨਾ ਮੁਕਤ ਪਿੰਡ ਅਭਿਆਨ ਤਹਿਤ ਕਰੋਨਾ ਤੋਂ ਬਚਾਅ, ਸਾਵਧਾਨੀਆਂ ਆਦਿ ਸਬੰਧੀ ਜਾਗਰੁਕ ਵੀ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਇਸ ਸਬੰਧ ਵਿੱਚ ਸਮੁੱਚੇ ਜਿਲ੍ਹੇ ਨੂੰ 27 ਸੈਕਟਰਾਂ ਵਿੱਚ ਵੰਡਿਆਂ ਗਿਆ ਹੈ ਅਤੇ ਜਿਲ੍ਹੇ ਦੇ ਸੈਕਟਰ ਅਫਸਰ ਕਮ ਡਿਊਟੀ ਮੈਜਿਸਟਰੇਟ ਵੀ ਸਰਵੇਖਣ ਵਿਚ ਟੀਮਾਂ ਦੀ ਮਦਦ ਕਰ ਰਹੇ ਹਨ। ਸੈਕਟਰ ਅਫਸਰਾਂ ਵਲੋਂ ਹਰੇਕ ਪਿੰਡ ਦਾ ਵੱਟਸਐਪ ਗਰੁੱਪ ਬਣਾ ਕੇ ਆਪਣੇ ਅਧੀਨ ਆਉਂਦੇ ਪਿੰਡਾਂ ਵਿਚ ਸਰਪੰਚਾਂ, ਨੰਬਰਦਾਰਾਂ, ਪੰਚਾਇਤ ਮੈਂਬਰਾਂ, ਯੂਥ ਕਲੱਬਾਂ ਦੇ ਨੁਮਾਇੰਦਿਆਂ, ਆਂਗਨਵਾੜੀ ਵਰਕਰਾਂ ਬੀ ਐੱਲ ਓ, ਪੰਚਾਇਤ ਸਕੱਤਰਾਂ, ਰਾਸ਼ਨ ਡਿਪੂ ਹੋਲਡਰਾਂ ਆਦਿ ਨੂੰ ਲੋੜ ਅਨੁਸਾਰ ਸ਼ਾਮਲ ਕੀਤਾ ਗਿਆ ਹੈ। ਉਨਾਂ ਕਿਹਾ ਕਿ ਜਿਲ੍ਹੇ ਵਿੱਚ ਇਹ ਸਰਵੇ 70 ਪ੍ਰਤੀਸ਼ਤ ਮੁਕੰਮਲ ਹੋ ਚੁੱਕਾ ਹੈ। ਉਨਾਂ ਕਿਹਾ ਕਿ ਕਰੋਨਾ ਮੁਕਤ ਪਿੰਡ ਅਭਿਆਨ ਤਹਿਤ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਸ਼ੇਸ਼ ਤੌਰ ਤੇ ਜਾਗਰੂਕ ਕੀਤਾ ਗਿਆ ਹੈ ਕਿ ਉਹ ਆਪਣੇ ਪਿੰਡਾਂ ਵਿੱਚ ਹਰੇਕ ਪਰਿਵਾਰ ਦੀ ਟੈਸਟਿੰਗ, ਟੀਕਾਕਰਣ ਲਾਜ਼ਮੀ ਕਰੇ ਤੇ ਇਕਾਂਤਵਾਸ ਹੋਏ ਲੋਕਾਂ ਦੇ ਇਲਾਜ, ਰਾਸ਼ਨ ਦੀ ਸਪਲਾਈ ਆਦਿ ਦਾ ਵੀ ਵਿਸ਼ੇਸ਼ ਖਿਆਲ ਰੱਖਣ ਤੇ ਲੋੜ ਪੈਣ ਤੇ ਜਿਲ੍ਹਾ ਪ੍ਰਸ਼ਾਸਨ, ਸਿਹਤ ਵਿਭਾਗ ਦਾ ਸਹਿਯੋਗ ਲੈਣ।
ਜ਼ਿਲ੍ਹੇ ਵਿੱਚ ਕਰੋਨਾ ਦੀ ਤਾਜਾ ਸਥਿਤੀ ਬਾਰੇ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਟੀਕਾਕਰਨ ਮੁਹਿੰਮ ਦੇ ਨਾਲ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਜਿਵੇਂ ਇਕ ਦੂਜੇ ਤੋਂ ਸਮਾਜਿਕ ਦੂਰੀ ਬਣਾ ਕੇ ਰੱਖਣਾ, ਮਾਸਕ ਪਾਉਣਾ ਅਤੇ ਸਾਫ਼-ਸਫ਼ਾਈ ਤੇ ਸਵੱਛਤਾ ਬਣਾ ਕੇ ਰੱਖਣਾ ਆਦਿ ਦੀ ਪੂਰੀ ਤਰ੍ਹਾਂ ਪਾਲਣਾ ਬਹੁਤ ਜ਼ਰੂਰੀ ਹੈ। ਇਸ ਲਈ ਸਾਵਧਾਨੀਆਂ ਵਰਤਣ ਵਿੱਚ ਢਿੱਲ ਨਾ ਕੀਤੀ ਜਾਵੇ, ਅਤੇ ਹਦਾਇਤਾਂ ਦੀ ਪਾਲਣਾ ਕਰਦਿਆਂ ਆਪਣੇ ਮੂੰਹ ਤੇ ਹਮੇਸ਼ਾ ਮਾਸਕ ਲਗਾ ਕੇ ਰੱਖੋਂ, ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਗੁਰੇਜ਼ ਕਰੋ। ਇਸ ਸਬੰਧੀ ਅਣਗਹਿਲੀ ਸਾਡੇ ਲਈ ਘਾਤਕ ਹੋ ਸਕਦੀ ਹੈ।
ਉਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਵਿਚ ਖੰਘ, ਜ਼ੁਕਾਮ ਬੁਖਾਰ ਆਦਿ ਦੇ ਲੱਛਣ ਦਿਸਣ ਤਾਂ ਤੁਰੰਤ ਇਸ ਦਾ ਨੇੜੇ ਦੇ ਫਲੂ ਕਾਰਨਰਾਂ ਵਿਖੇ ਸੈਂਪਲ ਦੇ ਕੇ ਟੈਸਟ ਕਰਵਾਉਣ ਤਾਂ ਜੋ ਇਸ ਬਿਮਾਰੀ ਦਾ ਸਮੇਂ ਸਿਰ ਪਤਾ ਲਗਾ ਕੇ ਇਸ ਦਾ ਖਾਤਮਾ ਕੀਤਾ ਜਾ ਸਕੇ। ਉਨਾਂ ਕਿਹਾ ਕਿ ਹੋਰ ਜ਼ਿਆਦਾ ਜਾਣਕਾਰੀ ਲਈ ਸਿਹਤ ਵਿਭਾਗ ਦੇ ਟੋਲ ਫਰੀ ਹੈਲਪ ਲਾਈਨ ਨੰ: 104 ਤੇ ਸੰਪਰਕ ਕੀਤਾ ਜਾ ਸਕਦਾ ਹੈ।